

ਸੁਧਾਰ ਕਰਤਾ- ਜੈਸੇ ਪੂਰਨ ਗੁਰੂ ਸੇ, ਵੈਸੇ ਹੀ ਸ੍ਰੀ ਗੁਰੂ ਜੀ ਪੂਰਨ ਸੁਧਾਰ ਕਰਤਾ ਸੇ । ਸੁਧਾਰ ਕਰਤਾ ਉਸ ਨੂੰ ਕਹਿੰਦੇ ਹਨ, ਜੋ ਆਪਣੇ ਸਮੇਂ ਆਪਣੇ ਇਰਦ ਗਿਰਦ ਦੇ ਲੋਕਾਂ ਵਿਚੋਂ ਪ੍ਰਚਲਤ ਕੁਰੀਤੀਆਂ ਦੂਰ ਕਰੇ ਅਰ ਸੁਰੀਤੀਆਂ ਨੂੰ ਫੈਲਾ ਦੇਵੇ । ਕਿਉਂਕਿ ਸ੍ਰੀ ਗੁਰੂ ਜੀ ਗੁਰੂ ਸੇ ਅਰ ਅਵਤਾਰ ਸੇ, ਐਸਾ ਹੋਣ ਕਰਕੇ ਨਿਰੋਲ ਪ੍ਰੇਮੀ ਸੇ, ਸੋ ਆਪ ਐਸਾ ਤ੍ਰੀਕਾ ਅਖਤਯਾਰ ਕਰਕੇ ਸੁਧਾਰ ਕਰਤਾ ਬਣੇ ਕਿ ਧੱਕੇ ਨਾਲ ਕਿਸੇ ਨੂੰ ਨਹੀਂ ਸੁਧਾਰਿਆ, ਪ੍ਰੇਮ ਨਾਲ ਸਾਫ ਕੀਤਾ ਹੈ । ਉਨ੍ਹਾਂ ਦੇ ਉਪਦੇਸ਼ ਵਿਚ ਐਸੀ ਸ਼ਕਤੀ ਸੀ, ਕਿ ਜੀਵਨ ਨੂੰ ਪਲਟਾ ਦੇਂਦੀ ਸੀ, ਉਨ੍ਹਾਂ ਦੇ ਦਰਸ਼ਨ ਵਿਚ ਓਹ ਖਿੱਚ ਸੀ ਕਿ ਜੀਵ ਉਨ੍ਹਾਂ ਦਾ ਪ੍ਰੇਮੀ ਹੋ ਕੇ ਉਨ੍ਹਾਂ ਦੇ ਵਾਕਾਂ ਤੋਂ ਬਾਹਰ ਤੁਰਨ ਦੀ ਦਲੇਰੀ ਨਹੀਂ ਕਰ ਸਕਦਾ ਸੀ । ਉਥੇ ਇਹ ਲੋੜ ਨਹੀਂ ਸੀ ਪੈਂਦੀ ਕਿ ਸਿੱਖ ਘਾਉਲੀ ਹੈ ਕੱਢ ਦਿਓ, ਨਹੀ ਸਿੱਖਾਂ ਵਿਚ ਤਾਬ ਨਹੀਂ ਸੀ ਕਿ ਆਖਾਂ ਨਾਂ ਮੰਨਦੇ। ਇਹ ਉਨ੍ਹਾ ਦੇ ਪ੍ਰੇਮ ਅਰ ਉਪਦੇਸ਼ ਦਾ ਪ੍ਰਭਾਵ ਸੀ । ਇਸੇ ਕਰਕੇ ਉਨ੍ਹਾਂ ਦਾ ਸੁਧਾਰ ਗੈਹਰਾ ਅਸਰ ਵਾਲਾ ਅਰ ਪੱਕੀ ਤਾਸੀਰ ਵਾਲਾ ਸੀ, ਆਪਣੇ ਵਕਤ ਵਿਚ ਸੁਧਰੇ ਹੋਏ ਲੋਕਾਂ ਦੀ ਗਿਣਤੀ ਗੁਰੂ ਸਾਹਿਬ ਨੇ ਅੱਧੇ ਕੌੜ ਤੋ ਵਧੀਕ ਕਰ ਦਿੱਤੀ ਸੀ । ਅਰ ਆਮ ਲੋਕ ਜੋ ਤਾਸੀਰ ਪਾ ਗਏ, ਅਨੇਕ ਸਨ, ਅੱਜ ਤੱਕ ਉਨ੍ਹਾਂ ਦੇ ਸੁਧਾਰ ਦਾ ਆਮ ਅਸਰ ਪੰਜਾਬ ਵਿਚ ਹੈ । ਚੌਕੇ ਦੀ ਛੂਤ, ਜ਼ਾਤ ਨਾਂ ਹੋਣੀ, ਜਾਤਾਂ ਦੇ ਮਿਲਵਰਤਣ, ਵਿਧਵਾ ਦੇ ਵਿਆਹ ਦੀ ਖੁੱਲ੍ਹ, ਹਿੰਦੂ ਮੁਸਲਮਾਨ ਦਾ ਇੱਕੋ ਪਰਮੇਸ਼ਰ ਦਾ ਨਾਂ ਲੈਣਾ, ਦਇਆ ਦਾਨ, ਸਫਾ ਦਿਲੀ ਪੰਜਾਬ ਵਿਚ ਗੁਰੂ ਸਾਹਿਬਾਂ ਦੀ ਮੇਹਨਤ ਦਾ ਫਲ ਹਨ, ਹੁਣ ਵਲੈਤ ਹੋ ਆਏ ਬੰਗਾਲੀ ਨੂੰ ਬੰਗਾਲੀ ਛੇਕ ਦੇਂਦੇ ਹਨ, ਪਰ ਪੰਜਾਬੀ ਕੁਛ ਵਿਚਾਰ ਨਹੀਂ ਕਰਦੇ, ਤ੍ਰੀਮਤਾਂ ਦੀ ਅਧੋਗਤੀ, ਵਿਧਵਾ ਨਾਲ ਜ਼ੁਲਮ, ਪੰਜਾਬ ਵਿਚ ਓਹ ਨਹੀਂ ਹਨ, ਜੋ ਬੰਗਾਲੇ ਵਿਚ ਹਨ। ਸਤੀ ਦੀ ਰਸਮ ਰੋਕਣੀ, ਧੀ ਮਾਰਨੀ ਬੰਦ ਕਰਨੀ, ਧੀ ਵੇਚਣੀ ਮਨ੍ਹਾਂ ਕਰਨੀ, ਏਹ ਸਾਰੇ ਖਯਾਲ ਪੰਜਾਬ ਵਿਚ ਗੁਰੂ ਸਾਹਿਬਾਂ ਨੇ ਫੈਲਾਏ । ਇਸ ਪਰਕਾਰ ਧਾਰਮਕ ਭਾਈਚਾਰਕ ਵਿੱਦਯਕ ਸੁਧਾਰ ਗੁਰੂ ਜੀ ਨੇ ਐਸੇ ਆਹਲਾ ਕੀਤੇ ਕਿ ਜਿਸਦੀ ਨਜ਼ੀਰ ਨਹੀਂ ਮਿਲ ਸਕਦੀ।