ਫੌਜਾਂ ਘਰੋਂ ਅਟਕ ਨੂੰ ਚਾਲੇ ਪਈਆਂ ਤੇ ਰਾਹ ਵਿਚ ਸਲਾਹ ਬਦਲ ਗਈ। ਸਰਕਾਰ ਅਜੇ ਲਾਹੌਰ ਵਿਚ ਬੈਠੀ ਬਾਰਾਂਦਰੀ ਦੀ ਹਵਾ ਫੱਕ ਰਹੀ ਸੀ। ਕਸ਼ਮੀਰ ਵੱਲ ਕੂਚ ਕਰਨ ਦਾ ਹੁਕਮ ਸਾਦਰ ਹੋਇਆ। ਫੌਜ ਤਿਆਰੇ ਕੱਸ ਰਹੀ ਸੀ। ਜਵਾਨ ਜਹਾਨ ਫੌਜੀ ਇਕ ਵਾਰ ਆਪਣੀ ਮਹਿਬੂਬਾ ਨੂੰ ਮਿਲਣਾ ਚਾਹੁੰਦੇ ਸਨ, ਦੇਰ ਸਿਰਫ ਏਸੇ ਗੱਲ ਦੀ ਸੀ। ਮਹਾਰਾਜ ਜਾਣ ਬੁੱਝ ਕੇ ਘੇਸਲੇ ਬਣੇ ਬੈਠੇ ਸਨ। ਦੂਰ ਦਾ ਪੰਧ, ਮੁੰਡਿਆਂ ਨੂੰ ਆਪਣਾ ਰਾਂਝਾ ਰਾਜ਼ੀ ਕਰ ਲੈਣ ਦਿਓ।
ਤੇਗਾਂ ਮੁੰਡਿਆਂ ਈ ਮਾਰਨੀਆਂ ਨੇ, ਮੌਜ ਮੇਲਾ ਕਰ ਲੈਣ ਦਿਓ ਚਾਰ ਦਿਨ। ਪਰਸੋਂ ਕੂਚ ਏ. ਹੁਕਮ ਮਿਲ ਚੁੱਕਾ ਸੀ ਫੌਜ ਨੂੰ। ਲਾਹੌਰ ਵਿਚ ਬੜੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਵਜਦਾ ਸੀ। ਡੱਬੀ ਬਜ਼ਾਰ ਵਿਚ ਸੁਰਮੇ ਦਾ ਭਾਅ ਚੜ੍ਹ ਗਿਆ। ਬਜ਼ਾਰ ਵਿਚ ਚੂੜੀਆਂ ਮੁੱਕ ਗਈਆਂ। ਰਾਂਗਲਾ ਸੱਕ ਕਿਤੇ ਲਭਿਆਂ ਨਹੀਂ ਸੀ ਮਿਲਦਾ। ਨਗਾਂ ਵਾਲੇ ਲੌਗ ਸਾਰੇ ਚੁਣ ਲਏ ਸਨ ਸ਼ੌਕਾਂ ਪਿੱਟੀਆਂ ਮੁਟਿਆਰਾਂ ਨੇ। ਅਰੇਬਦਾਰ ਸੁੱਥਣਾਂ ਕਲੀਆ ਵਾਲੇ ਕੁੜਤੇ, ਰਾਂਗਲਿਆ ਦੁਪੱਟਿਆਂ ਤੇ ਗੋਟਾ ਮੜ੍ਹਿਆ ਜਾ ਰਿਹਾ ਸੀ।
ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਤੇ ਸਵਾਰ ਸੀ। ਸਰਦਾਰ ਘੋੜੇ ਚੜ੍ਹੇ ਸਨ। ਸੂਰਮੇ ਜਾ ਰਹੇ ਸਨ ਜਿੱਤ ਵਿਆਹੁਣ। ਰਾਵੀ ਦੀਆਂ ਛੱਲਾਂ ਨੇ ਸੁੰਮ ਤੋੜ ਦਿੱਤੇ ਘੋੜਿਆਂ ਦੇ। ਲਾਹੌਰ ਕਿਤੇ ਫੁੱਲਿਆ ਨਹੀਂ ਸੀ ਸਮਾਉਂਦਾ। ਕੰਠਿਆਂ ਵਾਲੇ ਗਭਰੂ, ਬੁਗਤੀਆਂ ਵਾਲੇ ਜਵਾਨ, ਨੱਤੀਂ ਵਾਲੇ ਸੂਰਮੇ, ਜਿੱਤ ਦੇ ਨਾਅਰੇ ਮਾਰਦੇ ਵਧ ਰਹੇ ਸਨ।
ਹਰੀ ਸਿੰਘ ਨਲੂਏ ਦੇ ਨਾਲ ਦੀਵਾਨ ਮੋਹਕਮ ਚੰਦ ਸੀ। ਦੇਂਹ ਜਰਨੈਲਾ ਦੀ ਕਮਾਂਡ ਵਿਚ ਫੌਜ ਚਲ ਰਹੀ ਸੀ।