

ਏਹ ਅਦੁਤੀ ਹਨ ਅਰ ਸਭ ਤੋਂ ਉੱਚੇ ਹਨ, ਇਨ੍ਹਾਂ ਦੀ ਕੀਮਤ ਦਾ ਹੋਰ ਕੋਈ ਬ੍ਰਹਮ ਵੇਤਾ ਅਰ ਮੁਰਸ਼ਿਦ ਨਹੀਂ ਹੈ । ਯਥਾ: –
ਦੀਨ ਦੁਨੀਆਂ ਦਰ ਕਮੰਦੇ ਆਂ ਪਰੀ ਰੁਖਸਾਰਿ ਮਾ । ਹਰ ਦੋਆਲਮ ਕੀਮਤੇ ਯਕ ਤਾਰ ਮੂਏ ਯਾਰਿ ਮਾ ।
ਦੀਨ ਤੇ ਦੁਨੀਆਂ ਦੋਵੇਂ ਮੇਰੇ ਸੁੰਦਰ ਪ੍ਰੀਤਮ (ਸਤਗੁਰ ਗੋਬਿੰਦ ਸਿੰਘ ) ਜੀਦੇ ਚਰਨਾਂ ਵਿਚ ਹਨ, ਮੇਰੇ ਸਤਗੁਰ ਦੇ ਇਕ ਰੋਮ ਦੀ ਕੀਮਤ ਦੋ ਜਹਾਨ ਨਹੀ ਤੁਲ ਸਕਦੇ ।
ਫਿਰ ਆਖਦੇ ਹਨ ਕਿ ਪਰਮੇਸ਼ਰ ਪ੍ਰਾਪਤੀ ਲਈ ਉਪਦੇਸ਼, ਸਿਖਯਾ, ਸਾਧਨ ਆਦ ਪਿੱਟਨਿਆਂ ਨਾਲ ਸਿਰੇ ਚਾੜ੍ਹਣ ਦੀ ਏਸ ਮੁਰਸ਼ਿਦ ਨੂੰ ਹੋਰਨਾਂ ਵਾਂਗੂੰ ਲੋੜ ਨਹੀਂ ਹੈ, ਏਹ ਅਦੁਤੀ ਮੁਰਸ਼ਿਦ ਹੈ । ਏਥੇ ਤਾਂ :-
ਆਈਨਏ ਖ਼ੁਦਾਇਨੁਮਾ ਹਸਤ ਰੂਏ ਤੋ ।
ਦੀਦਾਰ ਹਕ ਜ਼ਿ ਆਇਨਹੇ ਰੂਏ ਤੋ ਮੇ ਕੁਨੰਦ।
ਹੇ ਕਲਗੀਆਂ ਵਾਲੇ ! ਤੇਰਾ ਚੇਹਰਾ ਰੱਬ ਨੂੰ ਪਰਤੱਖ ਪਰਗਟ ਕਰਨੇ ਵਾਲਾ ਹੈ, ਹਾਂ ਤੇਰੇ ਚੇਹਰੇ ਦੇ ਸ਼ੀਸ਼ੇ ਤੋਂ (ਆਰਫ ਲੋਕ) ਰੱਬ ਦਾ ਦਰਸ਼ਨ(ਸੁਤੇ ਸਿੱਧ) ਪ੍ਰਾਪਤ ਕਰਦੇ ਹਨ। ਚੇਹਰਾ ਹੀ ਖੁਦਾ ਦਿਖਾਵਣ ਵਾਲਾ ਹੈ ।
ਅਪਣੇ ਗੁਰੂ ਨੂੰ 'ਸ਼ਾਹ' ਕਹਕੇ ਸੱਦਦੇ ਹਨ ਜਿਸਤੋਂ ਭਾਵ ਹੈ ਕਿ ਹੋਰ ਸਭ ਪੀਰ ਮੁਰਸ਼ਦ ਉਸਦੀ ਰਈਅਤ ਹਨ: -
ਮਾ ਬਪਾਏ ਸ਼ਾਹ ਸਰ ਅਫਗੰਦਹ ਏਮ।
ਅਜ਼ ਦੁਆਲਮ ਦਸਤ ਰਾ ਅਫ਼ਸ਼ਾਂਦਹ ਏਮ।
ਅਸਾਂ 'ਸ਼ਾਹ' (ਗੁਰੂ) ਦੇ ਚਰਨੀ ਸੀਸ ਨਿਵਾਯਾ ਹੈ । (ਤਦ ਤੋਂ ) ਦੋ ਜਹਾਨਾਂ ਤੋਂ ਹੱਥ ਧੋਇਆ ਹੈ।