ਲਇਓ'' ਇਹ ਸੁਣਦੇ ਹੀ ਪ੍ਰੇਮਣ ਨੇ ਅਕਾਸ਼ ਵੱਲ ਤੱਕ ਕੇ ਕਿਹਾ 'ਆਹਾ ! ਸਾਰੀ ਰਾਤ ਦੀ ਤਪੱਸਯਾ ਕਰਨ ਵਾਲਿਓ। ਤੁਹਾਡੇ ਭਾਗਾਂ ਵਿਚ ਸਭ ਕੁਝ ਹੈ, ਪਰ ਇੱਕ ਗੱਲ ਤੋਂ ਵਾਂਝੇ ਹੋਏ ਹੋ। ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ, ਪਰ ਤੁਸੀਂ ਦੇਖ ਨਹੀਂ ਸਕੋਗੇ, ਸਾਰੀ ਸਿੱਖ ਕੌਮ ਦੀਆਂ ਖੁਸ਼ੀਆਂ ਦਾ ਦਰਸ਼ਨ ਸੂਰਜ ਲਵੇਗਾ, ਪਰ ਤੁਸੀਂ ਨਹੀਂ ਲੈ ਸਕੋਗੇ । ਧੰਨ ਹੈ ਸਤਿਗੁਰੂ !' ਇਹ ਗੱਲ ਸੁਣ ਕੇ ਤਾਰਿਆਂ ਦਾ ਰੰਗ ਫਿੱਕਾ ਪੈ ਗਿਆ, ਰਾਤ ਤ੍ਰਬਕ ਉੱਠੀ, ਅਰ ਇਸ ਭਾਰੀ ਖੁਸ਼ੀ ਤੋਂ ਵਾਂਜੇ ਜਾਣ ਦੀ ਅਕਾਂਖਾ ਵਿਚ ਹੀ ਤਾਰੇ ਪ੍ਰਾਰਬਧ ਦੇ ਪ੍ਰੇਰੇ ਹੋਏ ਗੁੰਮ ਹੁੰਦੇ ਗਏ। ਪਰ ਇਨ੍ਹਾਂ ਵਿਚ ਇਕ ਬੁਢਾ ਤਾਰਾ ਇੱਕ ਅੱਖਾ ਪੁਰਾਣਾ ਵਾਕਬ ਸੀ, ਡੁਬਦਾ ਡੁਬਦਾ ਉਸ ਪ੍ਰੇਮਣ ਨੂੰ ਸੈਨਤਾਂ ਨਾਲ ਸਮਝਾ ਗਿਆ ਕਿ ਹੱਛਾ ਦਿਨ ਦੀ ਮੌਜ ਤਾਂ ਤੁਸੀਂ ਲੁਟੋ ਖਾਂ, ਪਰ ਰਾਤ ਦੀ ਦੀਪਮਾਲਾ ਤੇ ਸ਼ਬਦ ਕੀਰਤਨ, ਸਾਰੀ ਰਾਤ ਦੇ ਜਾਗਣ ਤੇ ਪ੍ਰੇਮੀਆਂ ਦੇ ਉਤਸ਼ਾਹ ਤਾਂ ਅਸੀਂ ਆਣ ਹੀ ਵੇਖਾਂਗੇ । ਦਿਨ ਨੂੰ ਤਾਂ ਪ੍ਰੇਮੀ ਤੇ ਦੇਖਾ ਦੇਖੀ ਵਾਲੇ ਰਲੇ ਮਿਲੇ ਹੋਣਗੇ, ਪਰ ਰਾਤ ਨੂੰ ਨਿਰੋਲ ਪ੍ਰੇਮੀਆਂ ਦੇ ਧੰਨਯਵਾਦ ਨਾਲ ਪੂਰਤ ਹਿਰਦੇ ਹੀ ਉਸ ਕਲਗੀਆਂ ਵਾਲੇ ਗੁਰੂ ਦੇ ਗੀਤ ਗਾਉਣਗੇ, ਉਸ ਵੇਲੇ ਦੇ ਅਨੰਦ ਨੂੰ ਤਾਂ ਅਸੀਂ ਦੇਖਾਂਗੇ ਹੀ, ਅਰ ਗੁਰੂ ਮਹਾਰਾਜ ਦੇ ਪ੍ਰੇਮੀਆਂ ਗੁਰ ਪੁਰਬ ਦੇ ਅਨੰਦ ਦਾ ਹਿੱਸਾ ਆਣ ਹੀ ਵੰਡਾਂਵਾਂਗੇ' ਇਸ ਗੱਲ ਨੂੰ ਸਮਝਕੇ ਪ੍ਰੇਮਣ ਮਾਈ ਹੋਰ ਬੀ ਪ੍ਰਸੰਨ ਹੋਈ, ਕਿਉਂਕਿ ਓਹ ਚਾਹੁੰਦੀ ਸੀ ਕਿ ਗੁਰਪੁਰਬ ਦਾ ਹਿੱਸਾ ਸਭ ਕੋਈ ਲਵੇ, ਇਕ ਤਾਰਿਆਂ ਤੇ ਚੰਦ ਦਾ ਉਸ ਨੂੰ ਫਿਕਰ ਸੀ ਕਿ ਏਹ ਵਿਰਵੇ ਰਹਣਗੇ, ਪਰ ਹੁਣ ਤਸੱਲੀ ਹੋ ਗਈ ਕਿ ਇਹ ਬੀ ਖਾਲੀ ਨਹੀ ਰਹਣਗੇ । ਧੰਨ ਪ੍ਰੇਮੀ ! ਤੇ ਧੰਨ ਪ੍ਰੇਮੀਆਂ ਦੇ ਅਨੰਦ ਨੂੰ ਵੰਡਕੇ ਭੋਗਣ ਦਾ ਸੁਭਾਵ !
੨. ਗੁਰੂ ਗੋਬਿੰਦ ਸਿੰਘ ਜੀ ਅਦੁਤੀ ਹੈਂ !
ਸ੍ਵਾਮੀ ਦਯਾ ਨੰਦ ਆਰੀਆਂ ਦੇ ਆਗੂ ਨੇ ਅਪਨੀ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਿਚ ਮਾੜੀਆਂ ਬਾਤਾਂ ਕਹੀਆਂ ਹਨ । ਹੁਣ ਇੱਕ ਆਰਯਾ ਨੇ ਕਿਤਾਬ ਲਿਖੀ ਹੈ, ਜਿਸ ਵਿਚ ਦਸਵੇਂ ਗੁਰੂ ਜੀ ਦਾ ਇਤਿਹਾਸ ਹੈ।
ਇਸ ਵਿਚ ਉਸ ਨੇ ਕਈ ਥਾਂ ਗ਼ਲਤੀ ਖਾਧੀ ਹੈ, ਪਰ 'ਸੱਚ' ਉਸ ਪੁਰਖ ਦੀ ਕਲਮ ਵਿਚੋਂ ਜ਼ੋਰ ਦੇ ਦੇ ਕੇ ਨਿਕਲਿਆ ਹੈ, ਅਰ ਬੇਵੱਸਾ ਹੋ ਹੋ ਕੇ ਕਾਗਤ ਪਰ ਆ ਪ੍ਰਗਟ ਹੋਇਆ ਹੈ। ਇਕ ਥਾਂ ਤੇ ਉਸ ਨੇ ਲਿਖਿਆ ਹੈ ਕਿ 'ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰਾਮ ਚੰਦ੍ਰ, ਕ੍ਰਿਸ਼ਨ, ਰਾਮਾਨੁਜ, ਸ਼ੰਕਰਾ ਚਾਰਜ, ਮਹੰਮਦ ਆਦਿ ਬਹੁਤ ਨੀਵੇਂ ਸਨ, ਇਨ੍ਹਾਂ ਸਭਨਾਂ ਦੇ ਪਾਸ ਵਸੀਲੇ ਸਨ ਅਰ ਸਾਰੇ ਕੋਈ ਨਾਂ ਕੋਈ ਹੋਰ ਕਾਰਣ ਨੂੰ ਲੈ ਕੇ ਕੰਮ ਕਰਦੇ ਸਨ, ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਕਿਸੇ (ਸੰਸਾਰਕ) ਵਸੀਲੇ ਤੇ ਸਾਧਨ ਤੋਂ ਬਿਨਾਂ ਕੇਵਲ ਪਰਜਾ ਦੇ ਭਲੇ ਦੀ ਖਾਤਰ ਸੁਖਾਂ ਨੂੰ ਛੱਡ ਕੇ ਮੈਦਾਨ ਵਿੱਚ ਨਿਕਲੇ ਅਰ ਦੇਸ਼ ਉਤੇ ਉਪਕਾਰ ਕੀਤੇ'' ਇਸ ਪੋਥੀ ਦੇ ਲਿਖਣ ਵਾਲੇ ਨੇ ਇਥੋਂ ਤਕ ਸਿੱਧ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਤਾ ਰੱਖਣ ਵਾਲਾ ਬਹਾਦਰ, ਆਪਣੀ ਕੌਮ ਅਰ ਦੇਸ ਪੁਰ ਸੱਚੀ ਕੁਰਬਾਨੀ ਕਰਨ ਵਾਲਾ ਕਿਸੇ ਦੇਸ਼ ਵਿੱਚ ਅੱਜ ਤੱਕ ਕੋਈ ਨਹੀਂ ਹੋਇਆ, ਅਰ ਅਚਰਜ ਇਹ ਕਿ ਜਿਸ ਹਿੰਦੂ ਕੌਮ ਨੂੰ ਉਨ੍ਹਾਂ ਦੇ ਜੀਵਨ ਤੋਂ ਲਾਭ ਪਹੁੰਚਾ ਓਹ ਉਨ੍ਹਾਂ ਦੀ ਮਦਦ ਤੋਂ ਹੀ ਨਸਦੀ ਨਹੀਂ ਸੀ, ਸਗੋਂ ਵੈਰੀਆਂ ਨਾਲ ਰਲ ਕੇ ਖੇਦ ਦੇਂਦੀ ਸੀ, ਪਰ ਓਹ ਸਚੇ ਦੇਸ਼ ਹਿਤੈਸ਼ੀ ਉਪਕਾਰ ਕਰਦੇ ਸਨ। ਇਸ ਨੇ ਸਿੱਧ ਕੀਤਾ ਕਿ ਓਹ ਕੇਵਲ ਪਰਜਾ ਦੀ ਰਖਯਾ ਹਿੱਤ ਐਨੇ ਕਸ਼ਟਾਂ ਦਾ ਸਾਹਮਣਾਂ ਕਰਦੇ ਰਹੇ । ਫੇਰ ਇਸ ਨੇ ਸਿੱਧ ਕੀਤਾ ਹੈ ਕਿ ਜੋ ਸਿੱਖ ਜੰਞ ਪਹਨਦੇ ਹਨ ਓਹ ਆਪਣੇ ਆਪ ਨੂੰ ਸ਼ੂਦਰ ਬਨਾਂਦੇ ਹਨ, ਇਹ ਕਹਣਾਂ ਕਿ ਦਸਵੇਂ ਪਾਤਸ਼ਾਹ ਨੇ ਜਨੇਊ ਪਹਨਾਯਾ, ਗੁਰੂ ਸਾਹਿਬ ਦੇ ਆਸ਼ੇ ਦੇ ਵਿਰੁਧ ਹੈ, ਕਿਉਂਕਿ ਅੰਮ੍ਰਿਤ ਇਨ੍ਹਾਂ ਨੂੰ ਖਾਲਸਾ ਬਨਾਂਦਾ ਹੈ, ਖਾਲਸਾ ਹੋ ਕੇ ਫੇਰ ਹੋਰ ਚਿੰਨ੍ਹਾਂ ਦੀ ਲੋੜ ਨਹੀ। ਖੈਰ ! ਸਾਡਾ ਤਾਤਪਰਜ ਇਹ ਹੈ ਕਿ ਦੇਖੋ ਜੋ ਲੋਕ ਸਿੱਖਾਂ ਦੇ ਹਮਦਰਦ ਨਹੀਂ ਅਰ ਜਿਨ੍ਹਾਂ ਨੇ ਕਈ ਸਿੱਖਾਂ ਨੂੰ ਕੇਸਾਂ ਤੋਂ ਰਹਤ ਕਰਾ ਕੇ ਫ਼ਖ਼ਰ ਕੀਤਾ ਉਨ੍ਹਾਂ ਵਿਚੋਂ ਹੀ ਇਕ ਮੁਅੱਰਖ਼ ਦੀ ਕਲਮ ਨੇ ਕੈਸੇ ਸੱਚੇ ਬਚਨ ਕਹੇ ਹਨ। ਹੁਣ ਤੁਸੀਂ ਸੋਚੋ ਕਿ ਜਦ ਓਪਰੇ ਉਨ੍ਹਾਂ ਦੀ ਏਹ ਤਾਰੀਫ਼ ਕਰਦੇ ਹਨ, ਤਦ ਸਾਨੂੰ ਤੁਹਾਨੂੰ ਉਨ੍ਹਾਂ ਦੀ ਕਿੰਨੀ ਵਧੀਕ ਕਦਰ ਕਰਨੀ ਚਾਹੀਦੀ ਹੈ ? ਸਾਡੇ ਵਿਚ ਅਨੇਕਾਂ ਸਿੱਖ ਐਸੇ ਹਨ ਜੋ ਇਹ ਗੱਲ ਨਹੀ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਕੀਤੀ। ਕਈ ਕੁਸੰਗਤ ਦੇ ਪੱਟੇ ਐਸੇ ਹਨ ਜੋ ਗੁਰੂ ਨਾਨਕ
ਦੇਵ ਜੀ ਨੂੰ ਚੰਗਾ ਤੇ ਦਸਮੇਸ਼ ਜੀ ਨੂੰ ਉਨ੍ਹਾਂ ਤੋਂ ਨੀਵਾਂ ਜਾਣਦੇ ਹਨ, ਪਰ ਇਹ ਘਾਟਾ ਸਾਰਾ ਬੇਇਲਮੀ ਤੇ ਕੁਸੰਗਤ ਦਾ ਹੈ । ਸੋ ਅਸਾਂ ਸਭਨਾਂ ਦਾ ਧਰਮ ਹੋਣਾਂ ਚਾਹੀਦਾ ਹੈ ਕਿ ਅਸੀ ਉਨ੍ਹਾਂ ਦੇ ਉਪਕਾਰਾਂ ਨੂੰ ਪ੍ਰਗਟ ਕਰੀਏ, ਕਿ ਦੇਖੋ ਦੂਸਰੇ ਮਤਾਂ ਵਾਲੇ ਜਿਸ ਗੁਰੂ ਜੀ ਦੀ ਇਹ ਮਹਿੰਮਾ ਕੰਹਦੇ ਹਨ, ਤੁਹਾਨੂੰ ਕਿਉਂ ਉਨ੍ਹਾਂ ਪੁਰ ਭਰੋਸਾ ਨਹੀ ਬਝਦਾ ? ਇਕ ਹੋਰ ਸਿਖਛਾ ਨਿਕਲਦੀ ਹੈ। ਗੁਰੂ ਮਹਾਰਾਜ ਜੀ ਦੀ ਸੱਚੀ ਕੁਰਬਾਨੀ ਦਾ ਏਹ ਫਲ ਹੈ ਕਿ ਦੂਸਰੇ ਮਤਾਂ ਵਾਲੇ ਜੋ ਕੁਝ ਬੀ ਖੋਜ ਕਰਨ, ਬੇਵਸੇ ਮਹਾਰਾਜ ਦੀ ਉਸਤਤ ਕਰਦੇ ਹਨ। ਜੇ ਕੁਰਬਾਨੀ ਵਲ ਵਿੰਗ ਵਾਲੀ ਹੁੰਦੀ, ਤਦ ਭਲਾ ਓਪਰੇ ਮਹਿੰਮਾ ਕਰ ਸਕਦੇ ? ਕਦੀ ਨਹੀਂ । ਤਾਂਤੇ ਤੁਸੀ ਬੀ ਅਪਨੇ ਪਿਤਾ ਤੋਂ ਕੁਰਬਾਨੀ ਕਰਨੇ ਦਾ ਉਪਦੇਸ਼ ਲੈ ਕੇ ਸੱਚੀ ਕੁਰਬਾਨੀ ਕਰੋ, ਅਰ ਉਨ੍ਹਾਂ ਦੇ ਸਦੀਵ ਧੰਨਯਵਾਦੀ ਰਹੋ।
ਕੱਲ ਆਪ ਦਾ ਗੁਰਪੁਰਬ ਹੈ, ਦੱਸੋ ਆਪ ਕੀ ਕਰੋਗੇ ? ਸਾਡੀ ਜਾਚ ਵਿਚ ਤਾਂ ਅਪਨੇ ਪਿਤਾ ਦੇ ਜੀਵਨ ਨੂੰ ਵਿਚਾਰੋ ਤੇ ਉਨ੍ਹਾਂ ਦੇ ਪੂਰਨਿਆਂ ਪੁਰ ਤੁਰਨੇ ਦਾ ਯਤਨ ਕਰੋ । ਹੋਰ ਪ੍ਰਗਟ ਕਰਨੇ ਲਈ ਦੀਪਮਾਲਾ ਸ਼ਬਦ ਕੀਰਤਨ ਆਦਿ ਅਨੰਦ ਕਰੋ । ਅੰਦਰੋਂ ਬਾਹਰੋਂ ਸੱਚੇ ਹੋ ਕੇ ਸੱਚੀ ਸ਼ੁਕਰ ਗੁਜਾਰੀ ਕਰੋ । ਤੁਸੀਂ ਉਸ ਗੁਰੂ ਦੇ ਸਿਖ ਹੋ, ਨਹੀਂ ਪੁਤ੍ਰ ਹੋ ਕਿ ਜਿਸ ਨੂੰ ਇਕ ਆਰਯਾ ਲੇਖਕ ਨੇ ਅਦੁਤੀ ਵਰਣਨ ਕੀਤਾ ਹੈ। ਐਸੇ ਸਮਰੱਥ ਸਾਹਬ ਦੀ ਜੇ ਸੇਵਾ ਨਾਂ ਕਰੋ, ਐਸੇ ਸ਼ਕਤਿਮਾਨ ਦੇ ਪਿੱਛੇ ਲੱਗ ਕੇ ਹੋਰਥੇ ਭਟਕੋ ਤਦ ਦੱਸੋ ਖਾਂ ਕੀ ਕਹਾਵੋਗੇ ? ਪਯਾਰੇ ਸਜਨੋਂ! ਹੀਰੇ ਲਾਲ ਜਵਾਹਰਾਤ ਨੂੰ ਪਾ ਕੇ ਦਰ ਦਰ ਕੌਡਾਂ ਮੰਗਦੇ ਅਸੀਂ ਸੋਭਦੇ ਨਹੀਂ, ਸੋਭਾ ਇਸੇ ਵਿਚ ਹੈ ਕਿ ਅਪਨੇ ਕਲਗੀਆਂ ਵਾਲੇ ਦੇ ਅਨਿੰਨ ਸਿੱਖ ਹੋ ਕੇ ਉਸ ਦੇ ਸੱਚੇ ਪੁਤ੍ਰ, ਨੇਕੀ, ਭਜਨ, ਪਰਉਪਕਾਰ ਦਾ ਨਮੂਨਾਂ ਬਣੀਏਂ, ਜੋ ਸੰਸਾਰ ਵੇਖ ਕੇ ਕਹੇ ਕਿ ਪੂਰਨ ਪਿਤਾ ਦੇ ਲਾਇਕ ਪੁੱਤ੍ਰ ਹਨ।
੩. ਹੁਣ ਆ ਮਿਲ ਕਲਗੀਆਂ ਵਾਲਿਆ !
