ਹਵਾ ਵਿਚ ਲਿਖੇ ਹਰਫ਼
(ਗ਼ਜ਼ਲਾਂ)
ਇਕ ਪ੍ਰਤੀਕਰਮ
ਸੁਰਜੀਤ ਪਾਤਰ ਦਾ ਇਹ ਗ਼ਜ਼ਲ-ਸੰਗ੍ਰਹਿ ਜੋ ਉਸਦਾ ਪਹਿਲਾ ਕਾਵਿ-ਸੰਗ੍ਰਹਿ ਵੀ ਹੈ, ਆਲੇ ਦੁਆਲੇ ਪਸਰੇ ਯਥਾਰਥ ਨਾਲ ਉਸ ਦੀ ਬਹੁ-ਦਿਸ਼ਾਵੀ ਤੇ ਬਹੁ-ਪਾਸਾਰੀ ਗੁਫ਼ਤਗੂ ਦਾ ਹੀ ਪ੍ਰਮਾਣ ਨਹੀਂ ਬਲਕਿ ਇਹ ਗ਼ਜ਼ਲ ਸੰਗ੍ਰਹਿ ਯਥਾਰਥ ਦੀ ਇਤਿਹਾਸਕ ਗਤੀ ਦੇ ਵਿਵੇਕ ਵਿਚ ਉਤਰਨ ਅਤੇ ਆਪਣੀ ਰਚਨਾ-ਦ੍ਰਿਸ਼ਟੀ ਨਾਲ ਇਸ ਗਤੀ ਵਿਚ ਨਵੀਆਂ ਮਨੁੱਖੀ ਹੋਣੀਆਂ ਦਾ ਪ੍ਰਕਾਸ਼ ਕਰਨ ਦੀ ਤਿੱਖੀ ਚੇਤਨਾ ਦਾ ਵੀ ਬੜਾ ਸਮਰੱਥ ਪ੍ਰਮਾਣ ਬਣਦਾ ਨਜ਼ਰ ਆਉਂਦਾ ਹੈ।
ਅਕਸਰ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਉਪਰਲੀ ਤਹਿ ਤੇ ਸੁਤੰਤਰ ਹੋ ਕੇ ਵੀ ਹੇਠਲੀ ਤਹਿ ਤੇ ਆਪੋ ਵਿਚ ਡੂੰਘੀ ਤਰ੍ਹਾਂ ਜੁੜੇ ਹੋਏ, ਸਾਫ਼ ਦਿਸ ਆਉਂਦੇ ਹਨ। ਨਿਰਸੰਦੇਹ ਯਥਾਰਥ ਦੀ ਉਪਰਲੀ ਤੇ ਹੇਠਲੀ ਤਹਿ ਦੇ ਡੂੰਘੇ ਸਬੰਧਾਂ ਦਾ ਰਚਨਾਤਮਕ ਤਰਕ ਆਪਣੀ ਪੂਰੀ ਰਹੱਸਮਈ ਸੁੰਦਰਤਾ ਸਹਿਤ ਉਸ ਦੀ ਰਚਨਾ-ਦ੍ਰਿਸ਼ਟੀ ਦੀ ਪ੍ਰੇਰਨਾ ਬਣਿਆ ਹੈ। ਹੇਠ ਲਿਖਿਆ ਸ਼ਿਅਰ ਲਫ਼ਜ਼ਾਂ ਦੀ ਦਿਲਕਸ਼ ਤਰਤੀਬ ਤੇ ਹੁਸਨਿ-ਤਗ਼ਜ਼ਲ ਤੋਂ ਵੀ ਵਧ ਕਿਸੇ ਡੂੰਘੇਰੇ ਰਹੱਸ ਦੇ ਬੋਧ ਨਾਲ ਸਰੂਰਿਆ ਹੋਇਆ ਦਿਸਦਾ ਹੈ:
ਅਸਾਂ ਤਾਂ ਡੂਬ ਕੇ ਸਦਾ ਖ਼ੂਨ ਵਿਚ ਲਿਖੀ ਏ ਗ਼ਜ਼ਲ
ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ
ਪਹਿਲਾਂ ਤਾਂ ਖੂਨ ਵਿਚ ਡੁੱਬ ਕੇ ਗ਼ਜ਼ਲ ਲਿਖਣ ਦੇ ਮਹਾਤਮ ਨੂੰ ਜਾਣੋ ਤੇ ਫਿਰ ਦੇਖੋ ਉਹ ਹੋਰ ਕੌਣ ਨੇ ਲਿਖਦੇ ਨੇ ਜਿਹੜੇ ਬਹਿਰ ਅੰਦਰ? ਤੇ ਕੀ ਇਹ ਬਹਿਰ ਬਸ ਫ਼ਾਇਲਾਤੁਨ ਫ਼ਿਇਲੁਨ ਦੇ ਰੁਕਨਾਂ ਦੀ ਗਿਣਤੀ ਤੱਕ ਹੀ ਮਹਿਦੂਦ ਹੈ? ਪਹਿਲੀ ਸਤਰ 'ਅਸੀਂ' ਤੇ ਦੂਸਰੀ ਵਿੱਚ 'ਹੋਰ' ਕਿੰਨੇ ਤੁਲਵੇਂ ਮਿਚਵੇਂ ਵਿਰੋਧ ਵਿਚ ਆਪਸ ਵਿਚ ਤਣੇ ਹੋਏ ਹਨ। ਵੇਖਣ ਨੂੰ ਇਹ ਦੋਵੇਂ ਕਿੰਨੇ ਸਾਦਾ ਲਫ਼ਜ਼ ਹਨ ਪਰ ਸ਼ਿਅਰ ਵਿਚ ਇਹ ਕਿੰਨੇ ਮਰਮੀ ਸਬੰਧ ਵਿਚ ਜੁੜ ਗਏ ਹਨ। ਉਪਰੋਂ ਤਾਂ ਇਹ ਸਾਧਾਰਣ ਪੜਨਾਂਵ ਹੀ ਲਗਦੇ ਹਨ: "ਅਸੀਂ" ਕਵੀ ਦੀ ਹਉਂ ਨੂੰ ਵਡਿਆਉਂਦਾ ਤੇ ਹੋਰ ਹੋਰਨਾਂ ਵਿਚ ਪਸਰੇ ਅਨਾਪੇ ਨੂੰ ਛੁਟਿਆਉਂਦਾ। ਪਰ ਨਹੀਂ, ਇਹ ਤਾਂ ਕੇਵਲ ਲਫ਼ਜ਼ੀ ਸਤਰ ਦੀਆਂ ਗੱਲਾਂ ਨੇ। ਰਤਾ ਹੇਠਾਂ ਅਰਥਾਂ ਦੀ ਤਹਿ ਵਿਚ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਇਹ 'ਅਸੀਂ' ਕਿਸੇ ਕਵੀ-ਅਕਵੀ ਦੀ ਹਉਮੈ ਦਾ ਵਿਸਥਾਰ ਨਹੀਂ ਸਗੋਂ ਇਹ ਤਾਂ ਉਸ ਮੁਕਾਮ ਤੇ ਪੁੱਜੀ ਵੇਦਨਾ ਦਾ ਆਲਾਪ ਹੈ ਜਿੱਥੇ ਵਿਅਕਤੀ 'ਮੈਂ' ਹੁਸਨ ਦੇ ਦੀਵਾਨਿਆਂ ਦੀ ਸਾਂਝੀ ਜੁਸਤਜੂ ਦਾ ਅੰਗ ਬਣ ਕੇ ਹੁਸਨ ਦੀ ਸਰਕਾਰ ਦੇ ਹਜੂਰ ਨਿਛਾਵਰ ਹੋ ਜਾਂਦੀ ਹੈ ਤੇ 'ਅਸੀਂ" ਦੇ