ਨਵਾਬ ਸਾਹਿਬ, ਧੀਰਜ ਰੱਖੋ। ਮਹਾਰਾਜ ਬੜੇ ਮਿਹਰਬਾਨ ਹਨ। ਜੇ ਤੁਹਾਨੂੰ ਕਿਤੇ ਠੱਤੀ ਕੁ ਜੁਰਬ ਵੀ ਆਈ ਤਾਂ ਵੀ ਮੈਂ ਦੇਣਦਾਰ ਹਾ। ਆਓ ਮੇਰੇ ਨਾਲ ਮਹਾਰਾਜ ਪਾਸ ਚਲੀਏ। ਘਬਰਾਓ ਨਾ। ਬੋਲ ਨਲੂਏ ਦੇ ਸਨ।
ਨਵਾਬ ਨੂੰ ਰੱਸਿਆਂ ਨਾਲ ਜਕੜ ਕੇ ਹਰੀ ਸਿੰਘ ਨਲੂਆ ਸਰਕਾਰ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ। ਹੁਣ ਨਵਾਬ ਦਾ ਸਿਰ ਝੁਕਿਆ ਹੋਇਆ ਸੀ।
ਸਾਬਾਸ ਨਲੂਏ। ਤੇਰੀ ਰਾਤੀ ਕੋਈ ਨਹੀਂ ਜੰਮਿਆਂ। ਵਹਿੜਕਾ ਜੂੜ ਕੇ ਆਦਾ ਈ। ਕੱਲਾ ਈ ਮਗਰ ਨੱਸ ਗਿਆ ਸੈ? ਜੇ ਕੁਝ ਹੋਰ ਹੋ ਜਾਂਦਾ ਤੇ ਫੇਰ? ਏਨੀ ਹੱਲਾ ਸ਼ੇਰੀ ਭੰਗੀ ਨਹੀਂ। ਮਹਾਰਾਜ ਦੇ ਬੋਲ ਸਨ।
ਤੁਹਾਡੀਆਂ ਅਸੀਸਾਂ ਮੇਰੇ ਨਾਲ ਸਨ। ਅਰਜ਼ ਕੀਤੀ ਨਲੂਏ ਨੇ।
ਨਵਾਬ ਸਾਹਿਬ ਤੁਹਾਡੇ ਨਾਲ ਹੁਣ ਕੀ ਸਲੂਕ ਕੀਤਾ ਜਾਏ?
ਸਲੂਕ। ਜਿਹੜਾ ਵਿਜਈ ਹਾਰੇ ਹੋਏ ਸਿਪਾਹੀ ਨਾਲ ਕਰਦਾ ਏ?
ਇਹਦਾ ਫੈਸਲਾ ਤੇ ਸਿਰਫ ਤੋਪ ਕੋਲ ਏ ਜਾਂ ਤਲਵਾਰ ਕੋਲ। ਪਰ ਨਵਾਬ ਸਾਹਿਬ ਮੇਰੇ ਏਸ ਫੈਸਲੇ ਨੂੰ ਵਧੀਆ ਫੈਸਲਾ ਨਹੀਂ ਮੰਨਦਾ। ਤੂੰ ਮੇਰੇ ਪੰਜਾਬ ਦਾ ਵਾਸੀ ਏ। ਤੂੰ ਮੇਰਾ ਗਵਾਂਢੀ ਭਰਾ ਏ। ਤੇਰੀਆਂ ਬਾਹਵਾਂ ਮੇਰੀਆਂ ਆਪਣੀਆਂ ਬਾਹਵਾਂ ਹਨ। ਅਸੀਂ ਪੰਜਾਬ ਦੀ ਨੋਕ ਪਲਕ ਸਵਾਰਨੀ ਏ। ਅਸਾਂ ਪੰਜਾਬ ਤੋਂ ਦਿੱਲੀ ਦੀ ਛੁੱਟ ਲਾਹ ਕੇ ਸੁੱਟਣੀ ਏ। ਪੰਜਾਬ ਨੂੰ ਸਵਰਗ ਬਨਾਉਣਾ ਏ। ਪੰਜਾਬ 'ਚ ਇਕ ਮਜ਼ਬੂਤ ਹਕੂਮਤ ਕਾਇਮ ਕਰਨੀ ਦੇ। ਕੀ ਤੂੰ ਸਾਡਾ ਸਾਥ ਦੇਵੇਗਾ? ਭੁੱਲ ਤੇ ਭਰਾਵਾਂ ਕੋਲੋਂ ਦੀ ਹੁੰਦੀ ਏ।
ਸਰਕਾਰ ਇਕ ਵਾਰ ਭੁੱਲ ਹੋ ਗਈ। ਇਕ ਭੁੱਲ ਨੂੰ ਤੇ ਅੱਲਾ ਤਾਲਾ ਵੀ ਬਖਸ਼ ਦੇਦਾ ਏ। ਮੇਰੀ ਇਕ ਭੁੱਲ ਬਖਸ਼ ਦਿਓ. ਮੈਂ ਤੁਹਾਡੀਆਂ ਲੱਖਾਂ ਮੰਨਾਂਗਾ ਏਸ ਕਾਜ ਵਿਚ ਕੁਤਬੁਲਦੀਨ ਦੀ ਤਲਵਾਰ ਸਭ ਤੋਂ ਪਹਿਲਾਂ ਉਠੇਗੀ। ਮੇਰੇ ਲਹੂ ਦੀ ਆਖਰੀ ਬੂੰਦ ਏਸ ਕਾਜ ਵਿਚ ਸ਼ਾਮਲ ਹੋਵੇਗੀ। ਪੰਜਾਬ ਵਿਚ ਇਕ ਮਜ਼ਬੂਤ ਹਕੂਮਤ ਹੁਣ ਬਣ ਕੇ ਰਹੇਗੀ। ਅਰਜ ਕੀਤੀ ਨਵਾਬ ਨੇ।
ਖੋਲ੍ਹ ਦਿਓ। ਇਹਦਾ ਜਲਾਲ ਇਹਨੂੰ ਮੁੜ ਕੇ ਬਖਸ਼ ਦਿਓ। ਖਿਲਤ ਪਹਿਨਾਓ। ਇਹਦੀ ਤਲਵਾਰ ਖੋਹ ਲਓ। ਮੇਰੇ ਵਲੋਂ ਇਹਨੂੰ ਇਕ ਤਲਵਾਰ ਤੇ ਇਕ ਘੋੜਾ ਦਿਓ।