(ਰਾਗ ਸੋਹਣੀ)
ਮੈਂ ਦੁਨੀਆਂ ਤੋਂ ਚਿੱਤ ਚਾ ਲਿਆ,
ਤੇਰੇ ਚਰਨਾਂ ਨਾਲ ਲਗਾ ਲਿਆ,
ਮੈਂ ਤੈਨੂੰ ਨਿੱਤ ਸੰਭਾਲਿਆ !
ਹੁਣ ਆ ਮਿਲ ਕਲਗੀਆਂ ਵਾਲਿਆਂ !
ਕਈ ਜੁੱਗ ਗਏ ਹਨ ਬੀਤਦੇ,
ਨਿੱਤ ਰਹਿੰਦਿਆਂ ਵਿਚ ਉਡੀਕ ਦੇ,
ਇਉਂ ਚੋਖਾ ਜੱਫਰ ਜਾਲਿਆ,
ਹੁਣ ਆ ਮਿਲ ਕਲਗੀ ਵਾਲਿਆਂ !
ਮੈਂ ਦਿਨ ਨੂੰ ਆਹਾਂ ਮਾਰਦੀ,
ਗਿਣ ਤਾਰੇ ਰਾਤ ਗੁਜ਼ਾਰਦੀ,
ਮੈਂ ਬਨ ਦੁਖਾਂ ਦਾ ਝਾਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੈ ਹਰ ਦਮ ਸੋਚਾਂ ਸੋਚਦੀ,
ਨਿਤ ਦਰਸ਼ਨ ਤੇਰਾ ਲੋਚਦੀ,
ਮੈਂ ਰੋ ਰੋ ਜਿਗਰਾ ਗਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਤਕਦੀ ਰਾਹਾਂ ਤੇਰੀਆਂ,
ਪਾ ਜੋਗੀ ਵਾਲੀ ਫੇਰੀਆਂ,
ਮੈਂ ਲੁਛ ਲੁਛ ਹਾਲਵੰਜਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਸਹੀਆਂ ਵਿਚ ਨ ਖੇਡਦੀ,
ਮੈਂ ਖੂਹ ਬਿਰਹੋ ਦਾ ਗੇੜਦੀ,
ਮੈਂ ਦੁਖਾਂ ਖੇਤ ਉਗਾ ਲਿਆ,
ਹੁਣ ਆ ਮਿਲ ਕਲਗੀ ਵਾਲਿਆਂ ।
ਤੈਨੂੰ ਕਰ ਕਰ ਯਾਦ ਪਯਾਰਿਆ,
ਜੀਉ ਟੋਟੇ ਕਰ ਵਾਰਿਆ,
ਨਿਮਾਣੇ ਮਾਣਨ ਵਾਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੈਂ ਤੈਨੂੰ ਨਿੱਤ ਚਿਤਾਰਦੀ,
ਇਕ ਪਲ ਬੀ ਨਾਹਿ ਵਿਸਾਰਦੀ,
ਹਰ ਲੂੰ ਲੂੰ ਵਿਚ ਵਸਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਚਾਰ ਚੁਫੇਰੇ ਵੇਖਦੀ,
ਬਿਨ ਤੇਰੇ ਹੋਰ ਨ ਪੇਖਦੀ,
ਤੂੰ ਹਰ ਥਾਂ ਡੇਰਾ ਪਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਦੂਈ ਤੋਂ ਦਿਲ ਧੋ ਲਿਆ,
ਇਉਂ ਦੀਨ ਦੁਨੀ ਸਭ ਖੋਲਿਆ,
ਇਕ ਯਾਦ ਤੇਰੀ ਨੂੰ ਪਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕਰ ਮੇਹਰ ਇਸ ਔਗੁਣ ਹਾਰ ਤੇ,
ਹੁਣ ਛੇਤੀ ਆ ਦੀਦਾਰ ਦੇ,
ਹੇ ਬਖਸ਼ ਮਿਲਾਵਣ ਵਾਲਿਆ ।
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਪੱਲੇ ਕੋਈ ਨਰਾਸ ਹੈ