ਕੌਮ ਬੇਮੁਖ ਰਹੀ ਪਿੱਛੇ, ਤੁਰਨ ਨੂੰ ਕਿਉਂ ਖਲੇ ਹੋ ?
ਹੁਣ ਤੁਰ ਚਲੇ ਹੋ ਆਪ, ਪਿਆਰੇ ਕੌਮ ਡੁੱਬੀ ਰਹੀ ਹੈ
ਧੰਨ ਸਿੱਖੀ ਆਪ ਦੀ ਹੈ, ਸਫਲ ਸਿੱਖੀ ਇਹੀ ਹੈ ?
ਆਤਮਾ:-
ਹਾਂ ਸੱਚ ਹੇ, ਏ ਸੱਚ ਪਿਆਰੀ, ਸਿੱਖ ਨਾਂ ਏ ਰਿਹਾ ਹੈ।
ਆਪ ਹਾਂ ਉਠ ਚੱਲਿਆ, ਮੈਂ ਪੰਥ ਟੁਟਾ ਰਿਹਾ ਹੈ ।
ਹਾਂ ਧੰਨ ਹੈਂ ਤੂੰ ਦੇਹ ਮੇਰੀ, ਸਦਾ ਕੀਨ ਸਹਾਇਤਾ।
ਸਦਾ ਦਿੱਤੀ ਡਾਢ ਚੰਗੀ, ਸਦਾ ਰਸਤੇ ਪਾਇਤਾ।
ਹਾਂ ਪ੍ਰਭੂ ਪਿਆਰੇ, ਸੁਣੀ ਬਿਨਤੀ, ਮੌਤ ਰੋਕੀ ਪਯਾਰਿਆ।
ਭੇਜ ਕਲਗੀ ਵਾਲੜੇ ਨੂੰ, ਭੇਜ ਲਾਲ ਦੁਲਾਰਿਆ।
ਦੇਹ ਦਰਸ ਕਲਗੀ ਵਾਲਿਆ, ਆ ਬਹੁੜ ਵੇਲੇ ਅੰਤ ਦੇ।
ਹੁਣ ਢਿੱਲ ਦਾ ਕੁਛ ਸਮਾਂ ਨਾਹੀ, ਦਰਸ ਸੱਚੇ ਕੰਤ ਦੇਹ।
ਹਾਂ ਚੱਲਿਆ ਹਾਂ ਬਹੁੜ ਸਤਿਗੁਰ, ਬਹੁੜ ਕਲਗੀ ਵਾਲਿਆ ।
ਆਸ ਪੂਰੋ ਆਪ ਆ ਕੇ, ਆਇ ਫੌਜਾਂ ਵਾਲਿਆ।
ਆ ਕਰੋ ਔਕੜ ਦੂਰ ਮੇਰੀ, ਕਰੋ ਸਨਮੁਖ ਆਪ ਹੀ।
ਮੇਲ ਲੇਵੋ ਟੁਟ ਚੁਕੀ, ਆਪ ਮੇਲੋ ਆਪ ਹੀ।
ਹਾ ! ਜਿੰਦ ਨਾਂ ਹੈ ਤੁਰੇ ਮੇਰੀ, ਹੁਕਮ ਨੂੰ ਹੈ ਟਾਲਦੀ।
ਜੇ ਹੁਕਮ ਮੰਨੇ ਕਾਰ ਸਿੱਖੀ, ਰਤਾ ਨਾਹੀ ਪਾਲਦੀ ।
ਮੈਂ ਤੁਰਾਂ ? ਰਹਾਂ ਉਡੀਕ ਕਰਦਾ ? ਫਸ ਗਿਆ ਦੋ ਧੌੜ ਹਾਂ ।
ਝੁਕਾਂ ਜੇਕਰ ਇੱਕ ਪਾਸੇ, ਦੂਜਿਓਂ ਫਿਰ ਚੌੜ ਹਾਂ ।
ਤਿਲ ਨ ਵਧਣੀ ਉਮਰ ਹੈ ਵੇ, ਸਮੇਂ ਅਪਣੇ ਜਾਵਸੋਂ,
ਉਸ ਸਮੇਂ ਨਾਲੋਂ ਰਤਾ ਪੈਹਲੇ, ਪਯਾਰਿਆਂ ਜੇ ਆਵਸੋਂ।
ਸੁਰਖ ਰੋਈ ਸਿੱਖ ਸੰਦੀ, ਹੋਇ ਕਲਗੀ ਵਾਲਿਆ।
ਕਰ ਦਯਾ ਆਵੀ ਗੁਰੂ ਪਯਾਰੇ, ਬਹੁੜ ਬਹੁੜਨ ਵਾਲਿਆ।