੩. ਖੇੜਾ ਤੀਜਾ
(ਸੰ: ੪੩੩ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਅਜ ਕੀ ਹੈ ?
ਜੋ ਖਾਲਸਾ ਸਮਾਚਾਰ ਰੰਗਾਂ ਮੇਚੀ ਪੁਸ਼ਾਕ ਪਹਿਨੀ ਸਜ ਧਜ ਨਾਲ ਨਿਕਲ ਕੇ ਆਪ ਦੇ ਮਨਾਂ ਨੂੰ ਪ੍ਰਫੁਲਤ ਕਰ ਰਿਹਾ ਹੈ, ਪਯਾਰੇ ਪਾਠਕ! ਆਪ ਜਾਣਦੇ ਹੋ ਕਿਸ ਖੁਸ਼ੀ ਵਿਚ ? ਆਪ ਦੱਸੋ ਨਾਂ ਦੱਸੋ, ਪਰਚਾ ਆਪੇ ਬੋਲਕੇ ਦੱਸ ਦੇਵੇਗਾ ਜੋ ਇਹ ਖੁਸ਼ੀ ਪੰਥ ਰਖਯਕ, ਧਰਮ ਦੀਨ ਰਖਯਕ, ਦੀਨ ਦੁਨੀ ਦੇ ਮਾਲਕ, ਦੁਸ਼ਟ ਰਾਜ ਘਾਲਕ, ਅਨਾਥ ਪ੍ਰਤਿਪਾਲਕ, ਅਕਾਲ ਪੁਰਖ ਦੇ ਨਿਵਾਜੇ ਹੋਏ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਪਰ ਆਉਣ ਦੀ ਯਾਦਗਾਰੀ ਦਿਨ ਦੀ ਹੈ, ਜਿਨ੍ਹਾਂ ਨੇ ਸੰਸਾਰ ਪਰ ਆ ਕੇ ਅਮਨ ਫੈਲਾ ਦਿੱਤਾ, ਆਪਣੇ ਉਪਰ ਅਨੇਕਾਂ ਕਸ਼ਟ ਸਹਾਰ ਕੇ ਬੀ ਦੀਨ ਦੁਖੀਆਂ ਦਾ ਦੁਖ ਦੂਰ ਕੀਤਾ, ਅਪਨੇ ਪਯਾਰੇ ਪੁਤ੍ਰਾਂ ਦੇ ਧਰਮ ਹੇਤ ਕੁਰਬਾਨ ਹੁੰਦਿਆਂ ਵੀ ਮੱਥੇ ਤੀਉੜੀ ਨਹੀਂ ਪਾਈ, ਅਸਾਂ ਪਾਪੀ ਤੇ ਕ੍ਰਿਤਘਣਾਂ ਦੇ ਬੇਦਾਵੇ ਲਿਖ ਦੇਣ ਪਰ ਭੀ ਕ੍ਰਧਤ ਨਹੀਂ ਹੋਏ,
"ਟੂਟੀ ਗਾਢਨ ਹਾਰ ਗੋਪਾਲ''
ਅਰ ਸਾਨੂੰ ਅਪਨੀ ਪਵਿਤ੍ਰ ਸ਼ਰਨ ਵਿਚ ਲੈ ਕੇ ਦੀਨ ਦੁਨੀ ਦੇ ਸੁਖਾਂ ਦੇ ਭੰਡਾਰ ਸੌਂਪ ਦਿਤੇ ।