ਮਜਾਖ ਨਿਜਾਮੁਲ ਮੁਲਕ ਨੂੰ, ਖਾਨ ਦੌਰਾ ਲਾਏ।
'ਕਿਬਲਾ ਬੁੱਢੇ ਬਾਦਰ ਦੱਖਣੀ ਮੁਜਰੇ ਕੇ ਆਏ।
ਓ ਸਰੇ ਕਚਹਿਰੀ ਬਾਦਸ਼ਾਹ, ਕਰ ਟੇਕ ਹਸਾਏ।
ਨਿਜ਼ਾਮੁਲ ਸੁਣਿਆ ਕੰਨੀ ਆਪਣੀ ਦੁਖ ਦਿਲ ਵਿਚ ਲਾਏ।
ਉਨੂੰ ਤੀਰ ਕਲੇਜੇ ਵਰਮ ਦਾ ਦਿਹੁੰ ਰਾਤ ਹੰਡਾਏ।
ਭਾ ਲੱਗਾ ਸੀ ਦਾਉਣੇ, ਅੰਗਿਆਰ ਪਿੰਡਾਏ।
ਕਰ ਮਨਸੂਬਾ ਸਾਰ ਦਾ ਉਦਮਾਦ ਉਠਾਏ।
ਘਰ ਦੇ ਭੇਤੀ ਦਹਸਿਰ ਮਾਰਿਆ, ਸੜ ਲੰਕਾ ਜਾਏ।
ਜ਼ਰਾ ਇਖਲਾਕ ਦਾ ਮਜ਼ਾਕ ਮੁਲਾਹਜ਼ਾ ਹੋਵੇ। ਦਿੱਲੀ ਵਾਲੇ ਕਿੰਨੇ ਕੁ ਬਾਇਖਲਾਕ ਬੰਦੇ ਸਨ। ਤਹਿਜ਼ੀਬ ਦਾ ਗਹਿਵਾਰਾ ਕਿੰਨੀਆਂ ਕੁ ਹੱਦਾਂ ਛੋਹ ਚੁੱਕਾ ਸੀ।
ਕੇਮ ਆਯੂਦ, ਮਾਯੂਦ ਦੀ, ਵਡ ਆਦਮ ਖਾਉਣ।
ਸੌ ਮਰਦ ਇਕ ਇਸਤ੍ਰੀ, ਸੰਗ ਰਾਤ ਹੰਡਾਉਣ।
ਦਿੱਲੀ ਤੇ ਈਰਾਨੀਆਂ ਦਾ ਇਹ ਅਖਲਾਕ ਸੀ। ਇਹ ਕਰੈਕਟਰ ਸੀ ਤੇ ਇਹ ਸੁਭਾਅ ਸੀ। ਜ਼ਨਾਗਾਰ ਅਯਾਸ਼ ਤੇ ਜ਼ਾਲਮ ਪਰਲੇ ਦਰਜੇ ਦੇ। ਲੋੜ ਵੇਲੇ ਮਰਦ ਤੇ ਔਰਤ ਦੀ ਪਛਾਣ ਨਹੀਂ ਸਨ ਕਰਦੇ। ਜ਼ਰਾ ਲੁਟ ਦਾ ਵੀ ਜਲਵਾ ਵੇਖੋ -
ਗੁਜਰਾਤੋ ਛੁਟੀ ਮੰਗ, ਮਿਰਜ਼ੇ ਬਦਲ ਬੇਗ।
ਮਹਰਾ ਪਹੁੰਚ ਗਇਆ ਤਲਵੰਡੀ, ਡੇਰਾ ਸ਼ਾਹਦਰੇ।
ਉਹਨਾਂ ਲੁਟ ਲਈ ਸੀ ਮੰਡੀ ਏਮਨਾਬਾਦ ਦੀ।
ਉਹਨਾਂ ਨਾ ਛੱਡੀ ਚੌਖੰਡੀ ਨਾ ਕੇ ਧਰਮਸਾਲ।
ਕੁਦਰਤ ਸਾਹਿਬ ਸੰਦੀ ਦੇਖੋ ਬੰਦਿਓ।
ਦਿੱਸੇ ਮਨ ਬਲੰਦੀ, ਅੱਗੋਂ ਸਾਹਮਣੇ।
ਉਸ ਦਿਨ ਦੂਰ ਰਹੀ ਸੀ ਡੰਡੀ, ਪਰ ਦਰਯਾ ਦੀ।
ਬੱਸ ਇਹੋ ਈ ਨਾਦਰ ਏ ਤੇ ਉਹਦਾ ਚੇਲਾ ਚਾਟੜਾ, ਅਹਿਮਦ ਸ਼ਾਹ ਅਬਦਾਲੀ। ਜਿਹਨੇ ਸਾਡੇ ਗੁਜਰਾਂਵਾਲੇ ਦੀਆਂ ਹਵੇਲੀਆਂ, ਮਹਿਲ ਮਾੜੀਆਂ ਜ਼ਮੀਨ ਦੇ ਨਾਲ ਬਰਾਬਰ ਕਰ ਦਿੱਤੀਆਂ ਸਨ। ਕਿਲ੍ਹੇ ਵੀਰਾਨ ਕਰ ਦਿੱਤੇ ਸਨ। ਕੋਠੇ ਖੇਹ ਕਰ ਦਿੱਤੇ ਸਨ। ਉਹ ਔਰਤਾਂ ਜਿਹਨਾਂ ਦੇ ਅੰਗ ਕਦੀ ਸੂਰਜ ਚੰਨ ਨੇ ਨਹੀਂ ਸਨ ਵੇਖੇ, ਈਰਾਨੀਆਂ ਤੇ ਅਬਦਾਲੀਆਂ ਨੇ ਅਲਫ ਨੰਗੀਆਂ ਕਰ ਕੇ ਨਚਾਈਆਂ। ਕੋਈ ਸੂਰਮਾ ਨਾ ਉਠਿਆ। ਕਿਸੇ ਬਹਾਦਰ ਦਾ ਨਾ ਲਹੂ ਪੰਘਰਿਆ। ਆਪਣੀ ਮਾਂ ਭੈਣ ਤੇ ਧੀ ਦੀ ਇਜ਼ਤ ਵੇਖਦੇ ਰਹੇ।