

ਕੇ ਫਸਾਈ ਰਖਦੀ ਹੈ ਜਾਂ ਵਿਦਿਆਂ ਦੇ ਤੰਦਣ ਤਾਣੇ ਵਿਚ ਸ਼ਕਤੀ ਦੀ ਝਿਲ ਮਿਲਾਹਟ ਹੇਠ ਸ਼ਿਵ ਦੇ ਚਾਨਣੇ ਨੂੰ ਲੁਕਾ ਕੇ 'ਅੰਧ ਰੂਪ ਮਹਾਂ ਭਿਆਨ' ਤੋਂ ਨਿਕਲਨ ਨਹੀ ਦੇਂਦੀ । ਸੋ ਅਸੀਂ ਹੀ ਇਉਂ ਫਸੇ, ਸ਼ੋਕ, ਦੁਖ, ਪੀੜਾ ਵਿਛੋੜਾ, ਭੁਖ ਹਾਵੇ ਆਦਿਕ ਕਲੇਸ਼ ਭੋਗਦੇ ਟਿੰਡਾਂ ਦੇ ਗੇੜ ਵਾਂਙ ਉਸ ਅੰਧਕੂਪ ਤੋਂ ਬਾਹਰ ਨਹੀਂ ਆਉਂਦੇ । ਸੋ ਕਦਰ ਨਾਂ ਕਰਨ ਵਿਚ ਗੁਰੂ ਜੀ ਦੀ ਹਾਨੀ ਨਹੀਂ, ਸਾਡੀ ਅਪਨੀ ਹਾਨੀ ਹੈ, ਤੇ ਕਦਰ ਪਾਣ ਵਿੱਚ ਸਾਡੀ ਹੀ ਕਲਿਆਨ ਹੈ । ਕਲਗੀਧਰ ਜੀ ਇਸ ਲਈ ਸੰਸਾਰ ਵਿਚ ਆਏ ਸੇ ਕਿ ਸਾਨੂੰ ਅਨੰਦ ਮੰਡਲਾਂ ਵਿਚ ਲੈ ਆਉਣ, ਜੇ ਅਸੀ ਉਨ੍ਹਾਂ ਦੇ ਆਖੇ ਨਹੀਂ ਲੱਗੇ ਤਦ ਅਸੀ ਵਾਂਝੇ ਗਏ ਹਾਂ, ਅਸੀ ਦੁਖੀ ਹਾਂ, ਅਸੀ ਕਲੇਸ਼ਾਂ ਵਿਚ ਬੱਝੇ ਪਏ ਹਾਂ । ਓਹ ਤਾਂ ਸਦਾ ਮੁਕਤ, ਸਦਾ ਸ਼ਿਵ, ਸਦਾ ਸੁਖ ਰੂਪ, ਸਦਾ ਅਨੰਦ ਹਨ। ਉਹ ਏਥੇ ਓਥੇ ਸਦਾ ਸੁਹੇਲੇ, ਸਦਾ ਵਾਹਿਗੁਰੂ ਨਾਲ ਵਿਥ ਪੈਣ ਤੋਂ ਰਹਤ ਹਨ। ਇਹ ਸਾਡੀ ਅਭਾਗਤਾ ਹੈ, ਇਹ ਸਾਡਾ ਅਪਨਾ ਘਾਟਾ ਹੈ ਕਿ ਅਸੀ ਕਦਰ ਨਹੀਂ ਪਾਂਦੇ । ਜਦ ਕਦਰ ਪਾਈਏ ਅਸੀ ਹੀ ਮੁਕਤ ਰੂਪ ਹਾਂ । ਹੋਰ ਕਦਰ ਪਾਣ ਨਾਲ ਅਸਾਂ ਪੂਰਨ ਨੂੰ ਹੋਰ ਪੂਰਨ ਥੋੜਾ ਹੀ ਕਰ ਦੇਣਾ ਹੈ ? ਆਪ ਪੂਰਨ ਦੇ ਨੇੜੇ ਹੋਕੇ ਪ੍ਰਸੰਨ ਹੋਣਾ ਹੈ।
ਇਹ ਸੁਣਕੇ ਉਨ੍ਹਾਂ ਨੇ ਕਿਹਾ ਫੇਰ ਜਦ ਏਹ ਗੱਲ ਹੈ ਤਦ ਤੁਹਾਡੇ ਲਈ ਕੇਡਾ ਜਰੂਰੀ ਹੈ ਕਿ ਇਹ ਭੇਤ ਤੁਸੀ ਸੰਸਾਰ ਵਿਚ ਰਹ ਕੇ ਸਮਝਾਓ । ਜਿੰਨੀਆਂ ਆਤਮਾਂ ਨੂੰ ਸਮਝ ਆ ਸਕੇ ਉਂਨਿਆਂ ਦਾ ਹੀ ਲਾਭ ਹੈ, ਅਰ ਤੁਸੀਂ ਸੁਭਾਗੀ ਹੋਵੋਗੇ। ਮੈਂ ਕਿਹਾ ਜੀ ਹੈ ਤਾਂ ਸੱਚ ਪਰ ਆਪ ਕਿਰਪਾ ਕਰੋ, ਕਹਣ ਲਗੇ ਕਿਰਪਾ ਅੱਜ ਹੋ ਗਈ ਜੋ ਐਥੇ ਆ ਕੇ ਤੁਹਾਡਾ ਭਰਮ ਕੱਟਿਆ ਗਿਆ, ਅੱਜ ਪੱਕਾ ਵਿਸਵਾਸ ਦਾ ਦਿਹਾੜਾ ਹੈ ਕਿ :-
'ਜਾ ਕੇ ਰਿਦੇ ਵਿਸਵਾਸ ਪ੍ਰਭ ਆਇਆ।
ਤਤ ਗਿਆਨ ਤਿਸ ਮਨ ਪ੍ਰਗਟਾਇਆ।'
ਵਿਸਵਾਸ ਦਾ ਦਰਜਾ ਬਹੁਤ ਉੱਚਾ ਹੈ ਸੰਸੇ ਦੀ ਭਿਆਨਕ ਖਾਡੀ ਟੱਪ