ਗੱਲ ਇਕ ਇਕ ਸਰਕਾਰ ਦੀ
ਚਹੁੰ ਸਵਾਰਾਂ ਨੇ ਕਿਲੇ ਦੀ ਪਹਿਲਾਂ ਪਰਦੱਖਣਾ ਕੀਤੀ। ਖਿਜ਼ਰੀ ਦਰਵਾਜ਼ਾ ਵੇਖਿਆ ਤੇ ਫੇਰ ਹਾਥੀ ਦਰਵਾਜ਼ਾ। ਬਾਕੀ ਦੋ ਦਰਵਾਜ਼ੇ ਵੀ ਅੱਖਾਂ 'ਚੋਂ ਕੱਢੇ।
ਪਹਿਲੇ ਘੋੜੇ ਤੇ ਮਹਾਰਾਜਾ ਰਣਜੀਤ ਸਿੰਘ ਸੀ।
ਦੂਜੇ ਘੋੜੇ ਤੇ ਨਿਹਾਲ ਸਿੰਘ ਅਟਾਰੀ।
ਤੀਜੇ ਘੋੜੇ ਤੇ ਨਿਹਾਲ ਸਿੰਘ ਧਾਰੀ।
ਚੌਥੇ ਘੋੜੇ ਤੇ ਗਭਰੂ ਮੁੰਡਾ ਹਰੀ ਸਿੰਘ ਨਲੂਆ ਜਿਹੜਾ ਤਿੰਨਾਂ ਤੋਂ ਛੋਟਾ ਸੀ। ਮਹਾਰਾਜਾ ਪੰਦਰਾਂ ਸਾਲ ਵੱਡੇ ਸਨ, ਬਾਕੀ ਤੇ ਸਾਰੇ ਦੇ ਸਾਰੇ ਬਜ਼ੁਰਗ ਸਨ, ਪੂਜਣ ਯੋਗ। ਪਰ ਹੈ ਸਨ ਖੁਰਾਂਟ, ਖੁੰਢ, ਮੈਦਾਨ ਦੇ ਕੀੜੇ, ਕਈ ਮੈਦਾਨਾਂ ਵਿਚ ਤੇਗਾਂ ਮਾਰੀਆਂ ਤੇ ਕਈਆਂ ਮੈਦਾਨਾਂ ਵਿਚੋਂ ਖੁਹਾ ਕੇ ਵੇਖੀਆਂ। ਕਈ ਜੰਗ ਜਿੱਤੇ ਤੇ ਕਈਆਂ ਵਿਚ ਘੋੜਿਆ ਨੂੰ ਦੁੜਕੀ ਪਵਾ ਕੇ ਨਸਾਇਆ। ਜਿੱਤ ਹਾਰ ਉਨ੍ਹਾਂ ਦੀ ਜ਼ਿੰਦਗੀ ਵਿਚ ਤਮਾਸ਼ਾ ਸੀ। ਮੈਦਾਨ ਜਿੱਤ ਕੇ ਬਹੁਤੀ ਖੁਸ਼ੀ ਵੀ ਨਹੀਂ ਸੀ ਹੁੰਦੀ ਤੇ ਹਾਰ ਕੇ ਬਹੁਤਾ ਦੁੱਖ ਵੀ ਨਹੀਂ ਸੀ ਹੁੰਦਾ। ਦੋਹਾਂ ਧੜਿਆਂ ਵਿਚ ਕਿਤੇ ਪਾਸਕੂ ਨਹੀਂ ਸੀ। ਨਾ ਹਾੜ ਹਰੇ ਤੇ ਨਾ ਸਾਉਣ ਸੁੱਕੇ। ਲੜਾਈ ਜ਼ਿੰਦਗੀ ਦਾ ਇਕ ਅੰਗ ਬਣ ਚੁਕੀ ਸੀ। ਪੰਜਾਬ ਵਿਚ ਲੜਾਈ ਹਰ ਮੌਸਮ ਵਿਚ ਘਗਰਾ ਪਾ ਕੇ ਨੱਚ ਖਲੋਂਦੀ ਏ। ਏਧਰ ਕੁੜੀਆਂ ਨੇ ਗਿੱਧੇ ਦਾ ਪਿੜ ਬੰਨ੍ਹਿਆਂ ਉਧਰ ਮੁੰਡੇ ਭੰਗੜਾ ਪਾਉਣ ਖਲੋ ਗਏ ਤੇ ਏਧਰ ਲੜਾਈ ਨੇ ਵੀ ਡਫਰੀ ਵਜਾ ਦਿੱਤੀ। ਪੰਜਾਬ ਦੀ ਖੱਲੜੀ ਵਿਚ ਡਰ ਭੋਰਾ ਭਰ ਵੀ ਨਹੀਂ ਸੀ। ਪੰਜਾਬੀ ਤੇ ਲੜਨ ਨੂੰ ਇਕ ਖੇਡ ਸਮਝਦੇ ਸਨ। ਗੁੱਲੀ ਡੰਡਾ ਖੇਡ ਲਿਆ ਤੇ ਲੜਾਈ ਲੜ ਲਈ ਇਕੋ ਜਿਹੀ ਗੱਲ ਸੀ।
ਉਂਜ ਸੱਚੀ ਗੱਲ ਤੇ ਇਹ ਹੈ ਕਿ ਪੰਜਾਬੀ ਭਾਵੇਂ ਹਿੰਦੂ ਸੀ ਤੇ ਭਾਵੇਂ ਮੁਸਲਮਾਨ ਤੇ ਭਾਵੇਂ ਸਿੱਖ, ਉਹ ਪਹਿਲਾਂ ਪੰਜਾਬੀ ਸੀ ਤੇ ਫੇਰ ਕੁਝ ਹੋਰ।
ਚੰਗੇ ਮਕਾਨ, ਖੂਬਸੂਰਤ ਹਵੇਲੀਆਂ, ਮਹਿਲ ਮਾੜੀਆਂ ਪੰਜਾਬ ਵਿਚ ਪੇਟਿਆਂ ਤੇ ਗਿਣੀਆਂ ਜਾ ਸਕਦੀਆਂ ਸਨ। ਇਹ ਨਿਹਮਤਾਂ ਸਿਰਫ ਹਾਕਮਾਂ ਕੋਲ ਸਨ ਜਾਂ ਸੂਬੇਦਾਰਾਂ ਕੋਲ ਜਾਂ ਟਾਵੇਂ ਟਾਵੇ ਕਿਸੇ ਸ਼ਾਹੂਕਾਰ ਦੇ ਹਿੱਸੇ ਆਉਂਦੀ। ਬਾਕੀ ਤੇ ਸਾਰੇ ਪੰਜਾਬੀ ਲਗੋਜੇ ਹੀ ਵਜਾਉਂਦੇ ਫਿਰਦੇ ਸਨ। ਚੌਥੇ ਮਹੀਨੇ ਕੋਈ ਘੋੜ ਚੜ੍ਹਿਆ ਆਉਂਦਾ ਤੇ ਲੁੱਟ ਪੁੱਟ ਕੇ ਰਾਹੇ ਪੈਂਦਾ। ਉਹਦੇ ਲਈ ਜਾਤ ਦੀ ਕੋਈ ਨਿੰਦ ਵਿਚਾਰ ਨਹੀਂ ਸੀ ਉਹ ਤੇ ਹਿਰਸੀ ਸੀ,
ਪੰਜਾਬ ਦੀ ਅਣਖ ਜਾਗ ਰਹੀ ਸੀ। ਪੰਜਾਬ ਦਾ ਰੋਹ ਭੜਕ ਰਿਹਾ ਸੀ। ਪੰਜਾਬ ਵੀ ਆਪਣੀ ਹੋਂਦ ਚਾਹੁੰਦਾ ਸੀ। ਪੰਜਾਬ ਦੀ ਅੱਖ ਖੁਲ੍ਹੀ, ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਸੀ। ਪੰਜਾਬ ਹੁਣ ਸੋਚ ਰਿਹਾ ਸੀ, ਸਾਨੂੰ ਆਪਣੀ ਹਕੂਮਤ ਚਾਹੀਦੀ ਏ, ਆਪਣਾ ਰਾਜ।
