ਇੰਜ ਸੁਰਜੀਤ ਪਾਤਰ ਦਾ ਇਹ ਸ਼ਿਅਰ ਇਸ ਗੱਲ ਦਾ ਜ਼ਾਮਨ ਤਾਂ ਹੈ ਕਿ ਉਹ ਪਹਿਲੀ ਪੌੜੀ ਉਤੇ ਖਲੋ ਕੇ 'ਬਹਿਰ ਅੰਦਰ' ਲਿਖਣ ਦੀ ਬਜਾਏ ਖੂਨ ਵਿਚ ਡੁੱਬਕੇ ਗ਼ਜ਼ਲ ਲਿਖਣ ਦਾ ਨਿਸਚਾ ਲੈ ਕੇ ਕਲਮ ਦੇ ਸਫ਼ਰ ਉਤੇ ਤੁਰਿਆ ਹੈ, ਜਦ ਕਵੀ ਦੀ ਮੈਂ ਆਪੇ ਦੀ ਚੇਤਨਾ ਵਿਚ ਘੁਲ ਕੇ 'ਅਸੀਂ' ਦੇ ਰੁੱਤਬੇ ਨੂੰ ਪੁੱਜਦੀ ਏ ਤਾਂ ਨਿਸਚੇ ਹੀ ਉਸ ਦੀ ਰਚਨਾ ਵਿਚ ਸਾਡੇ ਆਪਣੇ ਲਹੂ ਦਾ ਰੰਗ ਵੀ ਸ਼ਾਮਿਲ ਹੁੰਦਾ ਹੈ। ਅਜਿਹੇ ਕਵੀ ਨੂੰ ਪਛਾਨਣ ਦਾ ਯਤਨ ਕੇਵਲ ਇੱਕ ਨਵੇਂ ਹਸਤਾਖਰ ਨੂੰ ਪਛਾਨਣ ਦੇ ਉਤਸ਼ਾਹ ਤੱਕ ਹੀ ਸੀਮਤ ਨਹੀਂ ਰਹਿੰਦਾ। ਸਗੋਂ ਇਸ ਨਵੇਂ ਹਸਤਾਖਰ ਵਿਚੋਂ ਉਦੈ ਹੁੰਦੀ ਆਪਣੀ ਤੇ ਆਪਣੇ ਯੁੱਗ ਦੀ ਪਛਾਣ ਦਾ ਉਮਾਹ ਵੀ ਇਸ ਯਤਨ ਦਾ ਪ੍ਰੇਰਕ ਹੁੰਦਾ ਹੈ। ਹਸਤਾਖਰ ਦਾ ਨਵਾਂਪਨ ਤੇ ਇਸ ਯੁਗ ਦੇ ਨਕਸ਼ਾਂ ਦਾ ਪ੍ਰਕਾਸ਼ਮਾਨ ਹੋਣਾ ਹੀ ਪ੍ਰਤਿਭਾ ਦਾ ਪ੍ਰਮਾਣ ਬਣਦਾ ਹੈ।
ਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਵਿਚ ਯੁੱਗ ਦੀ ਚੇਤਨਾ ਨੂੰ ਮਨੁੱਖ ਵਿਚ ਮੌਤ, ਸਹਿਮ ਤੇ ਤ੍ਰਾਸ ਦੇ ਨਾਟਕੀ ਮਹਾਂ ਦ੍ਰਿਸ਼ ਦੇ ਰੂਪ ਵਿਚ ਸੰਕਲਪਿਤ ਕੀਤਾ ਹੈ। ਇਹ ਮਹਾਂ ਦ੍ਰਿਸ਼ ਜੋ ਉਪਰੋਂ ਆਧੁਨਿਕ ਮਨ ਵਿਚ ਵਿਆਪ ਰਹੀ ਨਿਰੰਤਰ ਤ੍ਰਾਸਦੀ ਦਾ ਬੋਧ ਕਰਾਉਂਦਾ ਹੈ ਤਾਂ ਅੰਦਰੋਂ ਅੰਦਰ ਅਚੇਤ ਹੀ ਜ਼ਿੰਦਗੀ ਦੀ ਅਮੁਕ ਗਤੀ ਵਿਚੋਂ ਉਦੈ ਹੋਣ ਵਾਲੀ ਆਸ ਨਾਲ ਵੀ ਜੁੜਿਆ ਹੋਇਆ ਹੈ। ਜੇ ਇਕ ਪਲ ਇਹ ਤ੍ਰਾਸਦੀ ਟੁੱਟਦੀ ਮਨੁੱਖੀ ਸੰਭਾਵਨਾ ਨੂੰ ਖੋਰਦੀ ਤੇ ਮੇਸਦੀ ਦਿਸਦੀ ਹੈ ਤਾਂ ਦੂਜੇ ਹੀ ਪਲ ਇਸ ਤ੍ਰਾਸਦੀ ਵਿਚ ਟੁੱਟਦੀ ਚੇਤਨਾ ਨਵੀਂ ਆਸ ਦੇ ਲੜ ਲੱਗ ਕੇ ਕਿਸੇ ਨਵੇਂ ਮਹਾਂ ਆਰੰਭ ਦਾ ਜਾਦੂ ਵੀ ਜਗਾਉਂਦੀ ਨਜ਼ਰ ਆਉਂਦੀ ਹੈ । ਤ੍ਰਾਸਦਕ ਨਿਰਾਸ਼ਾ ਤੇ ਮਹਾਂ ਆਸ਼ਾ ਪਾਤਰ ਦੇ ਸ਼ਿਅਰਾ ਵਿਚ ਅਕਸਰ ਪਹਾੜਾਂ ਵਾਂਗ ਟਕਰਾਉਂਦੀਆਂ ਤੇ ਫਿਰ ਆਪਸ ਵਿਚ ਘੁਲਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਟੱਕਰ ਹੀ ਉਸ ਦੇ ਸ਼ਿਅਰਾਂ ਵਿਚ ਰੰਗ ਤਗ਼ਜ਼ਲ ਦੀ ਆਭਾ ਦਾ ਭੇਤ ਲੁਕਾਈ ਬੈਠੀ ਹੈ। ਪਰਲੋ ਦਾ ਸ਼ੋਰ ਤੇ ਮਹਾਂ ਆਰੰਭ ਦਾ ਜਾਦੂ ਉਸ ਦੇ ਕਈ ਸ਼ਿਅਰਾਂ ਵਿਚ ਆਪਸ ਵਿਚ ਲਿਪਟੇ ਹੋਏ ਵੇਖੇ ਜਾ ਸਕਦੇ ਹਨ:
ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾਂ ਮੈਂ ਵੀ
ਇਸੇ ਉਮੀਦ ਤੇ ਥਲ ਵਿਚ ਖੜਾ ਦੁਪਹਿਰ ਅੰਦਰ
ਸਮੇਂ ਦੇ ਦੰਦਿਆਂ ਨੂੰ ਆਂਦਰਾਂ 'ਚ ਉਲਝਾ ਕੇ
ਉਡੀਕ ਤੇਰੀ ਕਰਾਂ ਤੇਜ ਚਲਦੇ ਪਹਿਰ ਅੰਦਰ
ਯਥਾਰਥ ਦੇ ਵਿਰਾਟ ਪਸਾਰੇ ਨੂੰ ਤਿੱਖੇ ਵਿਰੋਧ ਦੇ ਰੂਪ ਵਿਚ ਸੰਕਲਪਿਤ ਕਰਨਾ ਤੇ ਇਸ ਦੀ ਸ਼ਿੱਦਤ ਨੂੰ ਨਾਟਕੀ ਵਿਰੋਧ-ਬਿੰਬ ਵਿਚ ਸਮੇਟਣਾ ਸੁਰਜੀਤ ਪਾਤਰ ਦੀ ਰਚਨਾ
ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਅੱਗ ਦਾ ਸਫ਼ਾ ਹੈ ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ
