

ਜੋ ਕੁਛ ਆਪ ਵਿਚਾਰਦੇ ਹੋ, ਇਹ ਜੀਅ ਦਇਆ ਦਾ ਪ੍ਰੇਮ ਹੈ, ਅਰ ਇਸ ਪ੍ਰੇਮ ਦੇ ਕਾਰਨ ਇਸ ਪਰਮਾ ਨੰਦ ਮੰਡਲ ਦੇ ਆਚਾਰਯ ਅਨੇਕਾਂ ਵਾਰ ਸੰਸਾਰ ਵਿਚ ਗਏ, ਅਰ ਜਿੰਨੀਆਂ ਰੂਹਾਂ ਤੁਸੀ ਐਸ ਵੇਲੇ ਵੇਖ ਰਹੇ ਹੋ ਇਸ ਸਭ ਉਨ੍ਹਾਂ ਦੇ ਹੀ ਉਪਦੇਸ਼ਾਂ ਨਾਲ ਏਥੇ ਆਉਣ ਦੇ ਯੋਗ ਹੋਕੇ ਏਥੇ ਆਈਆਂ, ਪਰ ਸੰਸਾਰ ਵਿਚ ਮਾਯਾ ਐਸੀ ਪ੍ਰਬਲ ਹੈ ਕਿ ਉੱਥੇ ਜੋ ਉਪਕਾਰੀ ਜਾਂਦਾ ਹੈ ਤ੍ਰਿਸਕਾਰ ਪਾਉਂਦਾ ਹੈ। ਮਖੌਲ ਤੇ ਨਿੰਦਾ ਦਾ ਨਿਸ਼ਾਨਾਂ ਬਣਦਾ ਹੈ, ਦੁਖਾਂ ਤੇ ਤਸੀਹਿਆਂ ਦਾ ਨਿਸ਼ਾਨਾਂ ਬਣਾਯਾ ਜਾਂਦਾ ਹੈ, ਛੁਰੀਆਂ ਪੇਟ ਵਿਚ ਖਾਂਦਾ ਤੇ ਤੱਤੀਆਂ ਰੇਤਾਂ ਹੇਠ ਬੈਠਦਾ ਹੈ, ਸ਼ਕਤੀ ਤੇ ਪ੍ਰਕ੍ਰਿਤੀ ਦੇ ਫਾਥੇ ਲੋਕ ਨਹੀਂ ਸਮਝਦੇ ਕਿ ਅਸੀ ਅਪਨਾ ਬੁਰਾ ਕਰ ਰਹੇ ਹਾਂ, ਪਰ ਪਰਉਪਕਾਰੀ ਲੋਗ ਇਹ ਦੁਖ ਝਲਦੇ ਬੀ ਖਿਮਾਂ ਕਰਦੇ ਹਨ, ਓਹ ਜਾਣਦੇ ਹਨ ਕਿ ਇਨ੍ਹਾਂ ਦੇ ਵੱਸ ਨਹੀਂ ਹੈ, ਇਨ੍ਹਾਂ ਦਾ ਅਪਨਾ 'ਸ਼ਿਵ' ਸਰੂਪ ਮਾਯਾ (ਸ਼ਕਤੀ ਤੇ ਪ੍ਰਕ੍ਰਿਤੀ ਦੇ ਵਿਚਾਰ ਸੂਨ) ਦੇ ਹਨੇਰੇ ਹੇਠ ਹੈ, ਇਸ ਕਰਕੇ ਏਹ ਸਮਝਦੇ ਨਹੀਂ, ਅਰ ਅਸੀ ਰੰਜ ਕਿਉਂ ਕਰੀਏ ? ਏਹੋ ਗੱਲ ਸਮਝਾਉਣ ਤਾਂ ਅਸੀ ਆਏ ਹਾਂ ਕਿ ਹੇ ਲੋਕੋ ! ਆਪਨੇ ਸ਼ਿਵ ਸਰੂਪ ਨੂੰ ਮਾਯਾ ਦੇ ਹਨੇਰੇ ਹੇਠੋਂ ਕੱਢੋ। 'ਮਾਯਾ' ਵਿਚਾਰ ਤੋਂ ਸੂਨ ਹੈ, ਤਾਂਤੇ ਹਨੇਰਾ ਹੈ, 'ਸ਼ਿਵ' ਸਰੂਪ 'ਵਿਚਾਰ ਸੀਲ' ਹੈ, ਤਾਂਤੇ ਚਾਨਣਾ ਹੈ। ਚਾਨਣੇ ਨੂੰ ਉਸੇ ਦੇ ਅਪਨੇ ਚਾਨਣੇ ਨਾਲ ਦੇਖੋ, ਚਾਨਣੇ ਨੂੰ ਹਨੇਰੇ ਦੀ ਕਰੋਪੀ ਹੇਠ ਲਕੋ ਕੇ ਠੋਕਰਾਂ ਨਾ ਖਾਓ, ਫੇਰ ਕਈ ਤਾਂ ਇਨ੍ਹਾਂ ਦੇ ਯਤਨ ਨਾਲ ਅੱਖਾਂ ਖੋਲ੍ਹਕੇ ਉਤੇ ਆ ਜਾਂਦੇ ਹਨ, ਕਈ ਯਤਨ ਵਿਚ ਲਗ ਪੈਂਦੇ ਹਨ, ਕਈ ਸੰਸੇ ਵਿਚ ਪੈ ਜਾਂਦੇ ਹਨ, ਕਈ ਠੱਠਾ ਕਰਕੇ ਬੇਪਰਵਾਹ ਹੋ ਜਾਂਦੇ ਹਨ, ਕਈ ਵੈਰ ਕਰਕੇ ਇਨ੍ਹਾਂ ਨੂੰ ਸਤਾਉਦੇ ਹਨ। ਪਰ ਏਹ ਸਭ ਨਾਲ ਪ੍ਰੇਮ ਕਰਦੇ ਹਨ।
ਤੁਸੀਂ ਅੱਜ ਸਮਝ ਰਹੇ ਹੋ ਕਿ ਤੁਸੀਂ ਮਰ ਕੇ ਏਥੇ ਆ ਗਏ ਹੋ, ਪਰ ਤੁਸੀਂ ਅਜੇ ਸੰਸਾਰ ਵਿਚ ਮੋਏ ਨਹੀਂ, ਤੁਸੀ ਪ੍ਰਮਾਰਥ ਲਈ ਬਹੁਤ ਤਰਲੇ ਲੈਂਦੇ ਲੈਂਦੇ ਕਈ ਨਾਸਤਕ, ਸੰਸੇ ਬ੍ਰਿਤੀਆਂ ਤੇ ਮਾਯਾਵੀ ਲੋਕਾਂ ਦੇ ਸੰਗ ਨਾਲ ਕੁਝ ਉਦਾਸੀਨ ਹੋ ਜਾਂਦੇ ਸੀ, ਤੁਹਾਨੂੰ ਪੱਕਾ ਭਰੋਸਾ ਕਰਨ ਲਈ ਅਰ ਤੁਹਾਡੇ ਵਸੀਲੇ ਕਈਆਂ ਦੇ ਸੰਸੇ ਕੱਟਣ ਲਈ ਅੱਜ ਇਕ ਖੁਸ਼ੀ ਦੇ ਕਾਰਣ ਤੁਹਾਨੂੰ ਇਸ ਨਿਤ ਖੁਸ਼ੀ ਦਾ ਦਰਸ਼ਨ