ਘੋੜੇ ਜੋਸ਼ੀਲੇ ਗਭਰੂਆਂ ਦੇ ਵਿਚੋਂ ਦੀ ਲੰਘ ਰਹੇ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਲਾ ਹੂ ਅਕਬਰ। ਹਰ ਹਰ ਮਹਾਂਦੇਵ। ਜੈ ਦੇਵਾ।
ਇਹ ਕਿਹੜੀ ਤਾਕਤ ਏ ਜਿਹੜੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੀ ਏ। ਇਕ ਫੌਜੀ ਆਖਣ ਲੱਗਾ।
ਮਹਾਰਾਜਾ ਰਣਜੀਤ ਸਿੰਘ, ਦੂਜੇ ਫੌਜੀ ਨੇ ਜੁਆਬ ਦਿੱਤਾ।
ਮੁਲਤਾਨ ਹੁਣ ਅੜ ਨਹੀਂ ਸਕਦਾ। ਕਲ੍ਹ ਮੁਲਤਾਨ ਦੇ ਕਿਲੇ ਦੇ ਫਾਟਕ ਮਹਾਰਾਜ ਦੀ ਹਜ਼ੂਰੀ ਵਿਚ ਖੁਲ੍ਹੇ ਹੋਣਗੇ। ਮਹਾਰਾਜੇ ਦਾ ਕੁਝ ਤੇਜ ਹੀ ਵਖਰਾ ਏ। ਇਹਦਾ ਸਿਤਾਰਾ ਈ ਬੁਲੰਦ ਏ। ਮੁਲਤਾਨ ਦਾ ਕਿਲਾ ਹੁਣ ਬੰਦ ਨਹੀਂ ਰਹਿ ਸਕਦਾ। ਪਹਿਲੇ ਫੌਜੀ ਨੇ ਆਪਣੇ ਵਿਚਾਰ ਪਰਗਟ ਕੀਤੇ।
ਕਈ ਘੋੜੇ ਚੜ੍ਹੇ ਅਫਸਰਾਂ ਨੇ ਸਲਾਮੀਆਂ ਦਿੱਤੀਆਂ। ਮਹਾਰਾਜੇ ਨੇ ਆਪਣੇ ਘੋੜੇ ਦੀਆਂ ਵਾਗਾਂ ਖਿਚੀਆਂ। ਘੋੜੇ ਦੇ ਕੰਨ ਖੜੇ ਹੋ ਗਏ। ਘੋੜੇ ਨੇ ਅਗਲੇ ਦੋਵੇਂ ਸੁੰਮ ਖੜੇ ਕਰ ਲਏ। ਮਹਾਰਾਜ ਨੇ ਤਲਵਾਰ ਦੇ ਦਸਤੇ ਤੇ ਹੱਥ ਪਾਇਆ, ਤਲਵਾਰ ਖਿੱਚੀ, ਨੰਗੀ ਤਲਵਾਰ ਹਵਾ ਵਿਚ ਲਹਿਰਾਈ। ਤਲਵਾਰ ਦਾ ਹਵਾ ਵਿਚ ਚਮਕਾਰਾ ਲਿਸ਼ਕ, ਘੋੜੇ ਦੇ ਸੁੰਮ ਜ਼ਮੀਨ ਤੇ ਆ ਡਿੱਗੇ। ਘੋੜੇ ਚੜੇ ਅਫ਼ਸਰਾਂ ਨੇ ਮਹਾਰਾਜ ਨੂੰ ਆਪਣੇ ਘੇਰੇ ਵਿਚ ਲੈ ਲਿਆ। ਮਹਾਰਾਜ ਕੁਝ ਸੋਚ ਰਹੇ ਸਨ।
ਇਹ ਗੱਲ ਆਖਣੀ ਬੜੀ ਸੌਖੀ ਏ ਪਰ ਕਰਨੀ ਬੜੀ ਮੁਸ਼ਕਲ ਏ। ਮਹਾਰਾਜ ਨੇ ਫ਼ੁਰਮਾਇਆ।
