ਤਾਂ ਕੀ ਡਿੱਠਾ ਕਿ ਮੈਂ ਇਕੱਲਾ ਨਹੀਂ ਹਾਂ, ਬੇਅੰਤ ਲੋਕ ਮੇਰੇ ਉਦਾਲੇ ਹਨ, ਜੋ ਨਿਰੇ ਪ੍ਰੇਮ ਦੇ ਪੁਤਲੇ ਹਨ। ਕਿਸੇ ਵਿਚ ਹਉਮੈ ਨਹੀਂ, ਕਿਸੇ ਵਿਚ ਖੁਦਗਰਜ਼ੀ ਨਹੀਂ, ਸਭ ਪਿਆਰ ਦੇ ਭਰੇ ਹੋਏ ਹਨ । ਹੁਣ ਮੈਨੂੰ ਕੋਈ ਅਗੰਮ ਦੀ ਖੁਸ਼ੀ ਚੜ੍ਹ ਗਈ, ਕੀਰਤਨ ਦੀਆਂ ਅਵਾਜ਼ਾਂ ਆਉਣ ਲੱਗੀਆਂ, ਸਭ ਪਾਸੇ ਮੰਗਲ ਹੀ ਮੰਗਲ । ਨਾਲੇ ਤਾਂ ਮੈਂ ਏਹ ਦੇਖਾਂ, ਨਾਲੇ ਚਿਹਰੇ ਤੱਕਾਂ, ਕਿਸੇ ਤੇ ਗੁਸਾ ਨਹੀਂ, ਕਿਸੇ ਤੇ ਚਿੰਤਾ ਨਹੀਂ, ਕਿਸੇ ਤੇ ਝੂਠਾ ਜੋਸ਼ ਨਹੀ, ਚੰਦ੍ਰਮਾਂ ਵਾਙੂੰ ਸੀਤਲ ਤੇ ਉਸ ਤੋਂ ਵਧੀਕ ਨਿਰਮਲ ਹਨ। ਮੈਂ ਆਖਾਂ ਹੇ ਅਕਾਲ ਪੁਰਖ ਇਹ ਕੀ ਹੈ ? ਤੇ ਅੰਦਰੋਂ ਮੇਰੇ ਕੋਈ ਕਹੇ, ਇਹ ਓਹ ਉੱਚ ਤੇ ਆਨੰਦ ਦਸ਼ਾ ਹੈ, ਜਿਸ ਤੋਂ ਤੂੰ ਡਰਦਾ ਹੁੰਦਾ ਸੈਂ, ਅਰ ਕਦੀ ਮਰਨਾ ਨਹੀਂ ਲੋਚਦਾ ਸੈਂ । ਮੌਤ ਜਿਸ ਨੂੰ ਤਬਾਹੀ ਖਿਆਲ ਕਰਦਾ ਸੈਂ, ਇਸ ਸੁੰਦਰ ਦਸ਼ਾ ਦਾ ਦਰਵਾਜ਼ਾ ਸੀ । ਜਿਸਦੀ ਭਯਾਨਕਤਾ ਤੇਰੇ ਪ੍ਰਾਣ ਗੁੰਮ ਕਰਦੀ ਹੁੰਦੀ ਸੀ, ਓਹ ਰਸਤਾ ਸੀ ਜੋ ਐਬੇ ਲਿਆਉਂਦਾ ਹੈ। ਮੈਂ ਆਖਾਂ ਸਚ ਮੁਚ ਮੈਂ ਕੇਡਾ ਮੂਰਖ ਸਾਂ । ਜੋ ਖੁਸ਼ੀ ਮੈਨੂੰ ਅਜ ਹੋ ਰਹੀ ਹੈ, ਕਈ ਵੇਰ ਕੋਈ ਨੇਕੀ ਕਰਕੇ ਯਾ ਪ੍ਰਾਰਥਨਾ ਕਰਕੇ, ਯਾ ਕੀਰਤਨ ਸੁਣ ਕੇ ਯਾ ਭਜਨ ਵਿਚ ਨਿਮਗਨ ਹੋ ਕੇ ਮੇਰੇ ਅੰਦਰ ਐਕੁਰਾਂ ਦੀ ਖੁਸ਼ੀ ਹੁੰਦੀ ਸੀ, ਪਰ ਮੈਂ ਉਸਨੂੰ ਆਪਣੀ ਕਰਨੀ ਦਾ ਫਲ ਤੇ ਏਕਾਗ੍ਰਤਾ ਦਾ ਪ੍ਰਭਾਵ ਜਾਣਦਾ ਸਾਂ, ਮੈਨੂੰ ਕੀਹ ਪਤਾ ਸੀ ਜੋ ਏਹ ਦਇਆ ਦਾ ਮੰਡਲ ਹੈ ਅਰ ਜੀਉਂਦੇ ਜੀ ਮੈਨੂੰ ਧੁਰ ਦੇ ਸਨੇਹੜੇ ਆਉਂਦੇ ਹਨ ਕਿ ਮੌਤ ਤੋਂ ਨਾ ਡਰ, ਮੌਤ ਤੋਂ ਮਗਰੋਂ ਏਹ ਖੁਸ਼ੀ ਇਸ ਤੋਂ ਵਧੀਕ ਪ੍ਰਾਪਤ ਹੋਣੀ ਹੈ। ਪਰ ਮੈਂ ਮੌਤ ਤੋਂ ਡਰਦਾ ਰਿਹਾ । ਉਞ ਤਾਂ ਚੰਗਾ ਹੋਯਾ ਜੋ ਮੌਤ ਦੇ ਡਰ ਕਰਕੇ ਮੈਂ ਪਾਪਾਂ ਤੋਂ ਬਚਿਆ ਤੇ ਜਿਸ ਦੇ ਡਰ ਕਰਕੇ ਮੈਂ ਭਗਵੰਤ ਦੇ ਨੇੜੇ ਹੋਣ ਦੀਆਂ ਪ੍ਰਾਰਥਨਾਂ ਕਰਦਾ ਰਿਹਾ। ਜੇ ਮੈਂ ਨਿਡਰ ਹੋ ਕੇ ਪਾਪਾਂ ਵਿਚ ਫਸ ਜਾਂਦਾ ਤਦ ਖਬਰੇ ਮੈਂ ਐਸ ਆਨੰਦ ਮੰਡਲ ਵਿਚ ਆਉਂਦਾ ਕਿ ਨਾਂ ? ਸੱਚ ਹੈ ਮੌਤ ਤੋਂ ਡਰਨਾ ਬੀ ਚਾਹੀਏ ਤੇ ਨਹੀਂ ਬੀ। ਡਰਨਾ ਤਾਂ ਐਉ ਚਾਹੀਏ ਕਿ ਭਈ ਇਕ ਦਿਨ ਮਰਨਾ ਹੈ, ਮਰ ਕੇ ਜੇ ਸੁਖੀ ਹੋਣਾ ਹੈ ਤਦ ਨੇਕੀ ਕਰੋ ਭਜਨ ਕਰੋ, ਵਾਹਗੁਰੂ ਦੇ ਨੇੜੇ ਹੋਵੋ ਤੇ ਨਹੀਂ ਐਉਂ ਡਰਨਾ ਚਾਹੀਏ ਕਿ ਨਸ਼ਟ ਕਰਨ ਵਾਲੀ ਸ਼ੈ ਨਹੀਂ ਹੈ। ਮਨ ਵਿਚ ਜੋ ਭੈ ਹੈ ਕਿ ਮੌਤ ਬਾਦ ਅਸੀਂ ਨਹੀਂ ਰਹਾਂਗੇ, ਹਾਇ! ਮੌਤ ਨਾ ਆਵੇ ਨਹੀਂ ਤਾਂ ਅਸੀਂ ਮਿਟ ਜਾਵਾਂਗੇ