ਪਾਤਰ ਨੇ ਜ਼ਿੰਦਗੀ ਨੂੰ ਅਨੁਭਵ ਦੀ ਪੱਧਰ ਤੇ ਇਕ ਤਣਾਉ ਦੇ ਰੂਪ ਵਿਚ ਵੇਖਿਆ ਹੈ। ਉਸ ਦੀ ਨਜ਼ਰ ਵਿਚ ਤਣਾਉ ਹੀ ਜੀਵਨ ਦਾ ਪ੍ਰਮਾਣਿਕ ਅਨੁਭਵ ਹੈ। ਬੇਸ਼ਕ ਚੇਤਨਾ ਹਸਤੀ ਅਤੇ ਮਾਹੌਲ ਦੇ ਨਿਰੰਤਰ ਤਣਾਉ ਵਿਚੋਂ ਗੁਜ਼ਰਦੀ ਮਨੁੱਖੀ ਸ਼ਖ਼ਸੀਅਤ ਦੀ ਤ੍ਰਾਸਦੀ ਆਧੁਨਿਕ ਮਨੁੱਖ ਦੀ ਪ੍ਰਵਾਣਿਤ ਹੋਣੀ ਹੈ। ਇਹ ਤਣਾਉ ਉਸ ਦੀ ਗ਼ਜ਼ਲ-ਸੰਵੇਦਨਾ ਦਾ ਮੂਲ ਪਛਾਣ ਚਿੰਨ੍ਹ ਹੈ। ਪਰ ਉਸ ਦੇ ਸ਼ਿਅਰਾਂ ਦੀ ਮੁੱਖ ਟੇਕ ਇਸ ਤਣਾਉ ਵਿਚ ਖੁਰਦੀ ਤੇ ਖੀਣ ਹੁੰਦੀ ਜ਼ਿੰਦਗੀ ਨਹੀਂ ਸਗੋਂ ਤਣਾਉਸ਼ੀਲ ਜੀਵਨ ਦੀ ਅਮੁੱਕ ਖੇਡ ਵਿਚ ਟੁੱਟਦੇ, ਮੁੱਕਦੇ ਬਿਨਸਦੇ ਦ੍ਰਿਸ਼ਾਂ ਤੋਂ ਬਾਅਦ ਵੀ ਬਚ ਰਹੀ ਗਤੀਸ਼ੀਲ ਮਨੁੱਖੀ ਚੇਤਨਾ ਦੀ ਅਖੁੱਟ ਸ਼ਕਤੀ ਹੈ। ਇਹ ਕਾਰਨ ਹੈ ਕਿ ਮਨੁੱਖੀ ਚੇਤਨਾ ਉਤੇ ਜੋ ਤ੍ਰਾਸਦੀ ਆਧੁਨਿਕ ਸਭਿਅਤਾ ਦੇ ਫਲਸਰੂਪ ਅੰਦਰੇ-ਅੰਦਰੇ ਵਾਪਰ ਰਹੀ ਹੈ, ਉਸ ਨੂੰ ਪਾਤਰ ਨੇ ਬੜੀ ਤਿੱਖੀ ਤੇ ਵਿੰਨ੍ਹਵੀਂ ਵਿਅੰਗ- ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਉਸਦਾ ਵਿਅੰਗ-ਬੋਧ ਮਨੁੱਖੀ ਤ੍ਰਾਸਦੀ ਨੂੰ ਵਿਰੋਧ- ਬਿੰਬ ਦੇ ਰਚਨਾਤਮਕ ਜਸ਼ਨ ਵਿਚ ਮਟਕਾ ਕੇ ਪੇਸ਼ ਕਰਦਾ ਹੈ। ਇਸ ਜਸ਼ਨ ਦੀ ਮਹਾਨਤਾ ਇਹ ਹੈ ਕਿ ਤ੍ਰਾਸਦੀ ਵਿਚੋਂ ਗੁਜ਼ਰਦਾ ਹੋਇਆ ਉਸਦੀ ਗ਼ਜ਼ਲ ਦਾ ਨਾਇਕ ਇਸ ਤ੍ਰਾਸਦੀ ਵਿਚ ਖੁਰਦਾ ਹਾਰਦਾ ਜਾਂ ਨਿਖੁੱਟਦਾ ਨਜ਼ਰ ਨਹੀਂ ਆਉਂਦਾ ਸਗੋਂ ਇਸ ਨੂੰ ਜੀਵਨ ਦੇ ਅਖੰਡ ਅਨੁਭਵ ਦੇ ਵਿਵੇਕ ਦਾ ਅੰਗ ਸਮਝਦਾ ਇਸ ਨੂੰ ਮੁਸਕਰਾ ਕੇ ਭੋਗਦਾ ਤੇ ਜ਼ਿੰਦਗੀ ਦੀ ਅਜ਼ਮਤ ਵਿਚ ਆਪਣੇ ਵਿਸ਼ਵਾਸ ਨੂੰ ਪਰਪੱਕ ਕਰਦਾ ਦਿਸਦਾ ਹੈ। ਬੇਸ਼ਕ ਇਹ ਵਿਸ਼ਵਾਸ ਪਾਤਰ ਦੀ ਚੰਡੀ ਹੋਈ ਦਵੰਦਵਾਦੀ ਦ੍ਰਿਸ਼ਟੀ ਦੀ ਦੇਣ ਹੈ। ਇਹ ਦ੍ਰਿਸ਼ਟੀ ਹੀ ਯਥਾਰਥ ਦੇ ਪੂਰਕ ਵਿਰੋਧਾਂ ਨੂੰ ਰਚਨਾਤਮਕ ਠਰੰਮੇ ਅਤੇ ਸਹਿਜ ਨਾਲ ਨਿਖਾਰਦੀ ਤੇ ਉਘਾੜਦੀ ਹੈ:
ਸਮੁੰਦਰ ਸੀ ਨਮਕ ਤੇ ਜ਼ਖ਼ਮ ਵੀ ਸੀ
ਤਦੇ ਹਰ ਲਹਿਰ ਏਦਾਂ ਤੜਪਦੀ ਸੀ
ਅਜੀਬ ਸਾਜ਼ ਸੀ ਜੋ ਵਿਚ ਸਿਵੇ ਦੇ ਸੜ ਕੇ ਵੀ
ਉਦਾਸ ਰਾਤ ਦੀ ਕਾਲੀ ਹਵਾ 'ਚ ਵਜਦਾ ਰਿਹਾ
ਸੀ ਸਮਝਦਾਰ ਬੜਾ ਸਾਡੇ ਦੋਰ ਦਾ ਸੂਰਜ
ਕਿ ਦਿਨ ਚੜ੍ਹੇ ਤਾਂ ਚੜ੍ਹਾਂ ਇੰਤਜ਼ਾਰ ਕਰਦਾ ਰਿਹਾ।
ਜਦੋਂ ਉਸ ਦੀ ਵਿਅੰਗ ਦ੍ਰਿਸ਼ਟੀ ਇਤਿਹਾਸਕ ਵਿਵੇਕ ਦੇ ਵਿਰੋਧਾਂ ਨੂੰ ਆਪਸ ਵਿਚ ਭਿੜਾਉਂਦੀ ਹੈ ਤਾਂ ਯਥਾਰਥ ਦਾ ਵਿਰਾਟ ਦਰਸ਼ਨ ਚੇਤਨਾ ਦੇ ਸੂਖ਼ਮ ਬੋਧ ਵਿਚ ਮਲਕੜੇ ਉਤਰਦਾ ਚਲਾ ਜਾਂਦਾ ਹੈ। ਆਪਾ-ਅਨਾਪਾ, ਆਤਮ-ਅਨਾਤਮ ਨਿੱਜ ਤੇ ਪਰ ਅਥਵਾ ਸੂਖ਼ਮ ਤੇ ਵਿਰਾਟ ਦੇ ਦਵੰਦਮਈ ਵਿਰੋਧ ਯਥਾਰਥ ਦੇ ਅਖੰਡ ਬੋਧ ਵਿਚ ਘੁਲਦੇ ਅਨੁਭਵ ਹੁੰਦੇ ਹਨ। ਯਥਾਰਥ-ਬੋਧ ਅਤੇ ਪ੍ਰਤੱਖਣ ਦੀ ਇਸ ਯਾਤਰਾ ਵਿਚ ਵਿਅੰਗ ਸੁਰਜੀਤ ਪਾਤਰ ਦੀ ਸਹਿਜ ਵਿਧੀ ਹੈ।
ਜਦ ਉਹ ਵਰਤਮਾਨ ਨਿਜ਼ਾਮ ਉਤੇ ਕਾਬਿਜ਼ ਸ਼ਕਤੀਆਂ ਦੇ ਦੰਭ ਨੂੰ ਆਪਣੇ ਕਟਾਖਸ਼ ਦਾ ਨਿਸ਼ਾਨਾ ਬਣਾਉਂਦਾ ਹੈ ਤਾਂ ਉਸ ਦੀ ਵਿਅੰਗਾਤਮਕ ਅੰਤਰ-ਦ੍ਰਿਸ਼ਟੀ ਆਪਣੇ ਰਚਨਾਤਮਕ ਕਮਾਲ ਦੀਆਂ ਸਿਖਰਾਂ ਛੂੰਹਦੀ ਨਜ਼ਰ ਆਉਂਦੀ ਹੈ। ਨਾਟਕੀ ਵਿਰੋਧਾਭਾਸ ਵਿਚ ਵਿਅਗਮਈ ਤਕਰਾਰ ਪੈਦਾ ਕਰ ਸਕਣ ਦਾ ਆਪ ਮੁਹਾਰਾ ਗੁਣ ਉਸ ਦੀ ਗ਼ਜ਼ਲ ਨੂੰ ਵਿਸ਼ੇਸ਼ ਇਤਿਹਾਸਕ ਅਰਥ ਤੇ ਡੂੰਘਾਈ ਪ੍ਰਦਾਨ ਕਰਦਾ ਹੈ:
