

ਤੱਕ ! ਵਾਹਗੁਰੂ ! ਇਹ ਤਾਂ ਕੁਛ ਹੋਰ ਤਰਾਂ ਦਾ ਲਹਰਾਉ ਹੈ । ਚਾਨਣੇ ਦੀ ਇਕ ਇਕ ਕਿਰਨ ਇਕ ਦਿੱਵ ਰੂਪ ਜੀਵਨ ਹੈ, ਸਦਕੇ ਇਸ ਚਾਨਣ ਦੇ । ਮੈਂ ਜਾਤਾ ਸੀ ਸੂਰਜ ਚੰਨ ਵਰਗਾ ਜਿੰਦ ਹੀਨ ਚਾਨਣਾ ਹੈ, ਪਰ ਏਸ ਚਾਨਣੇ ਦੀ ਤਾਂ ਇਕ ਰਿਸ਼ਮ ਇਸ ਦੀ ਨਿੱਕੀ ਤੋਂ ਨਿੱਕੀ ਲਾਸ ਦਿੱਵ ਸਰੂਪ ਜੀਵਨ ਹੈ। ਹੈਂ ! ਜਿੱਥੇ ਮੈਨੂੰ ਪਹਲਾਂ ਉਜਾੜ ਸੁੰਨ ਤੇ ਨਿਰਾ ਰਸ ਭਰਪੂਰ ਚਾਨਣ ਹੀ ਚਾਨਣ ਦਿੱਸਦਾ ਸੀ ਓਥੇ ਤਾਂ ਰਿਸ਼ਮ ਜੀਵਨ ਭਰਪੂਰ ਹੈ । ਹਰ ਰਿਸ਼ਮ ਵਿਚ ਤ੍ਰਿਖਾ ਤੇ ਪਯਾਰਾ ਚਾਨਣ ਹੈ, ਮਸਤ ਕਰਨ ਵਾਲੀ ਸੁਗੰਧੀ ਹੈ, ਮਗਨ ਕਰਨੇ ਵਾਲਾ ਨਾਦ ਹੈ, ਮਿੱਠਾ ਲੱਗਣ ਵਾਲਾ ਸੁਆਦ ਹੈ, ਜੱਫੀਆਂ ਪਾਣ ਵਰਗਾ ਰਸ ਹੈ । ਇਹ ਚਾਨਣ ਹੈ ?
ਵਾਹਗੁਰੂ ਜੀ ! ਤੱਕੋ ਤਾਂ ਸਹੀ, ਚਾਨਣ ਹੈ ਕਿ ਖਿੱਚ ਹੈ, ਕਿੱਦਾਂ ਧੰਹੂਦਾ ਹੈ, ਓਹੋ, ਓ! ਹੈਂ ਇਹ ਤਾਂ ਖਿੱਚੀ ਲਈ ਜਾਂਦਾ ਹੈ, ਖਿੱਚਦਾ ਹੈ, ਪਰ ਪੀੜ ਨਹੀਂ ਪਾਂਦਾ, ਖਿੱਚਦਾ ਹੈ ਕਿ ਦਬੇ ਖਜ਼ਾਨੇ ਪੁਟਣ ਵਾਂਗੂੰ ਆਨੰਦ ਦੇ ਨਾਪੇ ਪੱਟੀ ਜਾਂਦਾ ਹੈ। ਇਹ ਖਿੱਚ ਕੇਹੀ ਹੈ! ਕਿਸੇ ਬਾਹੋਂ ਨਹੀਂ ਫੜਿਆ ਹੋਇਆ, ਲੱਤੋ ਨਹੀਂ ਗ੍ਰਹਿਆ ਹੋਇਆ, ਕੋਈ ਰੱਸੇ ਪਾ ਕੇ ਨਹੀਂ ਧੁਕਿਆ ਹੋਇਆ, ਹੈਂ ਜੀਓ ! ਨਹੀਂ ! ਇਹ ਤਾਂ ਕੋਈ ਅੰਦਰ ਹੀ ਅੰਦਰ, ਡੂੰਘੇ ਹੀ ਡੂੰਘੇ, ਥੱਲੇ ਹੀ ਥੱਲੇ, ਹੇਠਾਂ ਹੀ ਹੇਠਾਂ, ਅੰਦਰ ਦੀਆਂ ਡੂੰਘਾਵਾਂ ਵਿਚ ਕੋਈ ਐਸੀ ਕੁੰਡੀ ਲਾਈ ਹੈ ਕਿ ਪ੍ਰਕੀਦੇ ਜਾਓ ਤੇ ਪਤਾ ਕੁਛ ਨਾਂ ਲੱਗੇ । ਵਾਹ ਚਾਨਣੇ ! ਤੇਰੀਆਂ ਅਦਭੁਤ ਰਿਸ਼ਮਾਂ ! ਤੱਕੋ ਤਾਂ ਸਹੀ, ਹੈ ਧੂਹ, ਪਰ ਪੀੜ ਨਹੀਂ, ਚਸਕ ਨਹੀਂ ਪੈਂਦੀ, ਟੋਟ ਨਹੀਂ ਵੱਜਦੀ, ਘਬਰਾ ਨਹੀਂ ਪੈਂਦਾ, ਸਗੋਂ ਅਨੰਦ ਹੈ, ਠੰਢ ਹੈ, ਸੀਤਲਤਾ ਹੈ, ਸ਼ਾਂਤੀ ਹੈ, ਟਿਕਾਉ ਹੈ, ਅਡੋਲਤਾ ਹੈ । ਨਹੀ ਜੀ ਚਸਕ ਤਾਂ ਪੈਂਦੀ ਹੈ ਘਾਉ ਬੀ ਪੈਂਦਾ ਹੈ, ਘਾਉ ਰਿਸਦਾ ਬੀ ਹੈ, ਪਰ ਆਨੰਦ ਠੰਢ ਤੇ ਸ਼ਾਂਤੀ ਏਸੇ ਵਿਚੋਂ ਨਿਕਲਦੀ ਹੈ । ਧੂਹ ਕਾਹਦੀ ਹੈ ਇਹ ਤਾਂ ਮਾਰੂ ਥਲੇ ਵਿਚ ਸੜੀ ਧਰਤੀ ਦੇ ਅੰਦਰ ਡੂੰਘ ਹੀ ਡੂੰਘ ਨੂੰ ਕੋਈ ਕਲਾ ਧਸੀ ਜਾਂਦੀ ਹੈ ਤੇ ਵੇਖੋ ਠੰਢੇ ਠੰਢੇ ਮਿੱਠੇ ਮਿੱਠੇ ਸ਼ਾਂਤੀ ਦਾਤੇ ਜਲ ਦਾ ਖੂਹ ਲਗਾ ਦੇਂਦੀ ਹੈ । ਏਹ ਧੂਹ ਕੇਹੀ ਹੈ ? ਓਹੋ, ਪ੍ਰੇਮ ਤਾਂ ਇਹ ਹੈ, ਪ੍ਰੇਮ ਹੈ ਕਿ ਚਾਨਣਾ । ਵਾਹ ਚਾਨਣ ਤੇਰੇ ਰੰਗ ! ਅਜੇ ਹੋਰ ਨੀਝ ਲਾ, ਤੱਕ ਏ ਚਾਨਣਾ ਹੈ ਕਿ ਕੀਹ ਹੈ ? ਦੇਖ ਕੀ ਹੈ ? ਹੈਂ 'ਹੁਕਮ'