

ਰਾਜਾ:-
ਓ ਗੁਸਤਾਖ ਮਰਦੂਦ ਟੱਪੇ ਜੁੜਾਵੇਂ ।
ਬਨੌਤਾਂ ਬਨਾਵੇਂ ਤੇ ਮੈਨੂੰ, ਸੁਨਾਵੇਂ ।
ਲੈ ਸੁਣ ਸੋਚ, ਕਰ ਹੋਸ਼, ਵੇਲਾ ਅਜੇ ਹੈ ।
ਗੁਰੂ ਦੀ ਪਰੀਤੀ ਜੇ ਹੁਣ ਬੀ ਤਜੇ ਹੈਂ ।
ਮੈਂ ਬਖਸ਼ਾਂ, ਦਿਆਂ ਬਖਸ਼ ਅਪਰਾਧ ਤੇਰਾ।
ਤੂੰ ਪਯਾਰਾ ਬਹੁਤ ਮੀਰ ਸਕਤੂ ਹੈਂ ਮੇਰਾ ।
ਜੇ ਨਾ ਪ੍ਰੀਤ ਤਯਾਗੇਂ ਤਾਂ ਜਾਹ ਕੈਦ ਮਾਂਹੀ ।
ਲੁੱਟ ਮੌਜੇ 'ਸ੍ਵੈਤੰਤ੍ਰਤਾ' ਦੀ ਉਥਾਂਹੀ।
ਮੀਰ :-
ਹੋ ਗਿਆ, ਰਾਜਾ ਜੀ ! ਮੈਨੂੰ ਪ੍ਰੇਮ ਗੁਰ ਦਾ ਹੋ ਗਿਆ।
ਪ੍ਰੇਮ ਮੈਂ ਹਾਂ ਹੋ ਗਿਆ ਹੈ ਫਰਕ ਸਾਰਾ ਖੋ ਗਿਆ।
ਵੱਸ ਮੇਰੇ ਹੋਵਦਾ ਮੈਂ ਪ੍ਰੇਮ ਬਾਹਰ ਮਾਰਦਾ ।
ਦੇਖਦਾ ਜੇ ਦੂਸਰਾ, ਨਾਂ ਸੀਸ ਰਾਜਾ ਹਾਰਦਾ।
ਮੈਂ ਇਸ ਲਈ ਨਾ ਪਰੇਮ ਕਰਦਾ ਖੁਸ਼ੀ ਹੁੰਦੀ ਕੀਤਿਆਂ।
ਪਰ ਇਸ ਲਈ ਕਿਰਹਿ ਨ ਸਕਦਾ, ਨਾਮ ਬਿਨ ਗੁਰਲੀਤਿਆਂ।
ਮੈਂ ਇਸ ਲਈ ਨਾ ਪਰੇਮ ਕਰਦਾ, ਗੁਰੂ ਸੁੰਦਰ ਅੱਤ ਹੈ,
ਪਰ ਗੁਰੂ 'ਮੈਨੂੰ' 'ਮੈਂ' ਤੋਂ ਮੇਰੀ ਨਿਕਟ ਵਰਤੀ ਸੱਤ ਹੈ।
ਮੈਂ ਕਦੀ ਹੋ ਓਪਰਾ ਸਕਦਾ ਹਾਂ ਅਪਨੇ ਆਪ ਨੂੰ ।
ਪਰ ਗੁਰੂ ਮੈਨੂੰ ਹੈ ਅਪਨਾ, ਮੁਹਰ ਹੈ ਜਿਉਂ ਛਾਪ ਨੂੰ ।
ਮੈਂ ਜਿ ਆਪਾ ਆਪ ਤੋਂ ਬਾਹਰ ਨਿਕਾਲਣ ਜਾਣਦਾ।
ਗੁਰੂ ਤਾਂਈ ਫੇਰ ਬੀ ਬਾਹਰ ਨਿਕਾਲ ਨ ਜਾਂਵਦਾ।