

ਏਹ ਹੈ : -
ਮੰਜ਼ਲ ਯਾਰ ਪਿਆਰੇ ਅੰਦਰ
ਸੁਖ ਅਰਾਮ ਨਾਂ ਕਾਈ,
ਇਸ ਘੜਿਆਲ ਤਿਆਰੀ ਵਾਲੇ
ਹਰ ਦਮ ਟਨ ਟਨ ਲਾਈ।
ਭਾਈ ਜੀ ਓਹਨਾਂ ਦੇ ਹੀ ਲਫਜ਼ਾਂ ਵਿਚ ਅਰ ਉਸੇ ਤਰਾਂ ਦੀ ਗਜ਼ਲ ਵਿਚ ਦਸਦੇ ਹਨ ਕਿ ਮੇਰੇ ਸਤਗੁਰ ਦਾ ਰਸਤਾ ਬੜਾ ਸੌਖਾ ਹੈ :-
ਮਰਾ ਦਰ ਮੰਜ਼ਲੇ ਜਾਨਾਂ ਹਮਹ ਐਸ਼ੋ ਹਮਹ ਸ਼ਾਦੀ।
ਜਰਸ ਬੇਹੂਦਹ ਮੇ ਨਾਲਦ ਕੁਜਾ ਬੰਦੇਮ ਮਹਮਿਲ ਹਾ।
ਅਰਥਾਤ ‘ਮੰਜ਼ਲ ਯਾਰ ਪਯਾਰੇ ਅੰਦਰ ਖੁਸ਼ੀਆਂ ਤੇ ਸ਼ਦਿਆਨੇ ਹਨ। ਕਿਉਂ ਪਿੱਟਨ ਘੜਿਆਲ ? ਅਸਾਡੇ ਪ੍ਰੀਤਮ ਗੋਦ ਟਿਕਾਨੇ ਹਨ।''
ਭਾਵ ਇਹ ਕਿ ਗੁਰੂ ਜੀ ਦਾ ਮਾਰਗ ਭਾਈ ਜੀ ਨੇ ਐਸਾ ਡਿੱਠਾ ਕਿ ਸੂਫੀਆਂ ਅਰ ਹੋਰਨਾਂ ਦੇ ਰਸਤੇ ਨਾਲੋਂ ਜਿਨ੍ਹਾਂ ਦੇ ਓਹ ਪਚਾਸ ਬਰਸ ਦੇ ਅਰਸੇ ਵਿਚ ਵਾਕਫ ਹੋ ਚੁਕੇ ਸੇ ਸੌਖਾ ਪਾਯਾ ॥
੮. ਗੁਰੂ ਜੀ ਦਾ ਰਸਤਾ-ਦਸਦੇ ਹਨ: -
ਰਹ ਰਸਾਨੇ ਰਾਹਿ ਹਕ ਆਮਾਦ ਅਦਬ ।
ਹਮ ਬਦਿਲ ਯਾਦੇ ਖੁਦਾ ਓ ਹਮ ਬਲਬ ।
ਰੱਬ ਦੇ ਰਸਤੇ ਪੁਚਾਣੇ ਵਾਲੇ ਦਾ ਅਦਬ, ਦਿਲ ਵਿਚ ਰੱਬ ਦੀ ਯਾਦ ਤੇ ਜੀਭ ਪਰ ਸਿਮਰਨ, ਏਹ ਕਲਗੀਆਂ ਵਾਲੇ ਦਾ ਸਤ ਮਾਰਗ ਹੈ। ਅੱਜਕੱਲ ਕਈ ਲੋਕ ਨਿਰੇ ਅੰਤਰ ਮੁਖ ਜਾਪਾਂ ਨਾਲ ਸ਼ੁਦਾਈ ਹੋਏ ਫਿਰਦੇ ਦੇਖੇ ਹਨ, ਕਿਉਂਕਿ ਓਹ ਜੀਭ ਦਾ ਸਿਮਰਨ ਛੋੜ ਦੇਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ : -