

ਬਾਹਰੋਂ ਨਾ ਲੱਭਯਾ ਸੀ ਧੁਰ ਤੋ ਸੀ ਨਾਲ ਆਯਾ ।
ਇਸਨੂੰ ਪਛਾਣਯਾਂ ਨਾਂ ਪਿੱਛਾ ਨ ਇਸਦਾ ਡਿੱਠਾ,
ਦੀਵਾ ਸੀ ਚਾਨਣਾ ਏ ਜਿਸ ਨੂੰ ਮੈਂ ਚਾ ਭਵਾਯਾ ।
ਚਾਨਣ ਪਿਆ ਅਗੇਰੇ ਪਿੱਛਾ ਗਿਆ ਸੀ ਲੁਕਦਾ,
ਅੱਗੇ ਦੇ ਰੰਗ ਸੋਹਣੇ ਦਿਲ ਦੇਖਕੇ ਲੁਭਾਯਾ।
ਰੰਗਾਂ ਦੇ ਵਿਚ ਰੰਗੀ ਜਾਤਾ ਨਾ ਹਨ ਏ ਭੰਗੀ,
ਉਡ ਜਾਣਗੇ ਏ ਸਾਰੇ ਜਦ ਕਾਲ ਨੇ ਹਲਾਯਾ ।
ਚੰਗੇ ਨਸੀਬ ਮੇਰੇ ਇਕ ਦੇਵ ਰਾਣੀ ਆਈ,
ਜਿਸਨੇ ਆ ਟੁੰਬਿਆ ਤੇ ਸੁੱਤਯਾਂ ਨੂੰ ਚਾ ਜਗਾਯਾ ।
ਬੋਲੀ:- 'ਹੇ ਗਾਫਲੇ ਤੂੰ ਸੁੱਤੀ ਪਈ ਹੈਂ ਹਾਏ।
ਤਾਰੇ ਲਟਕ ਗਏ ਹਨ, ਪਰਭਾਤ ਵੇਲਾ ਆਯਾ।
ਹੈ ਰਾਤ ਬੀਤ, ਚੱਲੀ ਸੁਤੀ ਹੈਂ ਕਿਸ ਭੁਲੇਵੇ,
ਚਿੱਟਾ ਚੜ੍ਹ ਦਿਹਾੜਾ ਉੱਘੜੇਗਾ ਸਭ ਕਮਾਯਾ ।
ਓਥੇ ਜੋ ਪਾਇਆ ਸੀ ਲੀਤਾ ਹੈ ਭੋਗ ਸਾਰਾ,
ਅਗਲੀ ਮਜ਼ਲ-ਮੁਸਾਫਰ !-ਜੋਗਾ ਹੈ ਕੀਹ ਬਨਾਯਾ ?
ਪਿਛਲੀ ਮਜ਼ਲ ਦਾ ਵੱਖਰ ਏਸੇ ਮੁਕਾਮ ਖਾਧਾ,
ਅਗਲੀ ਲਈ ਨਾਂ ਏਥੇ ਕੱਠਾ ਤੂੰ ਕੁਛ ਕਰਾਯਾ ।
ਪੈਂਡਾ ਹੈ ਗੋਰੀਏ ਨੀ ! ਧੁਰ ਦੇ ਅਸੀ ਮੁਸਾਫਰ,
ਲੱਖਾਂ ਮਜ਼ਲ ਤੋਂ ਆਏ, ਅਗੇ ਹੈ ਰਾਹ ਸਵਾਯਾ।
ਡੇਰਾ ਜਮਾ ਕੇ ਏਥੇ ਡੇਰਾ ਤੂੰ ਘੱਤ ਬੈਠੀ,
ਸਿਰ ਤੇ ਸਫ਼ਰ ਕਰਾਰਾ ਚੇਤੇ ਕਦੀ ਨਾ ਆਯਾ।
ਉਠ ਹੋਸ਼ ਕਰ ਸਿਆਣੀ, ਵਲਾ ਨਾ ਹੋਰ ਜਾਵੇ,
ਠਹਿਰੇ ਸਮਾਂ ਕਦੀ ਨਾਂ, ਮੁੜਕੇ ਕਦੀ ਨਾ ਆਯਾ।
ਅੱਭੜ ਪਈ ਮੈਂ ਜਾਗੀ ਤੱਕਾਂ ਤੇ ਆਖਾਂ : "ਮਾਈ,
ਸੁਤੀ ਨੂੰ ਹਈ ਜਗਾਯਾ, ਰਾਹ ਪਾ ਕੇ ਕਰਕੇ ਦਾਯਾ' ।