

ਨ ਲੜਦਾ ਉਹ ਕਿਸੇ ਸੰਗ ਹੈ, ਬਚਾਂਦਾ ਦਰਦ ਵੇਦਾਂ ਨੂੰ ।
ਕਰੇ ਰੱਖਯਾ ਦੁਖੀ ਲੋਕਾਂ ਦੀ ਖੜਗ ਇਸ ਜੋਗ ਧਾਰੀ ਹੈ,
ਨ ਭੁੱਖਾ ਰਾਜ ਦਾ ਹੈ ਓ, ਨ ਰੱਖੇ ਲੋੜ ਦੇਸਾਂ ਦੀ।
ਰਹੇ ਕਰਨਾ 'ਸੁਤੰਤਰ' ਹੈ, ਏ ਭਾਰਤ ਆਪ ਆਰੀ ਹੈ।
ਸਦੀ ਸਤ ਤੋ ਗਈ 'ਦੇਵੀ ਸੁਤੰਤਰਤਾ ਦੀ' ਛਡ ਸਾਨੂੰ ।
ਤਦੋਂ ਤੋਂ 'ਦਾਸ' 'ਦੁਖੀਏ' ਹਾਂ, ਅਕਲ ਜੁਲਮਾਂ ਨੇ ਮਾਰੀ ਹੈ।
ਲੁਪਤ ਹੋਈ 'ਸੁਤੰਤਰਤਾ ਦੀ ਦੇਵੀ' ਓਸ ਸਤਗੁਰ ਨੇ ।
ਕਰੀ ਪਰਗਟ ਹੈ ਫਿਰ ਏਥੇ, ਖਿੜਾਈ 'ਖੁਲ੍ਹ' ਵਾੜੀ ਹੈ।
ਓ ਦੇਵੀ ਆਖਦੀ ਹੈਵੇ: 'ਮੈਂ ਪਰਗਟ ਸੀ ਨਹੀਂ ਹੋਣਾ,
'ਇਨ੍ਹਾਂ ਲੋਕਾਂ ਤੋਂ ਅੱਕ ਥਕ ਕੇ, ਹੋ ਮਾਰੀ ਸੀ ਉਡਾਰੀ ਮੈਂ ।
'ਤੇਰੀ ਖਾਤਰ ਹੇ ਸਵਾਮੀ ਮੈਂ ਜੁ ਦਾਸੀ ਹਾਂ ਹੁਕਮ ਬੱਧੀ,
'ਆਈ ਫਿਰ ਦੇਸ ਦੇ ਉੱਤੇ ਦਿਆਂਗੀ 'ਖੁਲ੍ਹ' ਖਿਲਾਰੀ ਮੈਂ'
ਗੁਰੂ ਉਪਕਾਰ ਕੀਤਾ ਹੈ ਜੋ ਸਤੀਆਂ ਸੱਤ ਦੇ ਅੰਦਰ,
ਕਿਸੇ ਪਾਸੋਂ ਨਾ ਹੋਯਾ ਹੈ, ਕਰਨ ਦੀ ਨਾ ਹੀ ਯਾਰੀ ਹੈ।
ਗੁਰੂ ਸੱਦੇ ਹੈ ਭਾਰਤ ਨੂੰ, ਓ ਸਦੇ ਰਾਉ ਰੰਕਾਂ ਨੂੰ,
ਕਹੋ ਦੇਵਾਂ ਸੁਤੰਤਰਤਾ, ਲਓ, ਪਰਜਾ ਪਯਾਰੀ, ਹੈ ।
ਚਲੋ ਰਾਜਾ ਭਵਨ ਪਰਸੋ, ਚਲੋ ਹੇ ਸੱਭ ਉਮਰਾਵੋ,
ਚਲੋ ਪੂਜੋ, ਸੁਤੰਤਰਤਾ ਦੀ ਦੇਵੀ, ਗੁਰ ਖਲ੍ਹਾਰੀ ਹੈ।
ਦੁਖਾਈ ਬਹੁਤ ਸੀ ਉਹ ਤਾਂ ਅਸਾਂ ਅਪਰਾਧ ਕਰ ਕਰ ਕੇ,
ਕਰੋ ਛੇਤੀ ਨਾ ਗੁੱਸੇ ਹੋ ਕਿਤੇ ਮਾਰੇ ਉਡਾਰੀ ਹੈ।
ਗੁਰੂ ਪਯਾਰਾ ਗੁਰੂ ਹੈ ਪਯਾਰ, ਹੈ ਅਵਤਾਰ ਪ੍ਰੀਤੀ ਦਾ,
ਤਜੋ ਦਿਲ ਵੈਰ ਜੇ ਰਾਜਾ, ਲਗੇ ਸੂਰਤ ਪਯਾਰੀ ਹੈ ।
ਗੁਰੂ ਝੰਡੇ ਦੇ ਹੇਠਾਂ ਸਭ, ਚੱਲੋ ਕੱਠੇ ਹੋ ਰਾਜਾ ਜੀ,
ਕਰੋ ਭਾਰਤ ਨੂੰ ''ਸ੍ਵੈਤੰਤਰ'' ਨ ਬਾਜੀ ਜਾਇ ਹਾਰੀ ਹੈ ।