ਹੁਕਮ ਦੀ ਦੇਰ ਏ, ਕਿਲਾ ਆਪੇ ਜੋੜੇ ਝਾੜਦਾ ਫਿਰੂ।
ਕਿਲਾ ਤੇ ਜਿਤਿਆ ਜਾਊ ਪਰ ਬਹੁਤ ਮਹਿੰਗਾ। ਮੈਂ ਉਹ ਸੌਦਾ ਕਰਨਾ ਨਹੀਂ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਬੜੇ ਚਿਰ ਪਿਛੋਂ ਪੰਜਾਬੀ ਰਾਜ ਲੱਭਾ ਏ, ਪੰਜਾਬੀ ਇਹ ਨਾ ਆਖਣ ਕਿ ਮਹਾਰਾਜਾ ਤੇ ਨਾਦਰ ਸ਼ਾਹ ਅਬਦਾਲੀ ਵਿਚ ਫਰਕ ਕੀ ਏ? ਮੈਂ ਫੇਰ ਫ਼ਰਕ ਨੂੰ ਨਿਤਾਰ ਕੇ ਦੱਸਣਾ ਏ। ਫੈਸਲਾ ਤੇ ਭਾਵੇਂ ਤਲਵਾਰ ਈ ਕਰੇਗੀ ਪਰ ਫੇਰ ਵੀ ਸਾਨੂੰ ਸੋਚ ਤੋਂ ਕੰਮ ਲੈਣਾ ਚਾਹੀਦਾ ਏ। ਕਿਉਂ ਨਿਹੱਕ ਖੁਦਾ ਦੀ ਖੁਦਾਈ ਦਾ ਖੂਨ ਹੋਵੇ। ਪਰ ਇਹ ਖੂਨ ਦੀ ਹੋਲੀ ਖੇਡਿਆਂ ਤੋਂ ਬਗੈਰ ਕਿਲ੍ਹਾ ਜਿਤਿਆ ਨਹੀਂ ਜਾਣਾ। ਆਪਣੇ ਲਹੂ ਦੀ ਹੋਲੀ ਖੇਡੇ, ਕਿਲਾ ਜਿੱਤੋ, ਝੰਡੇ ਚਾੜ੍ਹੇ ਤੇ ਫੇਰ ਬਖਸ਼ ਦਿਓ। ਦੁਸ਼ਮਣ ਮਾਰੇ ਨਾਲੋਂ ਭਜਾਇਆ ਚੰਗਾ ਏ। ਮਹਾਰਾਜ ਦੇ ਬੋਲ ਉਭਰੇ।
ਤਿੰਨ ਵਾਰ ਅੱਗੇ ਕਿਲਾ ਨਵਾਬ ਮੁਜ਼ਫਰ ਖਾਂ ਨੂੰ ਬਖਸ਼ਿਆ ਗਿਆ ਏ। ਤਾਂ ਸਾਨੂੰ ਕੀ ਭਦਗਰਾ ਮਿਲ ਗਿਆ ਏ? ਹੁਣ ਬਖਸ਼ਣ ਦੀ ਕੀ ਲੋੜ ਏ? ਹਰੀ ਸਿੰਘ ਨਲੂਏ ਨੇ ਸਵਾਲ ਕੀਤਾ।
ਲੋੜ ਏ। ਸਰਹੱਦ ਦੇ ਦਰਵਾਜ਼ੇ ਦੀਆਂ ਚਾਬੀਆਂ ਬੋਝੇ ਵਿਚ ਪਾ ਲਓ, ਜਦੋਂ ਜੀ ਚਾਹਿਆ ਖੋਲ੍ਹ ਲਿਆ। ਮੁਫਤ ਦੀ ਚੌਕੀਦਾਰੀ, ਮੁਫ਼ਤ ਦਾ ਗੁਲਾਮ, ਕਾਮਾ ਨਵਾਬ ਮੁਜ਼ਫਰ ਖਾਨ। ਤੁਸੀਂ ਫੇਰ ਸਰਦਾਰ ਦੇ ਸਰਦਾਰ। ਨਵਾਬ ਬਹਾਵਲਪੁਰ ਦੀ ਸ਼ਹਿ ਸੀ, ਉਸ ਮਾਤ ਖਾ ਲਈ, ਹੁਣ ਸ਼ਹਿ ਕਾਹਦੀ? ਬਾਦਸ਼ਾਹ ਜਿੱਚ ਕਰਨਾ ਪਊ। ਫਿਰ ਇਕੋ ਸ਼ਹਿ ਨਾਲ ਬਾਜੀ ਮਾਤ। ਨਲੂਏ, ਸ਼ੇਰ ਨੂੰ ਘੇਰੇ ਵਿਚ ਪਾ ਕੇ ਮਾਰੋ। ਬੱਕਰੇ ਵੱਢ ਵੱਢ ਖੁਆਓ, ਸ਼ੇਰ ਕਿਥੇ ਜਾਉ। ਸ਼ੇਰ ਤੇ ਫੇਰ ਘਰ ਦੀ ਮੁਰਗੀ ਬਰਾਬਰ ਏ। ਮਹਾਰਾਜਾ ਆਖਣ ਲੱਗੇ।
ਮਹਾਸਰਾ ਕੜਾ ਕਰ ਦੇਂਦੇ ਹਾਂ। ਹਰੀ ਸਿੰਘ ਨਲੂਏ ਨੇ ਸਲਾਹ ਦਿੱਤੀ।
ਹੁਣ ਮਹਾਸਰਾ ਕੜਾ ਕਰਨ ਦੀ ਕੋਈ ਲੋੜ ਨਹੀਂ, ਹੁਣ ਤੇ ਕਿਲਾ ਈ ਫਤਿਹ ਕਰਨਾ ਪਊ।
-ਮਹਾਰਾਜ ਦੁਸ਼ਮਣ ਨੂੰ ਮਾਰਨ ਦੀ ਵਿਉਂਤ ਦੱਸੋ। ਇਹ ਤਮਾਸ਼ਾ ਕਰਦਿਆਂ ਨੂੰ ਸਾਨੂੰ ਅੱਗੇ ਹੀ ਬੜੇ ਦਿਨ ਹੋ ਗਏ ਹਨ। ਅਸੀਂ ਕਿਲ੍ਹੇ ਤੇ ਕਬਜਾ ਕਰਨਾ ਚਾਹੁੰਦੇ ਹਨ, ਬੋਲ ਸਨ ਹਰੀ ਸਿੰਘ ਨਲੂਏ ਦੇ।
-ਇਕ ਰਾਹ ਤੇ ਹੈ ਪਰ ਬਹੁਤ ਬਿਖੜਾ ਪੈਂਡਾ ਹੈ। ਸਰਕਾਰ ਬੋਲੀ।
-ਪੰਜਾਬ ਬਿਖੜਿਆਂ ਪੈਂਡਿਆਂ ਤੇ ਚਲਣਾ ਸਿਖਿਆ ਹੋਇਆ ਹੈ। ਨਿਹਾਲ ਸਿੰਘ ਅਟਾਰੀ ਵਾਲੇ ਨੇ ਗੱਲ ਆਖ ਹੀ ਦਿੱਤੀ ਜਿਹੜੀ ਉਹਦੇ ਮੂੰਹ ਆਈ।
ਤੇ ਫੇਰ ਕਿਲਾ ਫਤਹਿ ਹੋ ਈ ਜਾਊ ਪਰ ਇਹਦੇ ਲਈ ਕੁਰਬਾਨੀ ਦੇਣੀ ਪਊ। ਲਹੂ ਖੂਨ, ਰੱਤ ਦਾ ਭਰਿਆ ਕੁੰਗੂ, ਲਹੂ ਦੇ ਛੰਨੇ, ਅਰਥੀਆਂ, ਲੋਥਾਂ, ਧਰਤੀ ਲਹੂ ਦੀ ਪਿਆਸੀ. ਪਿਆਸ ਬੁਝਾਣੀ ਪਊ, ਜਿਹੜਾ ਪਿਆਸ ਬੁਝਾਏਗਾ ਕਿਲਾ ਉਹਨੂੰ ਮਿਲੇਗਾ।