ਮੈਂ ਤਾਂ ਬਸ ਏਨਾ ਕਿਹਾ ਸੀ ਨਾ ਜਲਾਓ ਫੁੱਲ
ਅੱਗ ਮੈਨੂੰ ਫੜ ਕੇ ਲੈ ਗਈ ਕਹਿ ਕੇ ਚੋਰ ਚੋਰ
ਰਾਤ ਮੇਰੀ ਹਿੱਕ ਉਤੇ ਲਿਖ ਗਈ ਸੰਗੀਨ
ਬੰਦਾ ਬਣ ਜਾ ਪਾਣੀਆਂ ਪੱਥਰ ਨਾ ਸਾਡੇ ਖੋਰ
ਪਹਿਲਾਂ ਜੋ ਵੀ ਦਿਲ ਵਿਚ ਆਉਂਦਾ ਗੋਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ
ਨ੍ਹੇਰੇ ਦੇ ਦਰਬਾਰ 'ਚ ਮੈਨੂੰ ਹਾਕ ਪਈ
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਕਿਤੇ ਕਿਤੇ ਉਸਦੀ ਇਤਿਹਾਸਕ ਚੇਤਨਤਾ, ਕਟਾਖ਼ਸ਼ ਦੇ ਰਚਨਾਤਮਕ ਅਸਲ ਤੋਂ ਹਟ ਕੇ ਕਾਬਿਜ਼ ਸ਼ਕਤੀਆਂ ਦੇ ਪੈਦਾ ਕੀਤੇ ਤਣਾਉ ਨੂੰ ਅਰਥ ਦੀ ਯਾਦ ਪੱਧਰ ਤੇ
ਜ਼ਖ਼ਮ ਨੂੰ ਜ਼ਖ਼ਮ ਲਿਖੋ ਖਾਮਖਾ ਕੰਵਲ ਨਾ ਲਿਖੋ
ਸਿਤਮ ਹਟਾਓ ਸਿਤਮ ਤੇ ਨਿਰੀ ਗ਼ਜ਼ਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ
ਉਸ ਦੀ ਵਿਅੰਗ ਸਾਧਨਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਤਿਹਾਸਕ ਸਿਥਿਤੀ ਦੇ ਵਿਰੋਧ ਸੁਭਾਵਿਕ ਹੀ ਯਥਾਰਥ ਦੀ ਅਖੰਡਤਾ ਦੀ ਅਰਾਧਨਾ ਕਰਦੇ ਦਿਖਾਈ ਦਿੰਦੇ ਹਨ। ਇਹ ਨਿਸਚੇ ਹੀ ਇਤਿਹਾਸ ਦੇ ਵਿਰੋਧਾਂ ਨੂੰ ਅਖੰਡ ਦ੍ਰਿਸ਼ਟੀ ਨਾਲ ਧਿਆਉਣ ਦਾ ਸਿੱਟਾ ਹੈ। ਕੁਝ ਸ਼ਿਅਰ ਪ੍ਰਮਾਣ ਵਜੋਂ ਮੁਲਾਹਜ਼ਾ ਕਰੋ:
ਇਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਤੇਰੇ ਯਾਰ ਕਿੰਝ ਸਹਿਣਗੇ
ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।
