

ਪ੍ਰਬੀਨਤਾ ਦੇ ਫੈਸਲੇ ਨੂੰ ਮਾਤਾ ਦੇ ਹੁਕਮ ਪਰ ਛੱਡ ਕੇ ਆਗਿਆਕਾਰ ਸਪੁਤ੍ਰ ਦੀ ਕਾਰ ਪੂਰੀ ਕਰ ਦਿਖਾਈ । ਜੈਸੇ ਲਾਇਕ ਪੁਤ੍ਰ ਸੇ ਵੈਸੇ ਹੀ ਲਾਇਕ ਪਤੀ ਅਰ ਆਪਣੀ ਔਲਾਦ ਦੇ ਪਿਤਾ ਸੇ । ਇਸਤ੍ਰੀ ਨਾਲ ਸਲੂਕ ਪ੍ਰੇਮ ਤੇ ਕ੍ਰਿਪਾਲਤਾ ਦਾ ਸੀ, ਸਤਸੰਗ ਅਰ ਪਰਮਾਰਥ ਦੀ ਸਾਂਝ ਉਸ ਨਾਲ ਪੂਰੀ ਸੀ, ਅਰ ਓਹ ਇਨ੍ਹਾਂ ਦੇ ਚਰਨਾਂ ਕਮਲਾਂ ਦੇ ਭ੍ਰਮਰ ਸੇ । ਔਲਾਦ ਨੇਕ ਆਗਯਾਕਾਰ ਅਰ ਪਿਤਾ ਦੇ ਜੌਹਰਾਂ ਨਾਲ ਚਮਤਕ੍ਰਿਤ ਸੀ । ਆਪ ਦਾ ਸਲੂਕ ਪ੍ਰੇਮ ਕ੍ਰਿਪਾਲਤਾ ਤੇ ਸਿੱਖਯਾ ਦੇਣ ਵਾਲਾ ਸੀ । ਬੱਚਯਾਂ ਦਾ ਸਦਾਚਾਰ ਐਸਾ ਮਜ਼ਬੂਤ ਬਨਾਯਾ ਕਿ ੭ ਤੇ ੯ ਬਰਸ ਦੇ ਬੱਚਿਆਂ ਤੱਕ ਨੇ ਮੌਤ ਚੱਖੀ, ਪਰ ਧਰਮ ਨਹੀਂ ਦਿੱਤਾ । ਚੌਦਾਂ ਅਠਾਰਾਂ ਬਰਸ ਦੇ ਬੱਚਿਆਂ ਨੇ ਪੁਰਜਾ ਪੁਰਜਾ ਕੱਟਕੇ ਜਾਨਾਂ ਸਦਕੇ ਕੀਤੀਆਂ ਪਰ ਪਿੱਠ ਨਹੀਂ ਦਿੱਤੀ । ਗ੍ਰਹਸਤ ਆਸ਼ਮ ਦੇ ਪੂਰਨ ਨਿਰਬਾਹ ਵਿਚ ਗੁਰੂ ਜੀ ਨੇ ਗੁਰਤਾ, ਅਵਤਾਰਤਾ, ਸੁਧਾਰ ਕਰਤਵਤਾ, ਜੋਧਾਪਨ, ਨੀਤੀ ਵਿਦਵਤਾ, ਪੰਡਤਾਈ ਆਦਿ ਨੂੰ ਦਾਗ਼ ਨਹੀਂ ਆਉਣ ਦਿੱਤਾ। ਪੱਕੇ ਗ੍ਰਹਸਤੀ ਦੀ ਤਰਾਂ ਨੇਕ ਤੇ ਲਾਇਕ ਔਲਾਦ ਬਨਾਈ। ਪਰਵਾਰ ਵਿਚ ਪ੍ਰੇਮ ਤੇ ਭਗਤੀ ਰੱਖੀ, ਜਦ ਵਿਯੋਗ ਹੋਯਾ, ਮਾਤਾ ਚਲ ਬਸੀ, ਔਲਾਦ ਸ਼ਹੀਦ ਹੋ ਗਈ ਤਦ ਪੂਰਨ ਧੈਰਜ ਅਰ ਰਜ਼ਾਂ ਮੰਨਣ ਦੀ ਅਲੌਕਕ ਦਸ਼ਾ ਦਿਖਾਈ। ਜਦ ਕਿਸੇ ਕਿਹਾ 'ਆਪਦੇ ਲਾਇਕ ਪੁਤ੍ਰ ਮਰ ਗਏ' ਤਦ ਬੋਲੇ, 'ਮੇਰੇ ਪੁਤ੍ਰ ਮੇਰੇ ਸਿੱਖ ਹਨ, ਜੋ ਚਾਰ ਦੇ ਕੇ ਮੈਂ ਲੱਖਾਂ ਦੀ ਗਿਣਤੀ ਵਿਚ ਲਏ ਹਨ। ਏਹ ਸਦਾ ਜੀਉਂਦੇ ਹਨ ' । ਗ੍ਰਹਸਤੀ ਹੋਣਾ, ਪਰ ਗ੍ਰਹਸਤ ਦੇ ਬਾਣਾਂ ਦੀ ਚੋਭ ਨਾ ਖਾਣੀ ਏਹ 'ਪਰਵਾਨ ਗ੍ਰਹਸਤ ਉਦਾਸ' ਸਤਿਗੁਰੂ ਨੇ ਵਰਤਕੇ ਦਿਖਾਇਆ।
ਦੇਸ਼ ਹਿਤੈਸ਼ੀ ਗੁਰੂ ਜੀ ਜਿਸ ਦੇਸ਼ ਵਿਚ ਹੋਏ, ਉਸਦੇ ਬੜੇ ਹਿਤੈਸ਼ੀ ਹੋਏ। ਕਿਸੇ ਦੇਸ਼ ਦਾ ਅਹਿਤ ਉਨ੍ਹਾਂ ਦਾ ਮੰਤਵ ਨਹੀਂ ਸੀ, ਸਰਬ ਬ੍ਰਹਮੰਡ ਉਨ੍ਹਾਂ ਦਾ ਸ੍ਵਦੇਸ਼ ਸਾ। ਪਰ ਆਪਣੇ ਦੇਸ ਦਾ ਹਿੱਤ ਬੜਾ ਪਿਆਰਾ ਸੀ । ਦੁਖ ਪੀੜਤ ਪਰਜਾ ਨੂੰ ਆਪਣੇ ਆਪ ਤੇ ਭਰੋਸਾ ਕਰਨਾ ਅਰ ਆਪਣੇ ਆਚਰਨ ਨਾਲ ਬਲੀ ਹੋਣਾ, ਅਰ ਸੁਤੰਤ੍ਰਤਾ ਦੀ ਰੂਹ ਵਿਚ ਜੀਉਣਾ ਗੁਰੂ ਜੀ ਨੇ ਸਿਖਲਾਯਾ। ਦੇਸ਼ ਹਿਤ ਉਪਕਾਰ ਕਰਨਾ ਤੇ ਖੇਦ ਝਲਨੇ ਸਿਖਾਏ । ਵਿੱਦਯਾ ਦੇ ਹਿੱਤ ਨਾਲ ਦੇਸ ਸੇਵਾ