ਅਸੀਂ ਲਹੂ ਡੋਲ੍ਹਾਂਗੇ। ਲੋਥਾਂ ਵਿਛਾ ਦਿਆਂਗੇ, ਕਿਲੇ ਦੀਆਂ ਦੀਵਾਰਾਂ ਦੇ ਨਾਲ ਨਾਲ। ਸਾਨੂੰ ਕਿਲ੍ਹਾ ਬਖਸ਼ੋ। ਆਵਾਜ਼ ਹਰੀ ਸਿੰਘ ਨਲੂਏ ਦੀ ਸੀ।
-ਹਾਂ ਸਰਕਾਰ, ਨਲੂਆ ਸੱਚ ਆਖਦਾ ਏ। ਸਾਨੂੰ ਕਿਲਾ ਚਾਹੀਦਾ ਏ, ਸਾਨੂੰ ਫ਼ਤਿਹ ਚਾਹੀਦੀ ਏ। ਸਾਨੂੰ ਮੌਤ ਤੋਂ ਕੋਈ ਡਰ ਨਹੀਂ।
ਆਵਾਜ਼ਾਂ ਨੇ ਘੇਰੇ ਵਿਚ ਲੈ ਲਈ ਸਰਕਾਰ।
ਸਿਰਫ ਵੀਹ ਗੋਲੀਆਂ
ਮੇਰੇ ਸਾਥੀਓ, ਮੇਰੇ ਵੀਰੋ, ਪੰਜਾਬੀ ਭਰਾਵੋ ਤੇ ਦੋਸਤੋ ਆਓ ਮੇਰੇ ਮੋਢੇ ਨਾਲ ਮੋਢਾ ਜੋੜੋ ਤੇ ਸਹੁੰ ਚੁਕੋ ਕਿ ਅਸੀਂ ਜਾਂ ਮੁਲਤਾਨ ਦਾ ਕਿਲ੍ਹਾ ਲਵਾਂਗੇ ਜਾਂ ਇਥੇ ਸ਼ਹੀਦ ਹੋ ਜਾਵਾਂਗੇ। ਲਾਹੌਰ ਦੀਆਂ ਜੂਹਾਂ ਤਾਂ ਟੱਪਾਂਗੇ ਜਦ ਸਾਡੇ ਪੱਲੇ ਮੁਲਤਾਨ ਦੇ ਕਿਲੇ ਦੀਆਂ ਚਾਬੀਆਂ ਬੱਝੀਆਂ ਹੋਣਗੀਆਂ। ਮਹਾਰਾਜੇ ਨੇ ਇਕ ਵਾਰ ਸਾਰੇ ਅਫਸਰਾਂ ਨੂੰ ਅੱਖਾਂ ਵਿਚੋਂ ਦੀ ਕੱਢਿਆ।
ਅਸੀਂ ਤੁਹਾਡੇ ਮਗਰ ਹਾਂ। ਅੱਜ ਮੁਲਤਾਨ ਦਾ ਗੜ੍ਹ ਟੁਟਣਾ ਹੀ ਚਾਹੀਦਾ ਏ। ਭਾਵੇਂ ਸਾਡੇ ਵਿਚੋਂ ਕੋਈ ਸਾਥੀ ਵਿਛੋੜਾ ਹੀ ਦੇ ਜਾਏ। ਪਰਵਾਹ ਨਹੀਂ ਅਸੀਂ ਇਹ ਸੱਟ ਸਹਾਰ ਲਾਂਗੇ ਪਰ ਇਹ ਨਮੋਸ਼ੀ ਸਾਥੋਂ ਬਿਲਕੁਲ ਨਹੀਂ ਝੱਲੀ ਜਾਂਦੀ ਕਿ ਅਸੀਂ ਸੱਖਣੇ ਹੱਥ ਲਾਹੌਰ ਪਰਤ ਜਾਈਏ। ਸਾਰੇ ਅਫਸਰਾਂ ਵਿਚੋਂ ਇਕ ਆਖਣ ਲੱਗਾ।
