ਤਦ ਰੱਬ ਮਿਲ ਪਵੇਗਾ ?" ਸਤਗੁਰਾਂ ਕਿਹਾ ਨਹੀਂ, 'ਵਿਦੇਹ ਹੋ।' ਤਦ ਉਸਨੂੰ ਚੇਤਾ ਆ ਗਿਆ, ਕਹਣ ਲੱਗਾ 'ਹੱਛਾ! ਵਿਦੇਂਹ, ਸਭ ਕੁਛ ਛੱਡ ਕੇ, ਸਨਯਾਸੀ ਹੋ ਕੇ ਬਨ ਵਿਚ ਪੈ ਰਹਾਂ ਤੇ ਜੜ੍ਹ ਭਰਥ ਵਾਂਝੀ ਨਾਂ ਹਿਲਾਂ, ਨਾਂ ਬੋਲਾਂ, ਨਾਂ ਖਾਵਾਂ ਨਾਂ ਤੁਰਾਂ, ਤੇ ਪਰਾਣਾਂ ਨੂੰ ਸਿਰ ਵਿਚੋਂ ਨਾਂ ਉਤਰਨ ਦਿਆਂ ?'' ਸਤਗੁਰਾਂ ਕਿਹਾ ''ਨਹੀਂ, ਵਿਦੇਹ ਹੈ। ਇਉਂ ਤਾਂ ਦੇਹ ਬਣੀ ਰਹੀ, ਤੇ ਭੁਖ ਦੇ ਹੋਟੇ ਮੌਤ ਆ ਗਈ, ਵਿਦੇਹ ਨਾਂ ਹੋਯਾ ।'' ਤਾਂ ਉਸ ਕਿਹਾ'ਜੀ ਆਪ ਦੱਸੋ । ਸਤਿਗੁਰਾਂ ਕਿਹਾ 'ਜਿੱਦਾਂ ਵਾਹਗੁਰੂ ਵਿਦੇਹ ਹੈ, ਉਦਾਂ ਤੂੰ ਵਿਦੇਹ ਹੋ।' ਰੁਣੀਏਂ ਕਿਹਾ ਜੀ ਉਹ ਕਿਦਾਂ ਹੋਵਾਂ ?' ਸਤਗੁਰ ਬੋਲੇ,' ਦੇਖ ! ਸਾਰਾ ਸੰਸਾਰ ਉਸਨੇ ਰਚਿਆ ਹੈ, ਸਾਰੇ ਨੂੰ ਪਾਲਦਾ ਸੰਭਾਲਦਾ ਹੈ, ਪਰ ਫੇਰ ਅਤੀਤ ਹੈ, ਅਡੋਲ ਹੈ, ਰਤਾ ਲਿਪਾਇਮਾਨ ਨਹੀਂ । ਤੂੰ ਬੀ ਸੰਸਾਰ ਦਾ ਸਾਰਾ ਕੰਮ ਕਰ, ਪਰ ਅੰਦਰ ਜੋ ਤੇਰਾ ਅਪਨਾ ਆਪ ਹੈ ਉਸਨੂੰ ਅਡੋਲ ਤੇ ਅਤੀਤ ਰੱਖ, ਕਰਦਾ ਹੋਯਾ ਅਣ ਕਰਦਾ ਹੈ, ਕਰ ਪਰ ਖਚਤ ਨਾਂ ਹੋ । ਕਿਤਨਾ ਮੁਸ਼ਕਲ ਕੰਮ ਹੋਵੇ, ਕੈਸੀ ਔਕੜ ਹੋਵੇ, ਕਿਤਨਾ ਬਲ ਬੁਧ ਖਰਚ ਹੋਵੇ, ਓਹ ਜੋ ਅੰਦਰ ਤਾਕਤ ਹੈ, ਜੋ ਰਸਤੇ ਪਾਉਂਦੀ ਹੈ, ਉਸਨੂੰ ਕਿਸੇ ਵੇਲੇ ਨਾ ਹਿੱਲਣ ਦੇਹ। ਨਾ ਭੈ, ਨਾ ਵੈਰ, ਨਾ ਮੋਹ ਨਾ ਚਿੰਤਾ ਨਾ ਨਿਰਾਸਾ ਨਾ ਚਾਉ ਉਸ ਤਾਕਤ ਨੂੰ ਡੁਲਾਵੇ । ਤੂੰ ਕਰਦਾ ਰਹੁ, ਪਰ ਐਉ'। ਫੇਰ ਦੇਖ। ਵਾਹਿਗੁਰੂ ਦੇਂਦਾ ਹੈ, ਲੈਂਦਾ ਕਦੇ ਨਹੀਂ ਤੂੰ ਬੀ ਦੇਈ, ਲਵੀਂ ਨਾ, ਦੇਈਂ, ਦੇਖੀ ਇਹਨਾਂ ਸਮਝੀ ਕਿ ਮੈਂ ਦੇਂਦਾ ਹਾਂ। ਕੀਹ ਦੇ ਦੇਈ ? ਇਹ ਸਰੀਰ ਅਰ ਇਸ ਸਰੀਰ ਦਾ ਜੋ ਕੁਝ ਹੈ ਸਭ ਵਾਹਿਗੁਰੂ ਦੀ ਸੰਗਤ ਦੇ ਸਿੱਖ ਵਾਸਤੇ ਦੇ ਦੇਈਂ ਤਦ ਤੂੰ ਵਿਦੇਹ ਹੋ ਜਾਏਗਾ। ਵਿਦੇਹ ਓਹ ਹੈ ਜੋ ਸਦਾ ਅਡੋਲ ਹੈ, ਜੋ ਅਪਨਾ ਸਭ ਕੁਛ ਤਯਾਗਦਾ ਪਰ ਸਿੱਟਦਾ ਨਹੀਂ, ਉਸਨੂੰ ਭਲੇ ਅਰਥ ਲਾਉਂਦਾ ਹੈ, ਆਪ ਅਸੰਗ ਹੋ ਜਾਦਾ ਹੈ, ਆਲਸ ਦੀ ਪੰਡ ਨਹੀਂ, ਪਰ ਹਰਖ ਸ਼ੌਕ ਨਹੀ। ਹਿੱਲਦਾ ਨਹੀਂ, ਸੁਸਤੀ ਮਾਰੇ ਵਾਙੂ ਨਿਕਾਰਾ ਨਹੀਂ ਹੋ ਜਾਂਦਾ, ਪਰ ਜਿਕੂੰ ਅਤਿ ਤਿਖਾ ਭੌਦਾ ਲਾਟੂ ਖਲੋਤਾ ਜਾਪਦਾ ਹੈ ਇੱਕੁਰ ਓਹ ਅਤੀ ਬਲਵਾਨ ਹੁੰਦਾ ਹੈ ਪਰ ਅਲੋਲ। ਆਲਸੀ ਨਹੀਂ ਹੁੰਦਾ। ਫੇਰ ਤੂੰ ਆਪ ਦੇਖੀ ਕਿ ਵਾਹਿਗੁਰੂ ਤੇ ਤੂੰ ਕਿਸ ਤਰ੍ਹਾਂ ਮਿਲਦੇ ਹੋ।"