ਪਯਾਰੇ ਪਾਠਕ ਸਾਨੂੰ ਸੱਚੇ ਗੁਰੂ ਦੀਆਂ ਅਮਿੱਤ ਦਯਾਲਗੀਆਂ ਪਰ ਧੰਨਵਾਦ ਤੇ ਖੁਸ਼ੀ ਨਹੀਂ ਕਰਨੀ ਚਾਹੀਦੀ ? ਕਿਉਂ ਨਹੀਂ, ਜੋ ਕਰੀਏ ਸੋ ਥੋੜਾ ਹੈ। ਉਸ ਟੁਟੀ ਗੰਢਣ ਵਾਲੇ ਦੀ ਯਾਦਗਾਰ ਵਿਚ ਲੜੇ ਭਰਾਵਾਂ ਦੀ ਸੁਲਹ ਕਰਾਈਏ, ਟੋਟੇ ਹੋਈਆਂ ਸਭਾ ਦੀ ਸਿਰ ਜੋੜੀ ਕਰਾਈਏ, ਧੜੇ ਬਾਜੀਆਂ ਦੇ ਧੜਿਆਂ ਨੂੰ ਤੋੜਕੇ ਇੱਕ ਰੂਪ ਬਣਾਈਏ, ਵਿਗੜੀ ਨੂੰ ਸੁਆਰੀਏ, ਅਪਨੇ ਨਾਲ ਵਿਗੜਿਆਂ ਤੋਂ ਖਿਮਾਂ ਮੰਗੀਏ, ਖਿਮਾਂ ਮੰਗਨ ਵਾਲਿਆਂ ਨੂੰ ਗਲ ਨਾਲ ਲਾਈਏ, ਅਪਨੇ ਮਨ ਯਾ ਸਰੀਰ ਦੇ ਪ੍ਰਬਲ ਵਿਕਾਰਾਂ ਦੇ ਤਯਾਗਣ ਦਾ ਪ੍ਰਣ ਕਰੀਏ, ਅੰਮ੍ਰਿਤ ਛਕੀਏ ਛਕਾਈਏ, ਪਾਠ ਭੋਗ, ਰਤਜਾਗੇ, ਜੋੜ ਮੇਲ, ਦੀਪਮਾਲਾ ਆਦਿ ਉਤਸ਼ਾਹ ਕਰੀਏ, ਨੌਕਰਾਂ ਨੂੰ ਇਨਾਮ ਤੇ ਮ੍ਰਿਤਾਂ ਨੂੰ ਤੋਹਫੇ ਦੇਈਏ, ਦੀਨਾਂ ਦੁਖੀਆਂ ਦੀ ਸਹਾਇਤਾ ਕਰੀਏ, ਧਰਮ ਕਾਰਜਾਂ ਵਿਚ ਗੱਫੇ ਭੇਜੀਏ, ਗੁਰ ਮਹਿੰਮਾ ਤੇ ਧਰਮ ਪ੍ਰਚਾਰ ਦੇ ਗੁਟਕੇ ਵੰਡੀਏ, ਅਰ ਤਨ ਮਨ ਧਨ ਨਾਲ ਪੰਥ ਦੇ ਵਾਧੇ ਦੇ ਸਾਧਨ ਸਾਧੀਏ, ਕਿਉਂਕਿ ਇਸ ਨਾਲੋਂ ਵਧ ਕੇ ਖੁਸ਼ੀ ਦਾ ਦਿਨ ਸਾਡੇ ਵਾਸਤੇ ਹੋਰ ਕੇਹੜਾ ਹੈ ?
