ਹਾਂ ਜੀ ਇਹੋ ਸੁਭਾਗ ਵੇਲਾ ਹੈ। ਕੁਦਰਤ ਚੁਪਚਾਨ ਖੜੀ ਹੈ। ਟਿਕਾਉ ਹੈ, ਸੁਹਾਉ ਹੈ, ਸਾਹਿਬਾਂ ਦੇ ਦਰਬਾਰ ਆਸਾ ਦੀ ਵਾਰ ਲਗ ਰਹੀ ਹੈ, ਕੀਰਤਨ ਹੋ ਰਿਹਾ ਹੈ। ਹੁਣ ਵੇਲਾ ਹੋ ਗਿਆ ਹੈ ਹੋਰ ਸਵੇਰਾਂ ਦਾ, ਪਰ ਅਜੇ ਹਨੇਰਾ ਹੈ, ਅਜੇ ਰਾਤ ਹੈ, ਇਸ ਵੇਲੇ ਆਉਂਦੇ ਹੁੰਦੇ ਸਨ ਦੀਵਾਨ ਵਿਚ ਆਪ ਸ੍ਰੀ ਗੁਰੂ ਜੀ- ਸਾਰੇ ਗੁਰੂ ਸਾਹਿਬ*। (ਉਹੋ ਰਹੁਰੀਤ ਜਾਰੀ ਹੈ ਹੁਣ ਤਕ, ਸ੍ਰੀ ਹਰਿ ਮੰਦਰ ਜੀ ਵਿਚ ਉਸੇ ਵੇਲੇ ਆਉਂਦੀ ਹੈ ਅਸਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ) ਅਜ ਬੀ ਸਾਹਿਬ ਉਸੇ ਵੇਲੇ ਆਪ ਆਏ ਤੇ ਅਪਣੇ ਤਖਤ ਤੇ ਬਿਰਾਜ ਗਏ। ਕੀਰਤਨ ਹੋ ਰਿਹਾ ਹੈ, ਮਾਨੋ ਰਸ ਰੰਗ ਭਰੀਆਂ ਸੁਰਾਂ ਦੇ ਮੇਲ ਤੋਂ ਬਣੀ ਇਕਸਰਤਾ ਦੀ ਬਰਫ ਦੇ ਰੂੰ ਗੁਹੜੇ ਮਲਕੜੇ ਮਲਕੜੇ ਪੈ ਰਹੇ ਹਨ ਮਨ ਉਤੇ। ਸਾਰੇ ਸੀਤਲਤਾਈ ਤੇ ਟਿਕਾਉ ਵਿਚ ਟਿਕ ਰਹੇ ਹਨ। ਰਾਗੀ ਸਿੰਘ ਵਾਰ ਤੇ ਛੱਕੇ ਗਾਉਂਦੇ ਹੁਣ ਇਕ ਸ਼ਬਦ ਦੀ ਰੰਗਤ ਵਿਚ ਆਏ, ਉਸ ਵਿਚ ਮਾਨੋ ਨਾਮ ਦਾ ਰਾਹ ਅੰਕਿਤ ਵੇਖਿਓ ਨੇ ਉਸ ਛਿਨ, ਇਉਂ ਕੁਛ ਵਿਚਾਰਕੇ ਉਸ ਨੂੰ ਕੀਰਤਨ ਵਿਚ ਪ੍ਰਕਾਸ਼ ਦੇਣ ਲਈ ਝੁਕ ਪਏ ਰਾਗੀ ਅਲਾਪ ਵਲ। ਛੇੜ ਦਿੱਤਾ ਨੇ ਮਿੱਠਾ ਮਿੱਠਾ ਅਲਾਪ ਭੈਰਵੀ ਦਾ, - ਹਾਂ ਅਲਾਪ ਹੋ ਰਿਹਾ ਹੈ ਭੈਰਵੀ ਰਾਗ ਦਾ, ਈਸ਼੍ਵਰ ਆਰਾਧਨ ਦੀ ਤਾਸੀਰ ਵਾਲੀ ਭੈਰਵੀ। ਨਿਰਾ ਅਲਾਪ ਕਿੱਡੀ ਦੂਰ ਬਰੀਕੀ ਵਿਚ ਪ੍ਰੋ ਦਿੰਦਾ ਹੈ ਮਨ ਨੂੰ ਭਾਵ ਵਿਚ। ਏਕਾਗਰਤਾ ਦਾ ਰਸ ਬੰਨ੍ਹਣ ਵਿਚ ਅਲਾਪ ਦਾ ਅਜਰ ਅਕੱਥ ਹੈ। ਕੁਛ ਚਿਰ ਅਲਾਪ ਦਾ ਰੰਗ ਬੰਨ੍ਹਕੇ ਹੁਣ ਰਾਗੀ ਸਿੰਘ ਤਾਲ ਵਿਚ ਆ ਗਏ, ਲਗੇ ਭੈਰਵੀ ਤਾਰ ਵਿਚ ਵਜਾਉਣ, ਬੈਠਵੀਂ ਲੈ ਵਿਚ, ਹਾਂ ਲਗੇ ਝੂੰਮਾਂ ਪੈਦਾ ਕਰਨ। ਕੁਛ ਚਿਰ ਮਗਰੋਂ ਫਿਰ ਹੁਣ ਖੁੱਲ੍ਹ ਪਏ ਗਲੇ, ਇਲਾਹੀ ਸੁੰਦਰਤਾ ਦੇ ਜਾਣੂ ਗਲੇ, ਗੁਰਬਾਣੀ ਆਈ ਰਾਗ ਵਿਚ, ਕੀਰਤਨ ਹੋ ਗਿਆ ਇਕ ਗੁਰੂ ਉਚਾਰੇ ਸਬਦ ਦਾ, ਜਿਸ ਸ਼ਬਦ ਦਾ ਭਾਵ ਕਿ ਨਾਮ ਦੀ ਤਾਸੀਰ ਨੂੰ ਵਰਣਨ ਕਰਦਾ ਨਾਮ ਵਿਚ ਪ੍ਰੋ ਲੈਂਦਾ ਹੈ ਰਸੀਏ ਦੇ ਮਨ