

ਹਨ ਇਨ੍ਹਾਂ ਵਿਚ ਵੱਸ ਕੇ ਫੇਰ ਵਿਪਦਾ ਦੇ ਮੂੰਹ ਜਗਤ ਵਿੱਚ ਜਾਣਾ ਕੈਸੀ ਭਾਰੀ ਕੁਰਬਾਨੀ ਹੈ, ਕੈਸਾ ਅਚਰਜ ਤੇ ਅਮੋਲਕ ਪ੍ਰੇਮ ਹੈ ? ਤੁਸਾਂ ਸੰਸਾਰੀਆਂ ਨੇ ਇਸਦਾ ਕੀ ਕਦਰ ਪਾਯਾ ? ਉਨ੍ਹਾਂ ਦੇ ਸਪੁਤ੍ਰਾਂ ਦੇ ਚਲਾਣੇ ਨੂੰ ਸੁਣ ਕੇ ਤਾਂ ਕਦੇ ਰੋ ਬੀ ਪੈਂਦੇ ਹੋ, ਪਰ ਇਸ ਅਮਿੱਤ ਕੁਰਬਾਨੀ ਨੂੰ ਵਿਚਾਰਦੇ ਹੋ ਜੋ ਉਨ੍ਹਾਂ ਨੇ ਇਥੋਂ ਉਠੱ ਕੇ ਉਥੇ ਜਾਣ ਵਿਚ ਕੀਤੀ ਹੈ ? ਦੁਨੀਆਂ ਦੇ ਲੋਕ ਨਹੀਂ ਸਮਝ ਸਕਦੇ, ਪਰ ਤੁਸੀ ਤਾਂ ਪਰਤੱਖ ਝਲਕਾ ਦੇਖ ਰਹੇ ਹੋ । ਤੁਸੀ ਹੀ ਦੱਸੋ ਕਿਤਨਾ ਭਾਰਾ ਪ੍ਰੇਮ ਹੈ ?
ਮੈਂ ਰੋ ਕੇ ਕਿਹਾ ਦੀਨ ਦਿਆਲ ਜੀ । ਏਹ ਬੜਾ ਹੀ ਪ੍ਰਬਲ ਪ੍ਰੇਮ ਹੈ, ਇਨ੍ਹਾਂ ਮੰਡਲਾਂ ਤੋਂ ਮਾਤ ਲੋਕ ਵਿਚ ਜਾਣਾ, ਆਪਾ ਵਾਰ ਘਤਣਾ ਹੈ। ਮੈਨੂੰ ਅੱਜ ਸਮਝ ਆਈ ਹੈ ਕਿ ਸ੍ਰੀ ਕਲਗੀਧਰ ਜੀ ਨੇ ਸਾਡੇ ਨਾਲ ਕੇਡਾ ਪਿਆਰ ਕੀਤਾ ਹੈ। ਅੱਗੇ ਤਾਂ ਮੈਂ ਏਹੋ ਵਡੀ ਗੱਲ ਸਮਝਦਾ ਸਾਂ ਕਿ ਉਨ੍ਹਾਂ ਨੇ ਖੇਦ ਸਹਾਰੇ। ਪਰ ਅੱਜ ਸਮਝ ਪਈ ਹੈ ਕਿ ਉਨ੍ਹਾਂ ਦੇ ਖੇਦਾਂ ਦਾ ਕੀ ਅਰਥ ਹੈ। ਜਿਨ੍ਹਾਂ ਖੇਦਾਂ ਦਾ ਕਲੇਸ਼ ਅੱਗੇ ਸੋਲਾਂ ਆਨੇ ਸਮਝੀਦਾ ਸੀ ਅਜ ਕ੍ਰੋੜਾਂ ਰੁਪਯਾਂ ਦਾ ਹੋ ਦੱਸਿਆ ਹੈ। ਮੇਰਾ ਆਤਮਾਂ ਭੈ ਤੇ ਸਰਧਾ ਨਾਲ ਕੰਬਦਾ ਹੈ । ਗੁਰੂ ਜੀ ਨੇ ਕਿਤਨਾ ਉਪਕਾਰ ਕੀਤਾ ਹੈ, ਕਿਤਨਾ ਆਪਾ ਵਾਰਿਆ ਹੈ, ਕਿਤਨਾ ਪ੍ਰੇਮ ਸਾਡੇ ਤੇ ਨੌਛਾਵਰ ਕੀਤਾ ਹੈ, ਕਿਸ ਹੱਦ ਦਰਜੇ ਦੀ ਕੁਰਬਾਨੀ ਹੈ, ਸ਼ੋਕ! ਅਸਾਂ ਮੂਰਖਾਂ ਕੁਛ ਕਦਰ ਨਹੀਂ ਪਾਈ। ਦੇਖੋ ਸਾਡਾ ਕਦਰ ਕਰਨਾ ਕੀ ਸੀ ? ਏਹੋ ਕਿ ਅਸੀਂ ਸੰਸਾਰ ਵਿਚ ਉਨ੍ਹਾਂ ਦੇ ਆਉਣ ਦਾ ਪਰਯੋਜਨ ਸਮਝੀਏ ਜੋ ਸਾਡੇ ਹੀ ਭਲੇ ਲਈ ਸੀ, ਸਾਨੂੰ ਹਨੇਰੇ ਵਿਚੋਂ ਕੱਢਣ ਦਾ ਸੀ। ਵਿਚਾਰੋ ਸੁੰਞੀ ਮਾਯਾ ਦੀ ਬਨਾਵਟ ਵਿਚੋਂ ਖਲਾਸੀ ਦੇ ਕੇ ਸਚੇ ਆਤਮ ਚਾਨਣੇ ਵਿਚ ਲਿਆਉਣ ਦਾ ਸੀ, ਸੋ ਜੇ ਅਸੀਂ ਉਸ ਹਨੇਰੇ ਤੋਂ ਚਾਨਣੇ ਆ ਜਾਈਏ ਤਦ ਸਾਡਾ ਹੀ ਭਲਾ ਹੈ, ਅਸੀਂ ਹੀ ਇਸ ਮੰਡਲ ਦੇ ਵਿਚ ਵਾਸ ਪਾਉਂਦੇ ਹਾਂ ਤੇ ਉਧਰ ਕ੍ਰਿਤ ਕ੍ਰਿਤ ਹੁੰਦੇ ਹਾਂ ਕਿ ਅਸੀਂ ਗੁਰੂ ਦੀ ਕਦਰ ਪਾਈ ਹੈ । ਕਦਰ ਨਾਂ ਪਾਉਣ ਦਾ ਕੀ ਸਰੂਪ ਹੈ ? ਕਿ ਅਸੀਂ ਗੁਰੂ ਜੀ ਨੂੰ ਪਿਆਰ ਨਹੀਂ ਕਰਦੇ, ਪਿਆਰ ਨਾ ਕਰਨ ਕਰਕੇ ਉਨ੍ਹਾਂ ਦੇ ਉਪਦੇਸਾਂ ਨੂੰ ਧਾਰਨ ਨਹੀਂ ਕਰਦੇ, ਧਾਰਨ ਨਾਂ ਕਰਨੇ ਤੇ ਅਸੀਂ ਮਾਯਾ ਦੇ ਵਿਚ ਰਹਿੰਦੇ ਹਾਂ । ਮਾਯਾ ਸਾਨੂੰ ਯਾ ਤਾਂ ਵਿਕਾਰ ਰੂਪ ਰਸਾਂ ਦੇ ਜਾਲ ਪਾ