ਏਹ ਪਵਿਤ੍ਰ ਦਿਨ ਮੰਗਲਵਾਰ ੬ ਜਨਵਰੀ ਨੂੰ ਹੈ । ਆਸ਼ਾ ਹੈ ਕਿ ਇਸ ਦਿਨ ਜਗਾ ਜਗਾ ਪਿਛਲੇ ਬਰਸਾਂ ਨਾਲੋਂ ਬਹੁਤ ਵਧਕੇ ਆਨੰਦ ਤੇ ਉਤਸ਼ਾਹ ਮਨਾਏ ਜਾਣਗੇ ਧਰਮ ਦਾ ਪ੍ਰਚਾਰ ਹੋਵੇਗਾ। ਆਪ ਨੂੰ ਚਾਹੀਏ ਕਿ ਗੁਰੂ ਕੇ ਉਪਕਾਰਾਂ ਨੂੰ ਯਾਦ ਕਰਦੇ ਹੋਏ ਤਨ ਮਨ ਧਨ ਨਾਲ ਖੁਸ਼ੀ ਮਨਾਓ ਤੇ ਗੁਰੂ ਕੀ ਬਖਸ਼ੀ ਦੇਗ ਵਿਚੋਂ ਯਥਾ ਸਕਤ ਲੋੜ ਵੰਦਾਂ ਨਾਲ ਵੰਡ ਛਕੋ।
ਧਯਾਨ ਰੱਖਣਾਂ ਕਿਤੇ ਇਸ ਖੁਸ਼ੀ ਵਿਚ ਤਮਾਸ਼ਾ ਅਰ ਅਪਵਿੱਤ੍ਰ ਧਨ ਰਲਾ ਕੇ ਇਕ ਲੁਚ ਪੁਣੇ ਦਾ ਮੇਲਾ ਨਾਂ ਬਣਾ ਲੈਣਾਂ, ਗੁਰਪੁਰਬ ਸਦਾ ਪਵਿਤ੍ਰ ਅਰ ਅਦਬ ਵਾਲੇ ਹੋਣੇ ਚਾਹੀਏ।
੨. ਪ੍ਰੇਮ ਸੰਦੇਸਾ
ਧਾਰਨਾ-ਜੇ ਤੁਸਾਂ ਆਂਦੀਆਂ ਪਿੱਤਲ ਪ੍ਰਾਤਾਂ,
ਅਗੇ ਤਾਂ ਸਾਡੀਆਂ ਉਚੀਆਂ ਜਾਤਾਂ,
ਜਾਤ ਵਟਾਉਣੀ ਪਈ।
ਕੌਣ ਵੇਲੇ ਦੀ ਤੱਕ ਵਿਚ ਖਲੀਆਂ,
ਖਲੀ ਨੂੰ ਪੈ ਗਈਆਂ ਖਲੀਆਂ,
ਰਾਹ ਤਕਦਿਆਂ ਅੱਖਾਂ ਨ ਹਲੀਆਂ।
ਟੋਕ
ਕਲਗੀਆਂ ਵਾਲੇ ਨੂੰ ਕਹੀਂ ਨੀ ਮਾਏ,
ਕਲਗੀਆਂ ਵਾਲੇ ਨੂੰ ਕਹੀਂ,
ਫੇਰਾ ਤਾਂ ਪਾਵਣਾ ਸਹੀ, ਨੀ ਮਾਏ,
ਕਦੀ ਤਾਂ ਆਂਵਣਾ ਸਹੀ।
ਤੱਕਾਂ ਤਕਦਿਆਂ ਏਹ ਦਿਨ ਆਏ.
ਸੁਖਾਂ ਸੁਖਾਂਦਿਆਂ ਵਰਹੇ ਬਿਤਾਏ,
ਸਿੱਕ ਸਕਦਿਆਂ ਜੁਗ ਬਿਲਾਏ,
ਸਤਿਗੁਰ ਆਇਆ ਨਹੀਂ ।੧। ਕਲਗੀ :
ਰਾਤਾਂ ਤਾਂ ਬੀਤਣ ਤਾਰੇ ਗਿਣਦਿਆਂ,
ਸੂਰਜ ਚੜ੍ਹਦਾ ਬੰਨੇ ਫਰੇਂਦਿਆਂ,
ਦੇਹੁੰ ਤਾਂ ਬੀਤਦਾ ਸਾਹ ਭਰੇਂਦਿਆਂ,
ਸੰਝ ਪਿਆਂ ਸੁਖ ਨਹੀਂ ।੨। ਕਲਗੀ:
ਕੱਖ ਹਿੱਲੇ ਮੈਂ ਤੱਬਕ ਉਠੇਂਦੀ,
ਚਾਰ ਚੁਫੇਰੇ ਉੱਠ ਤਕੇਂਦੀ,
ਤਕ ਤਕ ਸਾਰੇ ਨੈਣ ਭਰੇਂਦੀ,
ਨੈਣ ਭਰੇ ਬੈਹ ਗਈ ।੩। ਕਲਗੀ:
ਢੂੰਢ ਫਿਰੀ ਮੈਂ ਸ਼ੈਹਰ ਗਿਰਾਈ,
