੮. ਖੇੜਾ ਅੱਠਵਾਂ
(ਸੰ: ੪੩੮ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ )
੧. ਵਿਚਿਤ੍ਰ ਸੁਪਨਾਂ
(ਇਕ ਜਗਯਾਸੂ ਦੀ ਦੁਹਾਈ)
ਅੱਖ ਲਗਦੇ ਸਾਰ ਐਉਂ ਮਲੂਮ ਹੋਯਾ ਜੋ ਕਿਸੇ ਨੇ ਸਰੀਰ ਘੁਟ ਦਿਤਾ ਹੈ। ਇਹ ਘੁਟ ਐਸੀ ਆਈ ਕਿ ਦਮ ਬੰਦ ਹੋਣ ਲਗਾ, ਪਰ ਪਲ ਕੁ ਮਗਰੋਂ ਖੁਲ੍ਹ ਵਧ ਗਈ, ਸੁਆਸ ਬਹੁਤ ਸੁਥਰਾ ਆਉਣ ਲੱਗਾ ਅਰ ਐਉਂ ਜਾਪੇ ਜਿੱਕੂ ਸੈਆਂ ਮਣਾਂ ਦੇ ਭਾਰ ਹੇਠੋਂ ਨਿਕਲ ਆਯਾ ਹਾਂ । ਇੰਨੇ ਨੂੰ ਇੱਕ ਪਿਆਰਾ ਕੋਲ ਖੜਾ ਦਿੱਸਿਆ, ਆਖਣ ਲੱਗਾ ਚਲੋ ਚਲੀਏ। ਉਸਦੀ ਪਿਆਰ ਭਰੀ ਅਵਾਜ਼ ਦੇ ਕਾਰਨ ਮੈਂ ਕਿਹਾ ਚਲੋ ਜੀ ਚਲੀਏ। ਇੰਨੇ ਨੂੰ ਦੋ ਤ੍ਰੈ ਹੋਰ ਸੱਜਣ ਆ ਗਏ ਤੇ ਆਖਣ ਲੱਗੇ ਇਸ ਨੂੰ ਪਹਿਲੇ ਪਵਿਤ੍ਰ ਕਰੀਏ । ਸੋ ਮੇਰੀ ਪਵਿਤ੍ਰਤਾ ਦਾ ਅਨੋਖਾ ਢੰਗ ਇਹ ਨਿਕਲਿਆ ਕਿ ਅੱਗ ਦੇ ਬਲਦੇ ਭਾਂਬੜ ਵਿਚ ਮੈਨੂੰ ਪਾਣ ਲਗੇ । ਤਮਾਸ਼ਾ ਦੇਖੋ! ਮੈਨੂੰ ਅੱਗ ਪਾਸੋਂ ਡਰ ਨਾ ਆਯਾ, ਅਰ ਮੈਂ ਖੁਸ਼ੀ ਨਾਲ ਉਸ ਦੇ ਵਿਚ ਜਾ ਵੜਿਆ। ਮੈਨੂੰ ਸੇਕ ਨਹੀ ਲੱਗਾ, ਮੈਂ ਸੜਿਆ ਨਹੀਂ, ਸਗੋਂ ਅੱਗ ਨੀਵੀਂ ਹੁੰਦੀ ਗਈ ਤੇ ਮੈਂ ਉੱਚਾ ਹੁੰਦਾ ਗਿਆ, ਇਥੋਂ ਤਾਈ ਕਿ ਅਕਾਸ਼ ਵਿਚੋਂ ਤੱਕਦਾ ਹਾਂ ਤਾਂ ਮੇਰੀ ਦੇਹ ਅੱਗ ਦੇ ਵਿਚ ਪਈ ਏ ਤੇ ਮੈਂ ਅੱਗ ਤੋਂ ਦੂਰ ਅਕਾਸ਼ ਵਿਚ ਸਾਫ ਨਿਰਮਲ ਤੇ ਪਵਿਤ੍ਰ ਖੜਾ ਹਾਂ । ਪਲ ਭਰ ਲਈ ਮੈਂ ਜਾਤਾ ਜੋ ਮੈਂ ਇਕੱਲਾ ਹਾਂ, ਇਕੱਲ ਤੋ ਮੈਂ ਰਤਾ ਡਰਿਆ ਅਰ ਸਹਮ ਨਾਲ ਅੱਖਾਂ ਮੀਟ ਲਈਆਂ। ਆਪੇ ਅੱਖਾਂ ਖੁਲ੍ਹ ਗਈਆਂ