ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ ਹੌਲੀ
ਚੰਦ-ਮੁੱਖ ਰੇਤ 'ਚ ਰਲ ਜਾਂਦਾ ਏ ਹੌਲੀ ਹੌਲੀ
ਇਸ ਤਰ੍ਹਾਂ ਜਾਲ ਜਿਹਾ ਬੁਣਦੀ ਏ ਪਰਦਾਦਾਰੀ
ਅਰਥ ਨੂੰ ਸ਼ਬਦ ਨਿਗਲ ਜਾਂਦਾ ਏ ਹੌਲੀ ਹੌਲੀ
ਬਣ ਕੇ ਜ਼ੰਜੀਰ ਲਈ ਮੌਤ ਜੁ ਉਠਦਾ ਲੋਹਾ
ਉਹ ਵੀ ਜ਼ੰਜੀਰ 'ਚ ਢਲ ਜਾਂਦਾ ਏ ਹੌਲੀ ਹੌਲੀ
ਪਹਿਲਾਂ ਬਚਪਨ ਫੇ ