ਜਹਾਂਦਾਤ ਖਾਨ ਆਪਣੇ ਯਾਰ ਦੀਆਂ ਉਡੀਕਾਂ ਵਿਚ ਸੀ। ਲਾਹੌਰ ਦੀ ਫੌਜ ਮੰਜਲਾਂ ਮਾਰਦੀ ਨੇੜੇ ਆ ਰਹੀ ਸੀ। ਪਿੱਸੂ ਪੈ ਰਹੇ ਸਨ, ਜਹਾਂਦਾਤ ਖਾਨ ਨੂੰ।
ਡਾਂਗ ਸਰ੍ਹਾਣੇ ਦੀ, ਬਾਕੀ ਸਭ ਝੂਠ। ਮਾਂਗਵੀਂ ਧਾੜ ਵੀ ਕਦੀ ਲੜੀ ਏ।
ਅਟਕ ਦੇ ਬੁਰਜ ਤੇ ਚੜ੍ਹ ਕੇ ਜਹਾਂਦਾਤ ਖਾਨ ਨੇ ਆਉਂਦੀ ਲਾਹੌਰ ਦੀ ਫੌਜ ਵੇਖੀ। ਗਿੱਦੜ ਫਾਹੇ ਲਗ ਗਿਆ। ਸ਼ਿਕਾਰੀ ਨੇ ਫਾਹੀਆਂ ਗੱਡ ਦਿਤੀਆਂ ਸ਼ਿਕਾਰੀ ਦਮਾਮੇ ਮਾਰਦਾ ਅਟਕ ਦੇ ਲਾਗੇ ਆ ਰਿਹਾ ਸੀ।
ਅਖੀਰ ਮਾਂਗਵੀਂ ਧਾੜ ਪੁੱਜ ਗਈ। ਜਹਾਂਦਾਤ ਖਾਨ ਦੀ ਜਾਨ ਵਿਚ ਜਾਨ ਆ ਗਈ। ਹੁਣ ਉਹਦੀਆਂ ਤਲਵਾਰਾਂ ਵਿਚ ਜੋਸ ਭਰ ਗਿਆ ਸੀ।
ਦੋਸਤ ਮਹੰਮਦ ਖਾਨ ਤੇ ਫਤਹਿ ਮੁਹੰਮਦ ਖਾਂ ਪਿਸ਼ੌਰੋਂ ਤੁਰੇ, ਉਨ੍ਹਾਂ ਅਟਕ ਆ ਕੇ ਦਮ ਲਿਆ ਤੇ ਸਾਹਮਣੇ ਲੜਾਈ ਮੱਥੇ ਲਗੀ।
ਹਰੀ ਸਿੰਘ ਨਲੂਆ ਜਵਾਨ ਸੀ। ਦੀਵਾਨ ਮੋਹਕਮ ਚੰਦ ਬ੍ਰਿਧ ਪਰ ਜ਼ਮਾਨੇ ਦਾ ਖਰਾਂਟ ਭਾਵ ਮੈਦਾਨ ਦਾ। ਉਹਦੀ ਚਾਲ ਨੂੰ ਮਾਤ ਕਰਨ ਵਾਲਾ ਪੰਜਾਬ ਵਿਚ ਅਜੇ ਤੱਕ ਜੰਮਿਆ ਨਹੀਂ ਸੀ। ਮੁਹਕਮ ਚੰਦ ਦਾ ਹੁਕਮ ਸਰਕਾਰ ਦਾ ਹੁਕਮ ਸਮਝਿਆ ਜਾਂਦਾ ਸੀ। ਮੈਂ ਕਈ ਵਾਰ ਦੀਵਾਨ ਆਪਣੇ ਆਪ ਫੈਸਲੇ ਕਰ ਦੇਂਦਾ, ਉਹਦੇ ਤੇ ਅਮਲ ਵੀ ਹੋ ਜਾਂਦਾ। ਮਹਾਰਾਜ ਦੇ ਦਸਤਖਤ ਬਾਅਦ ਵਿਚ ਹੁੰਦੇ। ਉਹਦੇ ਮਰਤਬੇ ਤੇ ਕੋਈ ਨਹੀਂ ਸੀ ਪੁੱਜਿਆ। ਹਰੀ ਸਿੰਘ ਨਲੂਆ ਤੇ ਅਜੇ ਸ਼ੋਹਰ ਸੀ। ਭਾਵੇਂ ਕਿੰਨਾ ਵੀ ਬਹਾਦਰ ਸੀ, ਪਰ ਫੇਰ ਵੀ ਮੁੰਡਿਆਂ ਵਿਚ ਹੀ ਗਿਣਿਆ ਜਾਂਦਾ। ਸਾਰੀ ਹਕੂਮਤ ਵਿਚ ਨਲੂਏ ਦੇ ਨਾਂ ਦੇ ਡੰਕੇ ਵਜਦੇ ਸਨ ਪਰ ਨਲੂਏ ਤੇ ਮੋਹਕਮ ਚੰਦ ਦੀ ਕੱਢੀ ਲਕੀਰ ਪੱਥਰ ਦੀ ਲੀਕ ਮੰਨੀ ਜਾਂਦੀ।
ਅਜੇ ਲਾਹੌਰ ਦੀ ਫੌਜ ਨੇ ਦਮ ਵੀ ਨਹੀਂ ਸੀ ਮਾਰਿਆ। ਦੋਸਤ ਮੁਹੰਮਦ ਖਾਨ ਨੇ ਹਮਲਾ ਕਰ ਦਿਤਾ। ਕੌਣ ਗੇਡਾ ਨਿਵਾਉਂਦਾ ਸੀ ਏਸ ਵੇਲੇ। ਤਲਵਾਰਾਂ ਸੂਤ ਲਈਆਂ ਤੇ ਦੋਹੀਂ ਹੱਥੀਂ ਡਹਿ ਪਏ। ਤਲਵਾਰ ਏਸ ਤਰ੍ਹਾਂ ਚੱਲ ਰਹੀ ਸੀ ਜਿਸ ਤਰ੍ਹਾਂ ਵਾਢੀ ਵੇਲੇ ਜੱਟ ਆਪਣੀ ਦਾਤਰੀ ਚਲਾਵੇ। ਢੇਰਾਂ ਦੇ ਢੇਰ ਲਗ ਗਏ। ਪੁਸ਼ਤਿਆਂ ਤੇ ਪੁਸ਼ਤ ਚੜ੍ਹ ਗਏ।
ਹਰੀ ਸਿੰਘ ਨਲੂਏ ਤੇ ਮੁਹਕਮ ਚੰਦ ਨੇ ਅਜਿਹਾ ਹਮਲਾ ਕੀਤਾ ਬੁਥਾੜ ਭੰਨ ਦਿਤੇ।