Back ArrowLogo
Info
Profile

ਜੋਧਾ- ਪਹਿਲੇ ਸਰੂਪ ਗੁਰੂ ਪਦ ਦੇ ਅਧਕਾਰ ਨੂੰ ਕੇਵਲ ਵਰਤਦੇ ਰਹੇ,ਅਰ ਲੋਕਾਂ ਨੂੰ ਪਾਪ ਤੋਂ ਕੱਢ ਕੇ ਵਾਹਿਗੁਰੂ ਨਾਲ ਮੇਲਦੇ ਰਹੇ, ਪਰ ਦੂਸਰਾ ਅਧਕਾਰ ਜੋ ਅਵਤਾਰ ਹੋਣ ਦੀ ਹੈਸੀਅਤ ਵਿਚ ਉਸ ਖਾਸ ਵਕਤ ਦੇ ਸੰਕਟ ਨਿਵਿਰਤ ਕਰਨ ਦਾ ਸੀ, ਜਿਸਦੇ ਦੋ ਸਾਧਨ ਸਨ, ਸੁਧਾਰ ਤੇ ਜੰਗ, ਸੋ ਗੁਰੂ ਜੀ ਕਰਦੇ ਰਹੇ । ਪੈਹਲੇ ਜ਼ਾਲਮ ਮਜਲੂਮ ਦੋਹਾਂ ਨੂੰ ਸਮਝਾਯਾ ਸਿਖਾਯਾ, ਪਰ ਜਦ ਡਿੱਠਾ ਕਿ:-

'ਦੁਹੂੰ ਪੰਥ ਮੈ ਕਪਟ ਬਿਦਯਾ ਚਲਾਨੀ'

ਤਦ ਜਰੂਰ ਹੋਇਆ ਕਿ:-

'ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ।

ਜੋ ਲੋਕ ਸੁਧਰ ਚੁਕੇ ਮੈਂ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਇਨਸਾਫ਼ ਦੇ ਪਦ ਪਰ ਲਿਆਉਣ ਦੀ ਲੋੜ ਸੀ। ਇਸ ਕਾਰਜ ਲਈ ਦਵੱਲੀ ਉਪਦੇਸ਼ ਕੀਤੇ, ਪਰ ਜਦ ਲਾਲਚ ਅੱਟਿਆਂ ਨੂੰ ਜ਼ੁਲਮ ਤੋਂ ਟਲਦਿਆਂ ਨਾਂ ਡਿੱਠਾ । ਜਦ ਸਾਫ ਦਿੱਸ ਰਿਹਾ ਸੀ ਕਿ ਪਰਜਾ ਦੀ ਸਦੀਆਂ ਦੀ ਖਿਮਾਂ ਨੇ ਹਾਕਮਾਂ ਵਿੱਚ ਜ਼ੁਲਮ ਨੂੰ ਘਟਾਯਾ ਨਹੀ ਤਦ ਕੇਵਲ ਉਪਦੇਸ਼ ਤੋ ਛੁੱਟ ਏਸ ਗੱਲ ਦੀ ਬੀ ਲੋੜ ਸੀ ਕਿ ਸਮੱਸਯਾ ਕਰਾਣ ਵਾਲਾ, ਮਜਲੂਮ ਦੀ ਥਾਂ ਆਪਣੀ ਜਾਨ ਪਰ ਖੇਡ ਜਾਏ । ਇਸ ਲਈ ਸਤਿਗੁਰਾਂ ਨੂੰ ਕੁਰਬਾਨੀ ਕਰਨੀ ਤੇ ਸਿਖਲਾਣੀ ਪਈ । ਪਰ ਹਾਰ ਮੰਨਕੇ ਕੁਰਬਾਨ ਹੋਣ ਵਾਲਾ ਜੰਤ੍ਰ ਤਾਂ ਸਦੀਆਂ ਤੋਂ ਵਰਤੀਜ ਰਿਹਾ ਸੀ, ਓਹ ਕਾਰਗਰ ਨਹੀਂ ਸੀ ਹੋਇਆ, ਤੇ ਆਪਣੇ ਰਾਜ ਭਾਗ ਲਈ ਲੜਨਾ ਕੁਰਬਾਨੀ ਨਹੀਂ ਸੀ, ਇਸ ਕਰਕੇ ਦੁਖੀ ਦੀਨ ਦੀ ਰਖਿਆ ਕਰਨੀ ਅਰ ਉਸ 'ਪਰ ਹਿਤ' ਵਿਚ ਜਾਨ ਦੇ ਦੇਣੀ, ਏਸ ਕੁਰਬਾਨੀ ਦੀ ਲੋੜ ਆ ਪਈ। ਏਹੋ ਸਤਿਗੁਰਾਂ ਨੇ ਸਿਖਾਈ। ਰਖਿਆ ਕਰਨ ਵਿਚ ਜਿਸ ਜੀ ਦੀ ਰਖਿਆ ਕਰੀਦੀ ਹੈ ਉਸਨੂੰ ਦੁਖ ਦੇਣ ਵਾਲੇ ਦੀ ਜ਼ਬਰਦਸਤੀ ਦੀ ਰੋਕ ਕਰਨੀ ਪੈਂਦੀ ਹੈ, ਉਸ ਰੋਕ ਕਰਨ ਵਿਚ ਮੁਕਾਬਲਾ ਪੈਂਦਾ ਹੈ । ਜੇ ਮੁਕਾਬਲਾ ਨਾ ਕਰਨਾ ਹੋਵੇ ਕੇਵਲ ਆਪਣੀ ਜਾਨ ਹੀ ਦੇ ਦੇਣੀ ਹੋਵੇ ਤਦ ਰਖਿਆ ਨਹੀਂ ਹੋ ਸਕਦੀ, ਤਦ ਤਾਂ ਜਿੱਕੂੰ ਮਜ਼ਲੂਮ ਮਰ ਰਿਹਾ ਹੈ ਉੱਕਰ ਆਪ ਨਾਲ ਮਰ ਜਾਣਾ ਹੋਇਆ।

83 / 158
Previous
Next