ਅਤਰ ਸਿੰਘ ਧਾਰੀ ਨੇ ਸਾਹ ਵੀ ਨਾ ਲਿਆ ਤੇ ਮੌਤ ਨੂੰ ਗਲਵਕੜੀ ਪਾ ਲਈ। ਨਿਹਾਲ ਸਿੰਘ ਨਿਢਾਲ ਸੀ। ਹਰੀ ਸਿੰਘ ਨਲੂਏ ਦੀ ਸਾਰੀ ਵਰਦੀ ਜਲ ਚੁੱਕੀ ਸੀ। ਸਾਰਾ ਜਿਸਮ ਕਬਾਬ ਬਣ ਚੁਕਾ ਸੀ। ਜਾਨ ਪਤਾ ਨਹੀਂ ਕਿਥੇ ਅਟਕੀ ਹੋਈ ਸੀ।
-ਇਕ ਮਰ ਗਿਆ, ਦੋਂਹ ਦਾ ਪਤਾ ਨਹੀਂ ਕਦ ਮਰ ਜਾਣ। ਮਹਾਰਾਜ ਮੱਥਾ ਫੜ ਕੇ ਬਹਿ ਗਏ।
ਨਵਾਬ ਮੁਜ਼ਫਰ ਖਾਂ ਗਲ ਵਿਚ ਪੱਲਾ ਪਾ ਕੇ ਹਾਜ਼ਰ ਆ ਹੋਇਆ।
-ਭੁੱਲ ਹੋ ਗਈ ਮਹਾਰਾਜ। ਮੈਂ ਦੂਜਿਆਂ ਦੀਆਂ ਬਾਹਵਾਂ ਤੇ ਭੁੱਲਾ।
-ਨਵਾਬ ਸਾਹਿਬ ਮੈਨੂੰ ਕਿਲਾ ਮੂਲੋਂ ਮਹਿੰਗਾ ਪਿਆ ਏ। ਤਿੰਨ ਜਰਨੈਲ ਦੇ ਕੇ ਇਕ ਕਿਲਾ ਲੈ ਲਿਆ ਤੇ ਕੀ ਲਿਆ? ਨਵਾਬ ਸਾਹਿਬ ਤੇਰੀ ਭੁਲ ਮੈਨੂੰ ਬਖਸ਼ਾਉਣੀ ਪੈ ਗਈ।
ਮੈਂ ਖਤਾਵਾਰ ਹਾਂ। ਬੰਦਾ ਭੁਲਣਹਾਰ ਏ, ਭੁਲ ਜਾਂਦਾ ਏ। ਦੋ ਵਾਰ ਅੱਗੇ ਭੁੱਲਾਂ ਬਖਸ਼ੀਆਂ ਨੇ, ਤੀਜੀ ਵਾਰ ਵੀ ਬਖਸ਼ ਦਿਓ। ਹੱਥ ਬੰਨ੍ਹ ਖੜੇ ਸਨ ਨਵਾਬ ਤੇ ਉਹਦੇ ਮੁੰਡੇ।
-ਨਵਾਬ ਸਾਹਿਬ, ਮੇਰੇ ਬਾਪੂ ਨੇ ਮਰਨ ਲਗਿਆ ਪਤਾ ਏ ਮੈਨੂੰ ਕੀ ਦਿਤਾ ਸੀ, ਕੋਈ ਜਾਗੀਰ ਨਹੀਂ, ਕੋਈ ਕਿਲਾ ਨਹੀਂ। ਮੇਰੇ ਬਾਬੇ ਦੇ ਤਿੰਨ ਹਲ ਸਨ, ਇਕ ਖੂਹ, ਬੱਸ ਇਹੋ ਮੇਰੀ ਜਾਇਦਾਦ ਸੀ। ਪਰ ਬਾਪੂ ਨੇ ਮੈਨੂੰ ਇਕ ਹੋਰ ਵੀ ਜਾਇਦਾਦ ਦਿਤੀ, ਉਹ ਸੀ, 20 ਗੋਲੀਆਂ ਤੇ ਇਕ ਪਸਤੌਲ ਤੇ ਬਸ ਫਿਰ ਉਸ ਦਮ ਤੋੜ ਦਿੱਤਾ। ਉਸ ਵੇਲੇ ਮੇਰੀ ਉਮਰ ਸੱਤ ਸਾਲ ਦੀ ਸੀ
-ਪੰਦਰਾਂ ਗੋਲੀਆਂ ਮੈਂ ਬਚਪਨ ਵਿਚ ਚਲਾ ਦਿਤੀਆਂ ਤੇ ਪੰਜ ਮੇਰੇ ਕੋਲ ਹਨ। ਇਹ ਪੰਦਰਾਂ ਗੋਲੀਆਂ ਜਿਹੜੀਆਂ ਮੈਂ ਨਿਸ਼ਾਨੇ ਬਾਜੀ ਵਿਚ ਜਾਇਆ ਕੀਤੀਆਂ ਸਨ, ਤੈਨੂੰ ਪਤਾ ਏ ਕਿ ਮੈਨੂੰ ਕਿੰਨਾ ਦੁਖ ਏ। ਹਜ਼ਾਰਾਂ ਗੋਲੀਆਂ ਚਲਾਈਆਂ, ਹਜ਼ਾਰਾਂ ਬਰਬਾਦ ਕੀਤੀਆਂ ਪਰ ਇਹ ਗੋਲੀਆਂ ਮੈਨੂੰ ਜਾਨ ਤੋਂ ਜਿਆਦਾ ਅਜ਼ੀਜ਼ ਹਨ। ਸਿਰਫ ਇਕ ਗੋਲੀ ਨੇ ਮੁਲਤਾਨ ਦਾ ਗੜ੍ਹ ਤੋੜਿਆ ਏ। ਅਜੇ ਵੀ ਚਾਰ ਗੋਲੀਆਂ ਮੇਰੇ ਕੋਲ ਬਾਪੂ ਦੀ ਅਮਾਨਤ ਹਨ। ਆਪਣੀਆਂ ਬਾਹਵਾਂ ਤੇ ਮਾਣ ਕਰੀਦਾ ਏ। ਮਾਂਗਵੀ ਧਾੜ ਲੜਦੀ ਨਹੀਂ।
ਸਿਰ ਲਾਹ ਦਿਓ, ਜਲਾਦ ਅੱਗੇ ਵਧੇ। ਨਵਾਬ ਥਰ ਥਰ ਕੰਬ ਰਿਹਾ ਸੀ। ਤੂਤ ਦੀ ਛਿਟੀ ਵਾਂਗ।
ਠਹਿਰੋ ਇਨ੍ਹਾਂ ਦੇ ਨਹੀਂ, ਸਿਰ ਲਾਹੋ ਔਹ ਬਕਰਿਆਂ ਦੇ। ਜਾਓ ਨਵਾਬ ਸਾਹਿਬ ਦੇਗਾਂ ਚਾੜ੍ਹੋ ਤੇ ਫਕੀਰਾਂ ਵਿਚ ਨਿਆਜ਼ਾਂ ਵੰਡੋ। ਨਜ਼ਰਾਨਾ, ਇਹ ਸਾਰਾ ਨਜ਼ਰਾਨਾ ਮਸਜਿਦਾਂ ਮਕਬਰਿਆਂ ਖਾਨਗਾਵਾਂ ਤੇ ਮੰਦਰਾਂ ਵਿਚ ਤਕਸੀਮ ਕਰ ਦਿਤਾ ਜਾਵੇ। ਨਵਾਬ ਸਾਹਿਬ ਨੂੰ ਖਿਲਤ ਦਿਓ। ਤੇ ਮੁਲਤਾਨ ਦਾ ਕਿਲ੍ਹਾ ਤੇ ਮੁਲਤਾਨ ਦੀ ਸੂਬੇਦਾਰੀ ਬਖਸ਼ ਦਿਓ। ਦਾਤਾ ਮੇਰੇ ਤੇ ਆਪੇ ਮਿਹਰਬਾਨ ਹੋਵੇਗਾ।
ਮਹਾਰਾਜ, ਜ਼ਿੰਦਾਬਾਦ। ਸਰਕਾਰ ਜ਼ਿੰਦਾਬਾਦ। ਪੰਜਾਬੀ ਰਾਜ ਜਿੰਦਾਬਾਦ। ਆਵਾਜ਼ਾਂ ਨੇ ਸਰਕਾਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ।