ਆਰਾਮ ਨਾਲ ਸੌਂ ਜਾਉ। ਤੁਹਾਨੂੰ ਆਰਾਮ ਦੀ ਲੋੜ ਏ। ਕਿਲ੍ਹਾ ਫਤਿਹ ਹੋ ਗਿਆ। ਮਹਾਰਾਜ ਲਾਹੌਰ ਜਾ ਰਹੇ ਹਨ। ਔਹ ਸੁਣੇ, ਧੌਂਸੇ ਵੱਜਣ ਦੀ ਆਵਾਜ਼ ਤੁਸੀਂ ਵੀ ਉਹਨਾਂ ਦੇ ਨਾਲ ਓ। ਕੱਲ੍ਹ ਸ਼ਾਹੀ ਦਰਬਾਰ ਹੋ ਰਿਹਾ ਏ। ਜਗੀਰਾਂ, ਖਲਕਾਂ, ਖਿੱਲਤਾਂ, ਕੰਠੇ ਬੁਗਤੀਆਂ, ਕੜੇ ਤੇ ਮੋਹਰਾਂ ਦਾ ਮੀਂਹ ਵਰਨ ਲਗ ਪਏਗਾ। ਅਸੀਂ ਕੱਲ੍ਹ ਲਾਹੌਰ ਪੁਜ ਜਾਵਾਂਗੇ। ਸਾਰਾ ਪੰਜਾਬ ਲਾਹੌਰ ਢੁੱਕ ਕੇ ਆਏਗਾ। ਫਕੀਰ ਅਜ਼ੀਜ਼ ਉਦ ਦੀਨ ਨੇ ਦਵਾਈ ਦਿਤੀ ਤੇ ਚੁਪ ਹੋ ਗਿਆ ਸਰਦਾਰ।
ਕੁਹਾਰ ਮੋਢੇ ਬਦਲ ਰਹੇ ਸਨ ਤੇ ਘੋੜੇ ਆਪਣੀ ਰਫਤਾਰ ਵਿਚ ਵਧਦੇ ਜਾ ਰਹੇ ਸਨ। ਪਾਲਕੀਆਂ ਘੋੜਿਆਂ ਦੇ ਨਾਲ ਸਾਵੀਆਂ ਜਾ ਰਹੀਆਂ ਸਨ। ਰਫ਼ਤਾਰ ਵਿਚ ਕੋਈ ਫ਼ਰਕ ਨਹੀਂ ਸੀ ਪੈ ਰਿਹਾ।
ਕਾਫਲਾ ਅੱਗੇ ਵਧ ਰਿਹਾ ਸੀ। ਸਫਰ ਦਾ ਲੱਕ ਟੁੱਟਦਾ ਜਾ ਰਿਹਾ ਸੀ। ਧੂੜ ਪਿਛੇ ਰਹਿੰਦੀ ਜਾਂਦੀ ਤੇ ਘੋੜੇ ਅਗੇ ਲੰਘਦੇ ਜਾਂਦੇ।
ਇਕ ਹਾਏ ਹਾਏ ਦੀ ਆਵਾਜ਼ ਪਾਲਕੀ ਵਿਚੋਂ ਆਈ।
ਇਹ ਕਿਹਦੀ ਆਵਾਜ਼ ਏ?
ਇਹ ਆਵਾਜ਼ ਨਿਹਾਲ ਸਿੰਘ ਅਟਾਰੀ ਵਾਲੇ ਦੀ ਏ।
ਸਰਦਾਰ ਨੂੰ ਤਕਲੀਫ ਕੁਝ ਜ਼ਿਆਦਾ ਜਾਪਦੀ ਏ। ਹਕੀਮ ਸਾਹਿਬ।
ਨਹੀਂ! ਫਕੀਰ ਜੀ। ਸਾਡੇ ਇਲਾਜ ਵਿਚ ਰੱਤੀ ਫਰਕ ਨਹੀਂ। ਸੁੱਤਿਆ ਪਾਸੇ ਅੱਕ ਗਏ ਨੇ। ਪਾਸਾ ਪਰਤਿਆ ਤੇ ਫੇਰ ਦਰਦ ਤੇ ਹੋਣਾ ਈ ਹੋਇਆ। ਮੈਂ ਨਸ਼ੇ ਦੀ ਇਕ ਗੋਲੀ ਦੇ ਦਿੱਤੀ ਏ। ਹੁਣ ਲਾਹੌਰ ਤੱਕ ਲੋੜ ਨਹੀਂ ਪੈਣੀ। ਹਰੀ ਸਿੰਘ ਨਲੂਏ ਦੀ ਹਾਲਤ ਕੁਝ ਠੀਕ ਏ ਪਰ ਆਰਾਮ ਦੀ ਉਹਨਾਂ ਨੂੰ ਵੀ ਲੋੜ ਏ। ਹਕੀਮ ਰਾਮ ਸਹਾਏ ਆਖ ਕੇ ਚੁਪ ਹੋ ਗਿਆ।
ਪਾਲਕੀਆਂ ਆਪਣੀ ਰਫਤਾਰ ਵਿਚ ਤੇ ਘੋੜੇ ਆਪਣੀ ਰਫ਼ਤਾਰ ਵਿਚ। ਕਿਸੇ ਨੂੰ ਕਿਸੇ ਦਾ ਪਤਾ ਨਹੀਂ ਸੀ। ਸਿਰਫ਼ ਸਫਰ। ਜਦ ਗੋਲੀ ਦਾ ਸਰੂਰ ਜ਼ਰਾ ਕੁ ਮੱਠਾ ਪਿਆ ਤੇ ਲਾਹੌਰ ਦੇ ਬੁਰਜ ਨਜ਼ਰ ਆਉਣ ਲਗ ਪਏ। ਸੂਰਜ ਉਗ ਆਇਆ ਸੀ। ਹਾਲੀ ਹਲ ਕੱਢ ਕੇ ਜਾ ਰਹੇ ਸਨ। ਤੰਦੂਰ ਤੇ ਤਾਂ ਮੁਟਿਆਰਾਂ ਨੇ ਇਕ ਇਕ ਤੌਣ ਪਕਾ ਲਈ ਸੀ।