ਜਦ ਲੜਾਈ ਥੰਮ੍ਹੀ ਰਾਤ ਉਤਰ ਆਈ ਸੀ। ਸੌਣ ਦਾ ਵੇਲਾ ਹੋ ਗਿਆ ਸੀ। ਸਾਰੀ ਫੌਜ ਨੂੰ ਆਰਾਮ ਕਰਨ ਦਾ ਹੁਕਮ ਮਿਲ ਗਿਆ। ਸਿਰਫ ਹਰੀ ਸਿੰਘ ਨਲੂਆ ਤੇ ਦੀਵਾਨ ਮੁਹਕਮ ਚੰਦ ਤੇ ਕੁਝ ਪਹਿਰੇਦਾਰ ਜਾਗ ਰਹੇ ਸਨ। ਕਲ੍ਹ ਦੇ ਹਮਲੇ ਦੀਆਂ ਤਿਆਰੀਆਂ ਸਾਰੀ ਰਾਤ ਹੁੰਦੀਆਂ ਰਹੀਆਂ। ਮੋਹਕਮ ਚੰਦ ਤੇ ਹਰੀ ਸਿੰਘ ਨਲੂਏ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਫੌਜੀ ਆਪਣੇ ਆਪਣੇ ਮੋਰਚਿਆਂ ਤੇ ਭੇਜ ਦਿਤੇ। ਸੂਰਜ ਗਿੱਠ ਗਿੱਠ ਚੜ੍ਹ ਆਇਆ। ਪਠਾਣ ਨੀਂਦ ਦੀ ਗੋਦ ਵਿਚ ਘੁਰਾੜੇ ਮਾਰ ਰਹੇ ਸਨ। ਜਦ ਉਨ੍ਹਾਂ ਨੇ ਅੱਖ ਖੋਲੀ ਤਾਂ ਉਨ੍ਹਾਂ ਦੇ ਹੱਥਾਂ ਦੇ ਤੋਤੇ ਉਡ ਗਏ। ਮੌਤ ਉਨ੍ਹਾਂ ਦੇ ਸਿਰ ਤੇ ਖੜੀ ਸੀ। ਸੁਤੇ ਈ ਗਿੱਚੀਓਂ ਨਪੇ ਗਏ।
ਤਿਖੀ ਰਫਤਾਰ ਵਾਲੇ ਡਾਚੀ ਸਵਾਰਾਂ ਜਦ ਅਟਕ ਦੇ ਕਿਲ੍ਹੇ ਦੀ ਫਤਿਹ ਦੀ ਖਬਰ ਮਹਾਰਾਜ ਨੂੰ ਲਾਹੌਰ ਆਣ ਕੇ ਦਸੀ ਤਾਂ ਮਹਾਰਾਜ ਏਨੇ ਖੁਸ਼ ਹੋਏ ਕਿ ਡਾਚੀ ਸਵਾਰ ਦੇ ਹੱਥਾਂ ਵਿਚ ਸੋਨੇ ਦੇ ਕੜੇ ਪੁਆ ਦਿੱਤੇ।