

ਪਰ ਹੁਣ ਓਹ ਸਮੇਂ ਦੀ ਚਾਦਰ ਹੇਠ ਗੁੰਮ ਹਨ। ਦੋ ਕੁ ਅਸਾਂ ਨੂੰ ਲੱਝੀਆਂ ਹਨ ਜੋ ਅਮੋਲਕ ਹੋਣ ਕਰਕੇ ਗੁਰਪੁਰਬ ਦੀ ਦੁਰਲੱਭ ਸੁਗਾਤ ਜਾਣ ਕੇ ਪਾਠਕਾਂ ਦੇ ਅਹਲਾਦ ਲਈ ਪ੍ਰਗਟ ਕਰਦੇ ਹਾਂ:-
(੧) ਕਾਫੀ, ਦੇਵ ਗੰਧਾਰੀ-
ਸਤਗੁਰ ਮੈਂਡੀ ਕਿਉਂ ਨਹੀਂ ਲੈਂਦਾ ਸਾਰ । ਮੈਂ ਤੋਂ ਬਾਝ ਇਵੇਂ ਕੁਰਲਾਵਾਂ ਜਿਉਂ ਕੂੰਜ ਵਿਛੁੰਨੜੀ ਤਾਰ । ਜੇ ਅਸੀ ਭੁਲੇ ਚੁਕੇ ਸਤਗੁਰ ਤੇਰਾ ਨਾਉਂ ਸਤਾਰ । ਜੈ ਸਿੰਘ ਦੀ ਸੁਣ ਕੂਕ ਪਯਾਰਿਆ ਦੇਹੁ ਕਦੀ ਦੀਦਾਰ।
(੨) ਕਾਫੀ, ਦੇਵ ਗੰਧਾਰੀ-
ਸਾਹਿਬਾ ! ਅਸੀ ਡਿੱਠੇ ਬਾਝ ਨ ਰਹਿੰਦੇ ਵੋ । ਸਿਕਣ ਸੂਲ ਤੇ ਦਰਦ ਵਿਛੋੜਾ ਅਸੀ ਤਉ ਬਿਨ ਕਹੀ ਨ ਕੰਹਦੇ ਵੋ ਰਾਤੀ ਦਿਹੇ ਸਾਨੂੰ ਧਿਆਨ ਤੁਸਾਡਾ ਅਸੀ ਕਰ ਆਰਾਮ ਨਾਂ ਬਹਿੰਦੇ ਵੋ । ਜੈ ਸਿੰਘ ਦੀ ਸੁਣ ਅਰਜ਼ ਪਿਆਰਿਆ ਅਸੀਂ ਪ੍ਰੇਮ ਨਦੀ ਨਿਤ ਵਹਿੰਦੇ ਵੋ।
੩. ਪ੍ਰਸੰਗ ਫਤਹ ਚੰਦ ਤੇ ਰਾਣੀ!
ਸ੍ਰੀ ਕਲਗੀ ਧਰ ਜੀ ਦੇ ਬਾਲ ਚੋਜ ਐਸੇ ਹੀ ਸ਼ਕਤੀ ਪ੍ਰੇਮ ਤੇ ਉਪਕਾਰ ਭਰੇ ਹਨ ਜੈਸੇ ਕਿ ਵਡੀ ਅਵਸਥਾ ਦੇ ਕੌਤਕ ਹਨ, ਪਟਨੇ ਵਿਚ ਆਪ ਦੇ ਰੰਗ ਦੇਖ ਕੇ ਰਾਜਾ ਫਤਹ ਚੰਦ ਤੇ ਉਸਦੀ ਰਾਣੀ ਆਪਦੇ ਚਰਨਾਂ ਕਮਲਾਂ ਦੇ ਅਤ ਪ੍ਰੇਮੀ ਹੋ ਗਏ ਸੇ । ਜਦੋਂ ਸ੍ਰੀ ਗੁਰੂ ਜੀ ਨੇ ਪਟਨੇ ਤੋਂ ਅਨੰਦ ਪੁਰ ਤਯਾਰੀ ਕੀਤੀ ਤਦ ਇਨ੍ਹਾਂ ਨੂੰ ਅਤਿ ਵਿਯੋਗ ਹੋਯਾ । ਇਹ ਜੋ ਦਿਨ ਰਾਤ ਸੇਵਾ ਵਿਚ ਰਹਿੰਦੇ, ਅਠ ਪਹਰ ਟਹਲ ਕਰਦੇ ਚੌਜਾਂ ਨੂੰ ਤੱਕਦੇ ਸੇ, ਇਕ ਛਿਨ ਵਿਛੜਨਾ ਦੁਰਘਟ ਜਾਣਦੇ ਸੇ । ਇਸ ਨਿੱਕੀ ਅਵਸਥਾ ਵਿਚ ਦੁਹਾਂ ਨੂੰ ਸਿਮ੍ਰਨ ਦਾਨ ਹੋਣਾ, ਪ੍ਰੇਮ ਦੀ ਜਗਦੀ ਚੰਗਯਾਰੀ ਦਾ ਅੰਦਰ ਵੱਸਣਾ ਕੋਈ ਘੱਟ ਦਾਤ ਤੇ ਕਰਾਮਾਤ ਨਹੀਂ ਸੀ।।