

ਭੇਡ ਦੀ ਰੱਖਯਾ ਕਰਨ ਵੇਲੇ ਜੇ ਅੱਯਾਲੀ ਭੇਡ ਵਾਂਗੂੰ ਨਿਮਾਣਾ ਹੋਕੇ ਬਘਯਾੜ ਤੋਂ ਮਰ ਜਾਵੇ ਤਦ ਰਖਿਆ ਕਾਹਦੀ ਹੋਈ ? ਰਖਿਆ ਤਦੇ ਹੈ ਕਿ ਬਘਯਾੜ ਨੂੰ ਰੋਕਿਆ ਜਾਵੇ, ਰੋਕਣ ਵੇਲੇ ਇਕ ਕਸ਼ਮਕਸ਼ ਹੋਣੀ ਹੋਈ । ਇਸ ਕਸ਼ਮਕਸ਼ ਨੂੰ ਲੜਾਈ ਕਹਿੰਦੇ ਹਨ । ਗੁਰੂ ਸਾਹਿਬਾਂ ਨੇ ਜਦ ਦੀਨ ਰਖਿਆ ਆਰੰਭੀ ਤਦ ਕੁਰਬਾਨੀ ਸਿਖਲਾਈ, ਪਰ ਰਖਿਆ ਵਿਚ ਮੁਕਾਬਲੇ ਦੀ ਲੋੜ ਹੁੰਦੀ ਹੈ, ਇਸ ਲਈ ਸੀਸ ਦੇਣ ਤੋ ਪਹਿਲੇ ਸਾਮ੍ਹਣਾ ਕਰਨ ਦੀ ਜਾਚ ਦੱਸਣੀ ਜ਼ਰੂਰੀ ਸੀ, ਓਹ ਜਾਚ ਰਣ ਵਿੱਦਯਾ ਯਾ ਯੁੱਧ ਦੀ ਜਾਚ ਸੀ, ਇਸ ਵਿਚ ਇਕ ਭਾਰੇ ਜੋਧੇ ਦੀ ਲੋੜ ਸੀ । ਓਹ ਜੋਧਾ ਗੁਰੂ ਜੀ ਆਪ ਬਣੇ । ਓਹ ਜਿਸ ਨੂੰ ਆਪ ਗੁਰੂ ਵੇਖ ਆਏ ਹੈ, ਅਵਤਾਰ ਵੇਖ ਆਏ ਹੋ, ਸੁਧਾਰ ਕਰਤਾ ਤੇ ਉਪਦੇਸ਼ਕ ਵੇਖ ਆਏ ਹੋ, ਹੁਣ ਜੋਧਾ, ਕਰਕੇ ਵੇਖੋ । ਆਪ ਨੇ ਤਲਵਾਰ ਧਾਰੀ, ਸਿੱਖਾਂ ਦੀ ਕਾਯਾਂ ਪਲਟੀ, ਉਨ੍ਹਾਂ ਵਿਚ ਬੀਰ ਰਸ ਭਰਿਆ, ਜੁਧ ਵਿੱਦਯਾ ਦੀ ਉਹ ਪ੍ਰਬੀਨਤਾ ਗੁਰੂ ਜੀ ਵਿਚ ਸੀ ਕਿ ਸਦੀਆਂ ਦੀ ਪੈਰਾਂ ਹੇਠ ਰੁਲਦੀ ਨਿਤਾਣੀ ਪਰਜਾ ਅੱਖ ਝਮਕਣ ਵਿਚ ਬੀਰ ਬਾਂਕੁਰੀ ਤੇ ਜੋਧਾ ਕਰ ਦਿੱਤੀ। ਇਕ ਅੰਗ੍ਰੇਜ਼ ਜੋ ਸਿੱਖਾਂ ਦਾ ਇਤਹਾਸ ਜ਼ਰਾ ਮਖ਼ੌਲਾਂ ਨਾਲ ਲਿਖਦਾ ਹੈ ਗੁਰੂ ਜੀ ਦੀ ਮਹਿੰਮਾ ਕਰਨੋ ਰੁਕ ਨਹੀਂ ਸਕਦਾ, ਉਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਜਰਨੈਲੀ ਯਾ ਜੁਧ ਵਿਦਯਾ ਵਿਚ ਓਹ ਲਯਾਕਤ ਸੀ ਕਿ ਆਪ ਨੇ ਆਖਣੇ ਦਿਮਾਗ਼ ਵਿਚੋਂ ਝੱਟ ਪੱਟ ਤਯਾਰ ਬਰ ਤਯਾਰ ਖਾਲਸਾ ਐਉਂ ਉਤਪਤ ਕਰ ਦਿੱਤਾ ਕਿ ਜਿਕੂੰ ਦਯੂਸਪ੍ਰਿਤ ਦੇਵਤਾ ਨੇ ਅਪਨੇ ਸਿਰ ਵਿਚੋਂ ਨੌ ਜਾਵਾਨ ਦੇਵੀ ਮਿਨਰਵਾ ਪੈਦਾ ਕੀਤੀ ਸੀ । ਕਿੱਕੂ ਬੀਰ ਰਸ ਦੀ ਰੂਹ ਫੂਕ ਕੇ ਇਕ ਦਮ ਜੋਧਾ ਕੌਮ ਬਣਾ ਲਈ । ਇਹ ਮੰਤ੍ਰ ਕੋਈ ਨਹੀਂ ਜਾਣਦਾ। ਗੁਰੂ ਜੀ ਦੀ ਜੰਗੀ ਲਯਾਕਤ, ਜੋਧਾ ਹੋਣ ਦੀ ਪ੍ਰਬੀਨਤਾ ਕਿਧਰੇ ਲੁਕੀ ਹੋਈ ਨਹੀਂ । ਜਿਕੂੰ ਗੁਰੂ ਹੋ ਕੇ ਰੂਹਾਂ ਨੂੰ ਵਾਹਿਗੁਰੂ ਵਿਚ ਮਿਲਾਯਾ, ਜਿਕੂੰ ਅਵਤਾਰ ਹੋ ਕੇ ਸੰਕਟ ਹਰੇ, ਜਿਕੂੰ ਸੁਧਾਰ ਕਰਤਾ ਹੋ ਕੇ ਸੁਧਾਚਾਰ ਅਰ ਸੁਰੀਤ ਫੈਲਾਈ ਉਸੇ ਤਰਾਂ ਜੋਧਾ ਹੋਕੇ ਇਕ ਐਸੀ ਕੌਮ ਪੈਦਾ ਕੀਤੀ ਕਿ ਜਿਸਦੀ ਬੀਰਤਾ ਦੀ ਕੀਰਤੀ ਏਸ ਵੇਲੇ ਤਕ ਸਾਰੇ ਸੰਸਾਰ ਵਿਚ ਪਸਰ ਰਹੀ ਹੈ, ਗੁਰੂ ਜੀ ਦਾ ਇਕ ਫਕੀਰੀ ਦੀ ਹਾਲਤ ਵਿਚ ਮੁਗ਼ਲੀਆਂ ਸਲਤਨਤ ਦੇ ਟਾਕਰੇ ਦੀ ਕੌਮ ਤੇ ਸਾਮਾਨ ਪੈਦਾ ਕਰਨਾ ਅਰ ਉਨ੍ਹਾਂ