

ਜਦ ਕੇ ਓਹ ਚੋਜੀ ਪਯਾਰਾ, ਹੈ ਰੂਪ ਧਾਰ ਆਯਾ।
ਔਗੁਣ ਭਰੇ ਅਸੀ ਹਾਂ ਕਰਮੋ ਧਰਮ ਤੋਂ ਖਾਲੀ,
ਐਪਰ ਬਿਰਦ ਹੈ ਪਾਵਨ, ਪਤਤਾਂ ਨੂੰ ਜਿਨ ਜਗਾਯਾ ।
ਦਰਸ਼ਨ ਦੀ ਤਾਂਘ ਜਾਗੀ ਜਾਗੀ ਵਧੀ ਵਧੇਰੇ,
ਦਿਨ ਰਾਤ ਏਸ ਮੈਨੂੰ ਵਿਚ ਤਾਂਘ ਦੇ ਲਗਾਯਾ ।
ਆਵੋ ਹੋ ਤ੍ਰਾਣ ਕਰਤਾ । ਸ੍ਰਿਸਟੀ ਉਧਾਰ ਵਾਲੇ,
ਬੇੜਾ ਹੈ ਮੰਝ ਧਾਰੇ, ਘੁੰਮਣ ਵਿਖੇ ਏ ਆਯਾ।
ਦੀਦਾਰ ਸਤਗੁਰੂ ਜੀ! ਦੇਵੋ ਨਿਮਾਣਿਆਂ ਨੂੰ,
ਭੁਲੇ ਬਖਸ਼ ਮਿਲਾਵੋ ਸੁੱਤਯਾਂ ਨੂੰ ਲੜ ਹੈ ਲਾਯਾ ।
ਰਾਤਾਂ ਮੈਂ ਜਾਗਦੀ ਹਾਂ ਦਰਸ਼ਨ ਗੁਰੂ ਨੂੰ ਤਾਂਘਾਂ,
ਦਿਨ ਨੂੰ ਉਡੀਕਦੀ ਹਾਂ ਕੰਮ ਕਾਜ ਹੈ ਭੁਲਾਯਾ ।
ਲੱਗਦਾ ਨਾਂ ਰਾਜ ਚੰਗਾ ਦੌਲਤ ਨ ਭਾਉਂਦੀ ਹੈ,
ਧੌਲਰ ਉਜਾੜ ਹੋਏ, ਐਸਾ ਹੈ, ਜੀ ਉਠਾਯਾ ।
'ਇੱਕੋ ਦਰਸ ਦੀ ਲਿਵ ਹੈ ਦਿਲ ਘੇਰਕੇ ਏ ਬੈਠੀ,
ਲੂੰ ਲੂੰ ਵਿਖੇ ਹੈ ਲਿਵ ਨੇ ਡੇਰਾ ਹੁਣ ਆ ਜਮਾਯਾ ।
ਰੋਂਦੇ ਏ ਨੈਣ ਤ੍ਰਾਸੇ, ਕੰਬੇ ਹੈ ਨਾਲ ਹੀਆ,
ਡਾਵਾਂ ਹੈ ਡੋਲ ਹੋਈ ਸਿੱਕਾਂ ਨੇ ਹੈ ਸੁਕਾਯਾ ।
ਇੱਕ ਅਰਜ਼ ਏ ਹੈ ਬੰਦੀ ਕਰਦੀ ਗੁਰੂ ਪਯਾਰੇ,
ਇਕ ਵਾਰ ਦੇ ਦੀਦਾਰੇ, ਕਰ ਦੂਹ ਦੇ ਏ ਮਾਯਾ ।
ਇਕ ਵਾਰ ਸਿੱਕ ਏ ਹੈ ਮੁਖ ਧੂੜ ਨੂੰ ਲਗਾਵਾਂ,
ਹੰਕਾਰੀਆਂ ਏ ਸਿਰ ਹੈ ਸਫਲੇ ਏ ਚਰਨ ਲਾਯਾ ।
ਸੁੰਞੇ ਏ ਹੱਥ ਮੇਰੇ 'ਸੋਨਾ' 'ਹੁਕਮ' ਹੀ ਜਾਣਨ,
ਸੇਵਾ ਦਾ ਰਸ ਇਨ੍ਹਾਂ ਨੇ ਹਾਏ ਨਹੀ ਚਖਾਯਾ ।
ਖੋਟੇ ਏ ਪੈਰ ਮੇਰੇ ਵਿਚ ਹਾਕਮੀ ਤੁਰੇ ਹਨ,
ਸਤਸੰਗ ਦੁਆਰ ਟੁਰਕੇ ਇਹਨਾਂ ਨਾਂ ਸੁਖ ਪਾਯਾ ।