ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਮਾਤਾ ਹੈ।
ਤੂੰ ਜਾਉ ਸੌਖਾ ਪਾਇ ਵਾਸਾ, ਵਿਚ ਖਾਸ ਸਰੂਪ ਦੇ,
ਸਚਖੰਡ ਵਾਸੀ ਹੋਇ ਪਯਾਰੇ, ਦਰਸ ਕਰ ਪ੍ਰਭ ਰੂਪ ਦੇ।
ਤੂੰ ਮੇਲ ਲੀਤਾ ਟੁਟਿਆਂ ਨੂੰ, ਆਪ ਮਿਲਿਓਂ ਕੰਤ ਨੂੰ,
ਸਦਾ ਮਿਲਿਓਂ ਸਦਾ ਮਿਲਿਓਂ ਸਦਾ ਮਿਲਿਓਂ ਕੰਤ ਨੂੰ ।
''ਧੰਨ ਸਤਗੁਰ " ਸਿੱਖ ਆਖੇ, ਮੀਟਿਆ ਮੁਖ ਗਿਆ ਸੀ,
ਨੈਣ ਮੀਟੇ ਗਏ ਸੇ ਜੁਟ, ਹੱਥ ਦਾ ਖੁਲ੍ਹ ਪਿਆ ਸੀ ।
ਸਿੱਖ ਪੂਰਾ ਹੋ ਗਿਆ, ਗੁਰ ਗੋਦ ਪਯਾਰਾ ਵੱਸਿਆ,
ਦਰਬਾਰ ਉੱਜਲ ਮੁਖੜਾ ਲੈ, ਜਾ ਸਰੂਪੇ ਵੱਸਿਆ
ਫਿਰ ਆਪ ਕਲਗੀ ਵਾਲੜੇ ਲੇ, ਸਿਖ ਸਾਰੀ ਦੇਹੀਆਂ,
ਆਪ ਕਰ ਸਸਕਾਰ ਸਭੇ, ਸਫਲ ਆਪ ਕਰੇਹੀਆਂ।
ਹੈ ਅੱਜ ਸਿੱਖੀ ਅਸਾਂ ਪਾਸੇ ਨਜ਼ਰ ਮਿਤ੍ਰੋ ਆਂਵਦੀ ।
ਇਹ ਬਖਸ਼ਸੀ ਇਸ ਸਿੱਖਦੀ ਜਿਨ ਮੌੜਆਂਦੀ ਜਾਂਵਦੀ ।
ਗੁਰਪੁਰਬ ਦੇ ਆਨੰਦ ਦੇ, ਜੋ ਅਸੀ ਭਾਗੇ ਹੋ ਰਹੇ,
ਉਪਕਾਰ ਹੈ ਇਸ ਸਿੱਖ ਦਾ, ਜਿਸ ਕਾਰਣੇ ਸਭ ਬਚ ਰਹੇ।
ਸ਼ੁਕਰ ਇਸਦੀ ਆਤਮਾਂ ਦਾ, ਕਰੋ ਸਾਰੇ ਖਾਲਸਾ !
ਇਹ ਮੱਤ ਸਿੱਖੋ ਸਿਖ ਵਾਲੀ, ਇਹੋ ਰੱਖੋ ਲਾਲਸਾ।
ਮਿਲ ਆਪ ਗੁਰ ਨੂੰ ਮੇਲ ਲਈਏ ਵਿਛੜੇ ਗੁਰ ਤੋਂ ਜੋ ਰਹੇ,
ਧੰਨ ਧੰਨ ਹੋਈਏ ਖਾਲਸਾ, ਗੁਰ ਅਸਾਂ ਤਾਈ ਸਿਖ ਕਹੇ ।