ਤੇ ਅਸੀ ਫੇਰ ਤੁਹਾਡੇ, ਇਹ ਐਵੇਂ ਜਗਤ ਚਾਰੀ ਹੈ, ਜਗਤ ਤਿੰਨ ਕਾਲ ਮਿਥਿਆ ਹੈ, ਸੁਪਨਾਂ ਹੈ, ਸੋ ਤੁਸੀ ਆਪ ਸਤ ਸਰੂਪ ਹੋ, ਮਿਥਿਆ ਰਚਨਾ ਵਿਚ ਸਾਡਾ ਤੁਹਾਡੀ ਵਲੋਂ ਮੂੰਹ ਮੋੜਨਾ ਮਿਥਿਆ ਹੈ, ਤੇ ਤੁਹਾਡਾ ਰੁਸਣਾ ਮਿਥਿਆ ਹੈ ।
ਭਲਾ ਜੀ ਅਸੀ ਕਿੰਨੀ ਕੁ ਪਿਠ ਮੋੜਾਂਗੇ ? ਕੁਝ ਬੀ ਨਾਂ, ਐਵੇ ਦਿਖਾਵੇ ਮਾਤ੍ਰ ਰਤਾ ਕੁ, ਵਿਆਹ ਵੇਲੇ ਜਤਨ ਕਰਾਂਗੇ ਕਿ ਸਾਡੇ ਘਰ ਤੋਂ ਸੌ ਸੌ ਕਦਮਾਂ ਤੀਕ ਪਰੇ ਸਬਦ ਦੀ ਅਵਾਜ਼ ਨਾ ਕੰਨੀ ਪਵੇ । ਘਰੋਂ ਗੁਰੂ ਮਹਾਰਾਜ ਦਾ ਅਸਵਾਰਾ ਓਸ ਦਿਨ ਧਰਮ ਸਾਲ ਭੇਜ ਦਿਆਂਗੇ । ਖਾਰਿਆਂ ਕੋਲ ਪੰਡਤ ਜੀ ਚੀਚ ਗਲੋਲੇ ਵਾਹ ਕੇ ਜਗਤ ਰਖਣੀ ਕਰ ਜਾਣਗੇ । ਤੜਕੇ ਡੋਲੀ ਤੋਰ ਦਿਤੀ । ਬੱਸ ਫੇਰ ਸੂਰਜ ਮਗਰੋਂ ਚੜ ਅਸੀ ਕਿ ਗੁਰੂ ਕੇ ਦਾਸ ਦੁਧ ਧੋਤੇ ਖਰੇ ਖਾਸੇ ਪਹਲੋਂ ਹੀ ਹਾਜ਼ਰ।
ਜਾਂ ਮਾਈ ਚੜ੍ਹੀ ਤਾਂ ਸਿਰੋ ਪੱਗ ਲਾਹ ਥੋੜੇ ਜੇਹੇ ਕੇਸ ਜਗਤ ਰਖਣੀ ਮੂਜਬ ਖੋਹ ਕੇ ਭਰਾਵਾਂ ਦੇ ਕਹੇ ਦੁਪੱਟਾ ਬੰਨ੍ਹ ਲਿਆ । ਕੜਾ ਜ਼ਰਾ ਕੁ ਕਿਲੀ ਨੂੰ ਪਹਰਾ ਦਿਤਾ, ਕ੍ਰਿਪਾਨ ਰਸੋਈ ਵਿਚ ਵਰਤੀਦੀ ਰਹੀ, ਕੱਛ ਧੋਬੀ ਦੇ ਭੇਜ ਦਿਤੀ, ਉਂਨੇ ਚਿਰ ਵਿਚ ਚਿੱਟੀ ਹੋ ਜਾਊ, ਕੁਸ਼ਾ ਦੇ ਬੀੜੇ ਪਾਏ, ਸੰਝ ਸਵੇਰੇ ਦੀਵੇ ਬਾਲ ਛੂਹ ਛਾਹ ਕੀਤੀ, ਜਗਤ ਦੀ ਅੱਖੀਂ ਘੱਟਾ ਪਾਯਾ, ਤੇਰਾਂ ਦਿਨ ਬਿਤਾ ਲਏ, ਕੁਝ ਜਗਤ ਚਾਰੀ ਸੌ ਪੰਜਾਹ ਦੀ ਚੀਜ਼, ਜਾਂ ਪੰਜਾਹ ਰੁਪਏ ਅਚਾਰਜ ਨੂੰ ਦੇ ਕੇ ਉਸੇ ਦੇ ਘਰ ਦੀ ਕਿਰਿਆ ਲਿਆ ਕੇ ਬਿਰਾਦਰੀ ਦਾ ਮੂੰਹ ਕਾਲਾ ਕੀਤਾ ਤੇ ਬਲਾ ਗਲੋਂ ਲਾਹੀ। ਸਤਾਹਰੀਏ ਤੋਂ ਦੂਜੇ ਦਿਨ ਉਹੋ ਦੂਹਰੀ ਪੌੜੀਆਂ ਵਾਲੀ ਦਸਤਾਰ, ਕੜੇ ਦੋ, ਕ੍ਰਿਪਾਨ ਬੀ ਵੱਡੀ, ਕਛੇਹਰਾ ਗੋਡਿਆਂ ਵਾਲਾ, ਸਤਸੰਗ ਵਿਚ ਹਾਜ਼ਰ, ਗੁਰੂ ਕੇ ਦਾਸ ਜਿਹੇ ਪਹਲੇ ਸੀ ਉਹੋ ਜਿਹੇ ਹੁਣ, ਵਿਚੋਂ ਐਵੇਂ ਇਕ ਹਨੇਰੀ ਦੇ ਘੱਟੇ ਤੋਂ ਡਰ ਕੇ ਰਤਾਕੁ ਅੱਖ ਮੀਟਕੇ ਚਾਨਣੇ ਤੋਂ ਵਾਂਜੇ ਜਾਈਦਾ ਹੈ, ਉੱਕਰ ਹੀ ਮਰਨੇ ਪਰਨੇ ਦੀ ਹਨੇਰੀ ਵੇਲੇ ਲੋਕ ਨਿੰਦਾ ਦੇ ਘੱਟੇ ਤੋਂ ਅੱਖ ਮੀਟੀ, ਜਦ ਬੁਲਾ ਲੰਘਿਆ ਫੇਰ ਗੁਰਾਂ ਦੇ ਹਾਜ਼ਰ।
ਪਿਆਰੇ ਪਾਠਕੋ । ਜੇ ਆਪ ਐਸੇ ਸਿਖਾਂ ਵਿਚੋਂ ਹੋ ਜੋ ਸਤਗੁਰਾਂ ਨਾਲ