ਅਰਦਾਸਾ ਸੋਧੇ। ਅਜ਼ਾਨ ਦਿਓ। ਆਰਤੀ ਕਰੋ। ਤੇ ਤਲਵਾਰਾਂ ਨੂੰ ਬੋਸੇ ਦਿਓ। ਤਿੰਨ ਤਿੰਨ ਦੇ ਤਿੰਨ ਜੱਥੇ ਬਣਾਓ। ਇਕ ਦਾ ਸਰਦਾਰ ਹਰੀ ਸਿੰਘ ਨਲੂਆ ਤੇ ਦੂਜੇ ਦਾ . ਸਰਦਾਰ ਨਿਹਾਲ ਸਿੰਘ ਅਤੇ ਤੀਜੇ ਦਾ ਅਤਰ ਸਿੰਘ। ਆਪਣੇ ਸਾਥੀ ਆਪੇ ਹੀ ਚੁਣ ਲਓ। ਇਕੇ ਵੇਲੇ ਤਿੰਨ ਸੁਰੰਗਾਂ ਲਾਓ. ਉਹਨਾਂ ਵਿਚ ਬਾਰੂਦ ਭਰੋ ਤੇ ਫੇਰ ਇਕੇ ਵੇਲੇ ਤਿੰਨਾਂ ਸੁਰੰਗਾਂ ਨੂੰ ਅੱਗ ਲੱਗੇ। ਇਹ ਸਾਰਾ ਕੰਮ ਅੱਖ ਦੇ ਝਮਕਣ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਭਾਵੇਂ ਕਿਲੇ ਉਤੋਂ ਅੱਗ ਦੀਆਂ ਹਾਡੀਆਂ ਪੈਣ, ਗੋਲੀਆਂ ਵਰੁਣ, ਤੀਰ ਛੁਟਣ ਪੱਥਰ ਵਗਣ ਕੁਝ ਵੀ ਹੋਵੇ, ਤੁਸਾਂ ਆਪਣੇ ਪੈਂਤੜੇ ਨਹੀਂ ਛਡਣੇ। ਇਕ ਦੀਵਾਰ ਉਡੀ ਤੇ ਕਿਲਾ ਤੁਹਾਡਾ। ਇਹਦੇ ਵਿਚ ਕਿੰਨੇ ਕੁ ਬੰਦੇ ਮੌਤ ਦੇ ਗਲ ਲਗਦੇ ਹਨ, ਕਿੰਨੇ ਕੁ ਗਲਵਕੜੀਆਂ ਪਾਉਂਦੇ ਹਨ, ਮੈਂ ਅੱਜ ਵੇਖਾਂਗਾ। ਇਕ ਵਾਰ ਦਸਮ ਪਿਤਾ ਨੇ ਚਮਕੌਰ ਦੀ ਗੜ੍ਹੀ ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲਾਲਾਂ ਨੂੰ ਮੌਤ ਨਾਲ ਘੁਲਦਿਆਂ ਵੇਖਿਆ ਸੀ।
ਅਮਾਮ ਬਖਸ਼ਾ, ਤੂੰ ਤੋਪਾਂ ਦਾ ਮੂੰਹ ਕਿਲੇ ਦੀਆਂ ਬੁਰਜੀਆਂ ਵਲ ਫੇਰ ਦੇ। ਕਿਲੇ ਦੀਆਂ ਦੀਵਾਰਾਂ ਤੇ ਫਾਇਰ ਕਰ। ਧੂੰਏ ਦੇ ਬੱਦਲ ਬਣਾ ਦੇ। ਰਾਤ ਪਾ ਦੇ ਧੂੰਏ ਦੀ। ਏਨੇ ਚਿਰ ਵਿਚ ਸੁਰੰਗਾਂ ਲੱਗ ਜਾਣਗੀਆਂ।
ਜਵਾਨਾਂ ਦਾ ਜੱਥਾ ਅੱਗੇ ਵਧਿਆ ਤੇ ਅਮਾਮ ਬਖਸ਼ ਨੇ ਤੋਪਾਂ ਦੇ ਮੂੰਹ ਖੋਲ੍ਹ ਦਿਤੇ। ਦਿਨ ਰਾਤ ਦੀ ਸ਼ਕਲ ਅਖਤਿਆਰ ਕਰ ਗਿਆ। ਕਾਲੀ ਬੋਲੀ ਰਾਤ ਦਾ ਧੂੰਆਂ, ਰਾਲ