ਪੂਰਬ ਰੁਖ ਨੂੰ ਤੁਰ ਪਏ। ਥਾਂ ਥਾਂ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅੱਪੜ ਕੇ ਤੀਸਰੇ ਜਾਮੇਂ ਦੇ ਕੌਤਕ ਵਾਂਙੂ
'ਤੀਰਥ ਉਦਮ ਸਤਿਗੁਰੂ ਕੀਆ
ਸਭ ਲੋਕ ਉਧਰਣ ਅਰਥਾ'
ਸ੍ਰਿਸ਼ਟੀ ਨੂੰ ਤਾਰਦੇ ਭੈ ਭਰਮ ਵਿਚੋਂ ਕਢਦੇ ਸਤਿਨਾਮ ਦੇ ਪੁਲ ਪਰ ਚੜਾਉਂਦੇ, ਜੀਅ ਦਾਨ, ਨਾਮ ਦਾਨ, ਵਿਸਾਹ ਦਾਨ, ਭਰੋਸਾ ਦਾਨ, ਸਿਦਕ ਦਾਨ, ਅੰਨ ਦਾਨ, ਬਸਤ੍ਰ ਦਾਨ, ਮਿਠ ਬਚਨ ਦਾਨ, ਪ੍ਰੇਮ ਦਾਨ ਦੇਂਦੇ ਤ੍ਰਿਬੇਣੀ ਪਹੁੰਚ ਕੇ ਉਸ ਥਾਂ ਦੇ ਵਾਸੀਆਂ ਨੂੰ ਸੱਚੀ ਤ੍ਰਿਬੇਣੀ ਦਾ ਮਾਰਗ ਦੱਸਿਆ:-
"ਗੰਗ ਜਮਨ ਕੇ ਭੀਤਰੇ ਸਹਜ ਸੁੰਨ ਕੇ ਘਾਟ।
ਤਹਾ ਕਬੀਰੇ ਮਟ ਕੀਆ ਖੋਜਤ ਮੁਨਿਜਨ ਬਾਟ ''
ਉਸ ਸਹਜ ਪਦ ਦੀ ਤ੍ਰਿਬੇਣੀ ਵਿਚ ਅਨੇਕਾਂ ਤ੍ਰਿਬੇਣੀ ਨਦੀ ਵਿਚ ਫਸਿਆਂ ਨੂੰ ਕੱਢ ਕੇ ਪੁਚਾਯਾ ਤੇ ਭਾਰੀ ਪੁੰਨ ਤੇ ਦਾਨ ਕੀਤਾ।
''ਜੀਅ ਦਾਨ ਦੇ ਭਗਤੀ ਲਾਇਨ
ਹਰਿ ਸਿਉ ਲੈਨ ਮਿਲਾਏ ।''
ਫੇਰ ਆਪ ਪਟਣੇ ਸ਼ੈਹਰ ਪਹੁੰਚੇ। ਚਾਚੇ ਫੱਗੂ ਵਰਗੇ ਪਯਾਰੇ ਤੇ ਅਨੇਕਾਂ ਸਿਦਕੀ ਇਸ ਦੇਸ ਵਿਚ ਵਸਦੇ ਸੇ, ਉਸ ਦੇਸ ਨੂੰ ਕ੍ਰਿਤਾਰਥ ਕਰਦੇ ਹੋਏ ਪਟਣੇ ਠਹਿਰ ਗਏ। ਇਸ ਧਰਤੀ ਨੇ ਅੱਗੇ ਇੱਕ ਬੁਧੀਮਾਨ ਦਾ ਦਰਸ਼ਨ ਕੀਤਾ ਸੀ, ਜਿਸ ਨੇ ਨੇਕੀ ਦੇ ਚਸਮੇਂ ਵਲੋਂ ਅੱਖ ਨੀਵੀਂ ਰੱਖ ਕੇ ਨੇਕੀ ਪ੍ਰਚਾਰੀ ਸੀ, ਹੁਣ ਉਸ ਧਰਤੀ ਦੀ ਓਹ ਭੁੱਖ ਜੋ ਕਾਦਰ ਵਿਹੂਣੇ ਕੁਦਰਤ ਦੇ ਪ੍ਰੇਮੀਆਂ ਵਿਚ ਰਹਿੰਦੀ ਹੈ। ਪੂਰੀ ਹੋਣੀ ਸੀ, ਹੁਣ ਉਸ ਧਰਤੀ ਵਿਚ ਉਸ ਨੇ ਅਵਾਤਰ ਲੈਣਾ ਸੀ ਜੋ ਨੇਕੀ ਨੂੰ ਸੰਪੂਰਨ ਜਾਣਦਾ ਸੀ, ਪਰ ਜਿੱਥੋਂ ਨੇਕੀ ਨਿਕਲੀ ਹੈ ਉਸ ਦਾ ਬੀ ਪੱਕਾ ਸਿਞਾਣੂੰ ਸੀ । ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰਖਦਾ ਕਿ ਪਰਦੇ ਦੇ ਬਾਦ ਪਰਦਾ ਹੈ'