

ਦੁਹਾਂ ਦੀ ਆਤਮਾਂ ਚੁੰਬਕ ਵਾਂਙ ਸ੍ਰੀ ਗੁਰੂ ਜੀ ਦੇ ਧਯਾਨ ਆਸ਼੍ਰਿਤ ਹੋ ਚੁਕੀ ਸੀ, ਜਦੋਂ ਸ੍ਰੀ ਮਹਾਰਾਜ ਜੀ ਪਟਨੇ ਤੋਂ ਟੁਰੇ ਸਨ ਤਾਂ ਸਾਰੀ ਸੰਗਤ ਬਿਹਬਲ ਹੋ ਗਈ। ਪਰ ਸਭ ਤੋਂ ਵਧੀਕ ਇਨ੍ਹਾਂ ਦੀ ਗਤੀ ਹੋ ਗਈ, ਜੋ ਹੇਠ ਲਿਖੇ ਗੀਤ ਵਿਚ ਹੈ:-
ਲੜ ਨਾ ਛੁਡਾ ਸਿਧਾਵੋ, ਸਾਡੇ ਸਿਰਾਂ ਦੇ ਸਾਈ,
ਚਰਨਾਂ ਤੋਂ ਨਾਂ ਵਿਛੋੜੇ ਡੂੰਘੀ ਹੈ ਪ੍ਰੀਤ ਪਾਈ।
ਭੌਰੇ ਬਨਾ ਕੇ ਸਾਨੂੰ ਮੁਖ ਕਿਉਂ ਲੁਕਾਉਂਦੇ ਹੋ,
ਨੇਹੂੰ ਲਾਕੇ ਹਾਇ ਪ੍ਰੀਤਮ ! ਛਿਪਦੇ ਹੋ ਹੁਣ ਕਿਦਾਈਂ ?
ਡੇਰਾ ਲਗਾ ਕੇ ਅੰਦਰ ਮੰਦਰ ਬਨਾ ਕੇ ਦਿਲ ਨੂੰ,
ਸੁੰਞੇ ਏ ਛੱਡ ਕੇ ਤੇ ਜਾਂਦੇ ਹੋ ਕਿਉਂ ਗੁਸਾਈਂ ?
ਬਣ ਜਿੰਦ ਦੀ ਏ ਜਿੰਦੇ ਹੁਣ ਜਾਂਵਦੇ ਨਹੀਂ ਹੋ,
ਜਿੰਦ ਕੱਢ ਲੈ ਚਲੇ ਹੋ ਨਿਰਜਿੰਦ ਛੱਡ, ਸਾਈ ।
ਤਨ ਜਿੰਦ ਬਿਨ ਨਾ ਜੀਵੇ, ਜਿੰਦ ਆਪ ਬਿਨ ਨਾ ਰੰਹਦੀ,
ਵਿਛੜਨ ਜੋ ਆਪਦਾ ਹੈ ਦੁਹਰੀ ਹੈ ਮੌਤ ਆਈ।
ਹੋਏ ਜੇ ਆਪ 'ਜੋਗੇ' ਹੋਏ ਹੁਣ 'ਆਪਦੇ ਹਾਂ',
ਅਪਨੇ ਨੂੰ ਹਾਇ ਪ੍ਰੀਤਮ ! ਸੱਟੋ ਨ ਵਿਚ ਜੁਦਾਈ ।
ਤੇਰੇ ਹਾਂ ਹਾਇ ਤੇਰੇ ਤੇਰੇ ਸਦਾ ਦੇ ਤੇਰੇ,
ਸਾਡੀ ਏ 'ਮੇਰ ਮੈਂ ਦੀ' ਆਪੇ ਖਰੀਦ ਪਾਈ।
ਅਪਨੀ ਨਾ ਰਾਸ ਸਾਡੇ ਪੱਲੇ ਰਹੀ ਹੈ ਕੋਈ,
ਦਿੱਤੀ ਜੁ ਦਾਤ ਤੂੰ ਹੈ ਉਸਨੂੰ ਨਾ ਹੁਣ ਲੁਕਾਈ ।
ਜਾਵੋ ਨ ਹਾਇ ਜਾਵੋ, ਵੱਸੋ ਸਦਾ ਏ ਨੈਣਾਂ
ਦਿੱਸੋ ਸਦਾ, ਦਿਖਾਵੋ ਦਰਸ਼ਨ ਸਦਾ ਦਿਖਾਈ ।
ਔਗਣ ਜੇ ਤੱਕ ਰੁੱਠੇ, ਐਬਾਂ ਤੋਂ ਜੇ ਚਲੇ ਹੋ,
ਤੁਠੇ ਜਦੋ ਸੇ ਪਯਾਰੇ: ਔਗੁਣ ਸੇ ਤਦ ਸਵਾਈ।