ਅਖੰਡ ਦ੍ਰਿਸ਼ਟੀ ਦੇ ਇਸ ਸਹਿਜ ਅਨੁਭਵ ਨਾਲ ਹੀ ਪਾਤਰ ਆਸ ਨਿਰਾਸ ਦੇ ਵਿਵੇਕ ਵਿਚ ਵੀ ਮਲਕੜੇ ਉਤਰ ਜਾਂਦਾ ਹੈ, ਜਿੱਥੇ ਆਸ ਤੇ ਨਿਰਾਸਤਾ ਦੇ ਰੰਗ ਇਕ ਦੂਜੇ ਵਿਚ ਘੁਲੇ ਤੇ ਇਕ ਦੂਜੇ ਵਿਚੋਂ ਉਦੈ ਹੁੰਦੇ ਦਿਖਾਈ ਦਿੰਦੇ ਹਨ:
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਪੈ ਚੱਲੀਆ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੂਬ੍ਹਾ ਦੀ ਝਲਕੇ
ਅਨੁਭਵ ਨੂੰ ਰਚਨਾ ਦੇ ਅਮਲ ਵਿਚੋਂ ਗੁਜ਼ਾਰਦਾ ਹੋਇਆ ਸੁਰਜੀਤ ਪਾਤਰ ਇਤਿਹਾਸਕ ਯਥਾਰਥ ਨੂੰ ਵਿਅੰਗ ਮਈ ਵਿਵੇਕ-ਦ੍ਰਿਸ਼ਟੀ ਨਾਲ ਪੇਸ਼ ਕਰਕੇ ਹੀ ਸੰਤੋਖ ਨਹੀਂ ਕਰ ਲੈਂਦਾ। ਸਗੋਂ ਆਲੋਚਨਾਤਮਕ ਯਥਾਰਥਵਾਦ ਦੇ ਰਚਨਾਤਮਕ ਪੈਂਤੜੇ ਨੂੰ ਅਪਣਾਉਂਦਾ ਹੋਇਆ, ਉਹ ਯਥਾਰਥ ਤੇ ਇਤਿਹਾਸਕ ਸਥਿਤੀ ਦੀਆਂ ਗੁੱਥੀਆਂ ਤੇ ਗ੍ਰੰਥੀਆਂ ਨੂੰ ਖੋਲ੍ਹਣ ਤੇ ਸੁਲਝਾਉਣ ਦੇ ਵਿਵੇਕਸ਼ੀਲ ਪ੍ਰਮਾਣ ਵੀ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਪੈਂਤੜੇ ਅਨੁਸਾਰ ਉਹ ਸਥਿਤੀ ਦੇ ਵਿਰੋਧ ਨੂੰ ਵਿਅੰਗ ਦੀ ਨਸ਼ਤਰ ਨਾਲ ਕੁਝ ਇਸ ਅੰਦਾਜ਼ ਨਾਲ ਉਘਾੜਦਾ ਹੈ ਕਿ ਉਸਦਾ ਕਟਾਖਸ਼ ਹੀ ਉਸ ਦੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਸੰਕੇਤਕ ਵੀ ਬਣ ਨਿਬੜਦਾ ਹੈ।