ਜੰਗਲ ਬੇਲੇ ਔਝੜੀ ਬਾਈ,
ਨਦੀ ਕਿਨਾਰੇ ਸ਼ਹੁ ਦਰਿਆਈ,
ਸਾਰ ਨ ਕਿਧਰੋ ਪਈ ।੪। ਕਲਗੀ:
ਪਰਬਤ ਉੱਚੜੇ ਦੇਖ ਮੈਂ ਹਾਰੀ,
ਕੁਖਾਂ ਤੇ ਕੰਦਰਾਂ ਡੂੰਘੀਆਂ ਗਾਰੀ,
ਸਾਗਰ ਸਮੁੰਦ੍ਰਾ ਪਾਰ ਉਰਾਰੀ,
ਢੂੰਡ ਨਿਰਾਸੀ ਰਹੀ ।੫। ਕਲਗੀ:
ਵੇਲੇ ਕਵੇਲੜੇ ਢੂੰਡਿਆ ਸਾਰੇ,
ਦਿਨੀ ਦੁਪਹਰੀ ਸੰਝ ਮਝਾਰੇ,
ਕਾਲੀਆਂ ਰਾਤਾਂ ਤੜਕੇ ਸਾਰੇ,
ਢੂੰਡਦੀ ਢੂੰਡਦੀ ਰਹੀ ।੬। ਕਲਗੀ
ਅੱਮਾਂ ਤ ਹਟਕੇ ਬਹੁਤ ਪਿਆਰੀ,
ਹੋਸ਼ ਕਰੀਂ ਕਹੇ ਧੀਏ ਵਾਰੀ!
ਕਲਗੀਆਂ ਵਾਲੇ ਦੀ ਪ੍ਰੀਤ ਵਿਸਾਰੀ,
ਦੁਨਯਾਂ ਨੂੰ ਘੁਟਕੇ ਫਹੀਂ ।੭। ਕਲਗੀ:
ਪੰਜ ਭਰਾ ਮੁਹਿ ਨਿੱਤ ਸਮਝਾਵਨ,
ਯਤਨ ਕਰੇਂਦੇ ਚਿਤ ਪਰਚਾਵਨ,
ਜਿਵੇਂ ਜਿਵੇਂ (ਮੈਨੂੰ) ਤੁਧੋਂ ਭੁਲਾਵਨ,
ਹਾਇ ! ਮੈਂ ਭੁਲਦੀ ਨਹੀਂ ।੮। ਕਲਗੀ:
ਮੈਨੂੰ ਨ ਭਾਂਵਦੇ ਵੀਰ ਪਿਆਰੇ,
ਅੱਮਾਂ ਸਣੇ ਸਾਕ ਸੈਣ ਜੋ ਸਾਰੇ,
ਦੁਨੀ ਦੇ ਰੰਗ ਸਭ ਭਾਸਦੇ ਖਾਰੇ,
ਪ੍ਰੀਤ ਤੇਰੀ ਰਚ ਰਹੀ ।੯। ਕਲਗੀ:
ਪ੍ਰੇਮ ਤੇਰੇ ਚਿਤ ਡੇਰਾ ਜਮਾਇਆ,
ਲੂੰ ਲੂੰ ਵਿਖੇ ਤੇਰਾ ਪ੍ਰੇਮ ਸਮਾਇਆ,
ਚਾਰ ਚੁਫੇਰੇ ਪ੍ਰੇਮ ਹੈ ਛਾਇਆ.
ਪ੍ਰੇਮ ਬਿਨਾਂ ਕੁਛ ਨਹੀਂ । ੧੦ । ਕਲਗੀ:
ਪ੍ਰੇਮ ਦੀ ਅੱਗ ਚਿੱਤ ਬਲੇ ਕਰਾਰੀ,
ਬਾਲੇ ਤੇ ਸਾੜੇ ਫੇਰ ਲਗੇ ਪਿਆਰੀ,
ਦਰਸ਼ਨ ਦੀ ਸਿੱਕ ਨਾਲ ਮੱਲ੍ਹਦੀ ਭਾਰੀ.
ਤਰਸ ਤਰਸ ਨਿਤ ਰਹੀ ।੧੧1 ਕਲਗੀ:
ਕਦੀ ਤਾਂ ਲਾਲ ਆ ਮਿਲੋ ਪਿਆਰੇ,
ਦਰਸ ਵਿਟਹੁ ਚਉਖੰਨੀਆਂ ਵਾਰੇ,
ਘੋਲ ਘੁਮਾਈ ਸਦੱਕੜੀ ਸਾਰੇ,
ਕਦੀ ਤਾਂ 'ਆਵਣਾ ਸਹੀ ।੧੨। ਕਲਗੀ:
ਅੰਗਣ ਹਾਰੀ ਭਾਰੀ ਮੈਂ ਸਾਈਆਂ,
ਔਗਣੀ ਪਲੀਆਂ, ਔਗਣੀ ਜਾਈਆਂ,
ਅੱਗਣ ਭਰੀ ਤੇਰੇ ਦੁਆਰੇ ਤੇ ਆਈਆਂ.
