ਰੁਣੀਏਂ ਕਿਹਾ ' ਮੈਂ ਤੇ ਓਹਦੇ ਵਿਚ ਏਹ ਦੇਹ ਵਿੱਧ ਨਾ ਪਾਏਗੀ ?' ਗੁਰਾਂ ਨੇ ਕਿਹਾ' ਤੇਰੇ ਓਸ ਦੇ ਵਿਚ ਕੋਈ ਵਿਧ ਦੇਹ ਦੀ ਨਹੀਂ ਪੈ ਰਹੀ। ਦੇਹ ਦਾ ਮਾਣ, ਦੇਹ ਦਾ ਪਯਾਰ, ਦੇਹ ਦੇ ਕਾਰਣ, ਉਸਨੂੰ ਦੂਰ ਜਾਣਨ ਦੀ ਭੁਲ, ਏਹੋ ਪਰਦੇ ਹਨ, ਇਹੋ ਵਿੱਥ ਹੈ. ਵੇਖ! ਵਾਹਿਗੁਰੂ ਤੇਰੇ ਲੂੰ ਲੂੰ ਵਿਚ ਵਯਾਪਕ ਹੈ। ਤੇਰੇ ਮਨ ਵਿਚ ਵਯਾਪਕ ਹੈ, ਤੇਰੇ ਆਤਮਾਂ ਵਿਚ ਵਯਾਪਕ ਹੈ, ਕਿਥੇ ਵਯਾਪਕ ਨਹੀਂ ਹੈ ? ਜਦ ਐਸਾ ਨੇੜਾ ਹੈ ਤਾ ਵਿੱਥ ਕਿਥੇ ਹੈ ?"
ਰੁਣੀਆਂ-ਜੀ ਫੇਰ ਮਿਲਦਾ ਨਹੀਂ ਹੈ।
ਗੁਰੂ ਜੀ-ਤੇਰੀ ਭੁਲ ਜੋ ਤੂੰ ਇਹ ਬਾਤ ਕਿ " ਉਹ ਮੇਰੇ ਨਾਲ ਹੈ'' ਛਿਨ ਛਿਨ ਵਿਚ ਭੁਲ ਜਾਦਾ ਹੈ । ਇਸ ਭੁਲ ਨੂੰ ਛਿਨ ਛਿਨ ਵਿਚ ਦੂਰ ਕਰ, ਇੱਕ ਛਿਨ ਇਸ ਡਾਇਣ ਨੂੰ ਨੇੜੇ ਨਾ ਫਟਕਣ ਦੇਹ, ਜਦ ਹਰ ਦਮ ਯਾਦ ਹੈ ਤਾਂ ਵਾਹਿਗੁਰੂ ਦੇ ਚਰਨਾਂ ਵਿਚ ਸਾਡਾ ਵਾਸ ਹੈ। ਇਹ ਸੁਣਕੇ ਸਿੱਖ ਦੀ ਦਸ਼ਾ ਪਲਟ ਗਈ ਤੇ ਰੁਕਦੇ ਗਲੇ ਨਾਲ ਤੇ ਭਰੇ ਨੇਤ੍ਰਾਂ ਨਾਲ ਬੋਲਯਾ : ਸਮਝਿਆ ਹਾਂ ਪਰ ਲਖਿਆ ਨਹੀਂ । ਤਦ ਦੀਨਾ ਨਾਥ ਜੀ ਨੇ ਪਰਮ ਕ੍ਰਿਪਾਲ ਹੋ ਕੇ ਉਸਨੂੰ ਅੰਮ੍ਰਿਤ ਛਕਾ ਨਾਮ ਦਾਨ ਦੇ ਕੇ (ਰਣਜੁੱਧ ਸਿੰਘ ਕਹਕੇ ) ਅਜੇਹਾ ਨਿਹਾਲ ਕੀਤਾ ਕਿ ਉਸਦਾ ਲੂੰ ਲੂੰ ਫੇਰ ਏਹ ਗਾਉਂਦਾ ਸੀ :-
'ਹਉ ਢੂੰਡੇਦੀ ਸਜਣਾ ਸਜਣ ਮੈਡੇ ਨਾਲ।
ਜਨ ਨਾਨਕ ਅਲਖ ਨ ਲਖੀਐ ਗੁਰਮੁਖਿ ਦੇਹਿ ਦਿਖਾਲ।'
ਹੇ ਪਾਠਕ ਜੀ ! ਕਿਆ ਆਪ ਬੀ ਅੱਜ ਗੁਰਪੁਰਬ ਵਾਲੇ ਦਿਨ ਇਹ ਤੁਕ ਸਚਾਈ ਨਾਲ ਗਾਉ ਸਕਦੇ ਹੋ ?