ਇਤਿਹਾਸ ਦੀਆਂ ਸਾਕਾਰਾਤਮਕ ਸ਼ਕਤੀਆਂ ਪ੍ਰਤੀ ਉਸ ਦੀ ਪ੍ਰਤੀਬੱਧਤਾ ਵਿਅੰਗ ਦਾ ਵਿਵੇਕ ਬਣ ਕੇ ਉਸ ਦੇ ਸ਼ਿਅਰਾਂ ਦੀਆਂ ਪਰਤਾਂ ਵਿਚ ਰਮੀ ਹੋਈ ਦਿਸਦੀ ਹੈ। ਬੇਸ਼ਕ ਜਿਸ ਸ਼ਾਇਰ ਦੀ ਕਲਮ, ਰਚਨਾ ਦੇ ਅਸਲ ਗੌਰਵ ਦਾ ਮਰਮ ਪਛਾਣ ਲੈਂਦੀ ਹੈ, ਉਹ ਕਦੇ ਵੀ ਆਪਣੀ ਪ੍ਰਤੀਬੱਧਤਾ ਨੂੰ ਰਚਨਾ ਦੇ ਮੱਥੇ ਉਤੇ ਚਿਪਕਾਉਣ ਦੀ ਲੋੜ ਨਹੀਂ ਸਮਝਦਾ। ਕਹਿਣ ਦੀ ਲੋੜ ਨਹੀਂ ਕਿ ਪਾਤਰ ਦੀ ਕਾਵਿ ਸਾਧਨਾ ਵਿਚ ਇਸ ਮਰਮ ਦੀ ਪਛਾਣ ਦੇ ਭਰਪੂਰ ਪ੍ਰਮਾਣ ਮੌਜੂਦ ਹਨ। ਉਸ ਦੇ ਅਨੇਕਾਂ ਸ਼ਿਅਰਾਂ ਵਿਚ ਧਰਤੀ ਦੀ ਕੁੱਖ ਵਿਚੋਂ ਉਦੈ ਹੋਏ ਲੋਕ ਗੀਤਾਂ ਵਰਗੀ ਸਹਿਜ ਸਾਦਗੀ ਹੈ, ਜੋ ਅਚੇਤ ਹੀ ਰੂਹ ਦੀਆਂ ਡੂੰਘਾਈਆਂ ਵਿਚ ਲਹਿ ਜਾਂਦੀ ਹੈ।
ਆਧੁਨਿਕ ਜੀਵਨ ਦੇ ਤਣਾਉਸ਼ੀਲ ਰਿਸ਼ਤਿਆਂ ਦੇ ਮਨੋਸਮਾਜਕ ਤੇ ਇਤਿਹਾਸਕ ਵਿਵੇਕ ਦੇ ਆਰ ਪਾਰ-ਝਾਕ ਸਕਣ ਵਾਲੀ ਉਸ ਦੀ ਨਜ਼ਰ ਏਨੀ ਵਿੰਨ੍ਹਵੀ ਤੇ ਪਾਰਦਰਸ਼ੀ ਹੈ ਕਿ ਰਿਸ਼ਤਿਆਂ ਦੇ ਗੁੰਝਲਦਾਰ ਸਮੀਕਰਣਾਂ ਦੀ ਜਟਿਲਤਾ ਇਸ ਦੇ ਮੂਹਰੇ ਬਲੋਰੀ ਪਾਣੀਆਂ ਵਾਂਗ ਤਹਿ ਤਕ ਨਿੱਤਰੀ ਹੋਈ ਪ੍ਰਤੀਤ ਹੁੰਦੀ ਹੈ। ਯਥਾਰਥ ਦੀਆਂ ਸਹੰਸਰਾਂ ਉਲਝਣਾਂ ਤੇ ਅੜ੍ਹਕਾਂ ਨੂੰ ਸੁਲਝਾ- ਸੰਵਾਰ ਕੇ ਸ਼ਾਇਰ ਦੀ ਨਜ਼ਰ ਸ਼ਾਇਰੀ ਦੇ ਪੈਗ਼ੰਬਰੀ ਕਾਰਜ ਨੂੰ ਨਿਭਾਉਣ ਦੇ ਯੋਗ ਹੁੰਦੀ ਹੈ। ਰਿਸ਼ਤਿਆਂ ਬਨਾਵਟਾਂ, ਪਰਦਾਦਾਰੀਆਂ ਤੇ ਵਿਖਾਵਿਆਂ ਦਾ ਕੋਈ ਉਹਲਾ ਸ਼ਾਇਰ ਦੀ ਪੈਗੰਬਰੀ ਨਜ਼ਰ ਸਾਹਮਣੇ ਨਹੀਂ ਠਹਿਰ ਸਕਦਾ। ਸੁਰਜੀਤ ਪਾਤਰ ਦੀ ਕਾਵਿ ਸਾਧਨਾ ਇਸ ਗੱਲ ਦਾ ਭਰਪੂਰ ਅਹਿਸਾਸ ਪ੍ਰਦਾਨ ਕਰਦੀ ਹੈ ਕਿ ਪੈਗੰਬਰੀ ਨਜ਼ਰ ਦੀ ਸਾਧਨਾ ਹੀ ਸ਼ਾਇਰੀ ਦੀ ਪ੍ਰਮਾਣਿਕ ਦਿਸ਼ਾ ਹੈ। ਉਸ