ਪਿਆਰਿਆਂ "ਨਾਂਹ" ਨ ਕਹੀਂ ।੧੩। ਕਲਗੀ:
ਅੰਗਣ ਨ ਤੱਕੀ ਅਪਣਾ ਬਿਰਦ ਸੰਮਾਲੀ,
ਮੋੜ ਨ ਦੇਈ ਮੈਂ ਨਿਮਾਣੀ ਸੁਵਾਲੀ,
ਤੇਰੇ ਦਰੋ ਕੋਈ ਗਿਆ ਨ ਖਾਲੀ,
ਖੈਰ ਤਾਂ ਪਾਵਣਾ ਸਹੀ ।੧੪। ਕਲਗੀ:
ਨਾਂ ਮੈਂ ਰੂਪ ਧਨ ਜੋਬਨ ਨਾਹੀ,
ਅੱਲ ਵਲੱਲੀ ਭੁਲੱਕਣ ਗੁਨਾਹੀ,
ਨਾਂ ਮੈਂ ਮਾਣ ਤਾਣ ਕੁਝ ਰਖਾਹੀ,
ਬਖਸ਼ ਬਖਸ਼ ਤੂੰ ਲਈ ।੧੫) ਕਲਗੀ:
ਸਭ ਕੁਝ ਮੇਰਾ ਗਿਆ ਗੁਵਾਤਾ,
ਯਾਦ ਤੇਰੀ ਵਿਚ ਏਹ ਮਨ ਰਾਤਾ,
ਯਾਦ ਬਿਨਾਂ ਮੈਂ ਕੁਝ ਨ ਜਾਤਾ,
ਯਾਦੋ ਯਾਦ ਹੀ ਰਹੀ ।੧੬। ਕਲਗੀ:
ਮੈਂ ਨਾ ਰਹੀ, ਮੇਰਾ ਕੁਝ ਨ ਰਹਿਆ,
ਯਾਦ ਤੇਰੀ ਪ੍ਰੇਮ ਤੇਰਾ ਹੈ ਗਹਿਆ,
ਸਿੱਕ ਉਡੀਕ ਇਸ਼ਕ ਤੇਰਾ ਹੀ ਰਹਿਆ,
ਦੂਈ ਨ ਮੂਲੋਂ ਰਹੀ ।੧੭। ਕਲਗੀ:
ਦੂਈ ਦੀ ਡਾਇਣ ਗਈ ਗੁਵਾਤੀ,
ਹਉਮੈਂ ਦੀ ਸੈਨਾਂ ਜਾ ਪਈ ਖਾਤੀ,
ਬਖਸ਼ ਪਿਆਰੇ ਹੁਣ ਪਿਰਮ ਪਰਾਤੀ,
ਚਰਨੀ ਹੁਣ ਲਾ ਲਈ ॥੧੮॥
੪. ਖੇੜਾ ਚੌਥਾ
(ਸੰਮਤ ੪੩੪ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧-ਪ੍ਰਸੰਗ ਭਾਈ ਜਯੋਤੀ ਸਿੰਘ
ਬ੍ਰਹਮ ਪੁਤ੍ਰਾ ਨਦੀ ਦੇ ਕਿਨਾਰੇ, ਢਾਕੇ ਸ਼ਹਰ ਤੋਂ ਕੁਝ ਦੂਰ, ਅੱਜ ਤੋਂ ਕੋਈ ਦੋ ਕੁ ਸੌ ਵਰ੍ਹਾ ਪਿਛੇ ਇਕ ਅਚਰਜ ਤਮਾਸ਼ਾ ਹੋ ਰਿਹਾ ਹੈ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਦਾ ਭੌਰਾ ਭਾ: ਜਯੋਤੀ ਸਿੰਘ ਚੌਕੜੀ ਮਾਰੇ ਬੈਠਾ ਅਪਣੇ ਅਨੰਦ ਵਿਚ ਮਗਨ ਸਾਯੰਕਾਲ ਦੇ ਸਮੇਂ ਪ੍ਰੇਮ ਦੇ ਸ਼ਬਦ ਗਾਉਂ ਰਿਹਾ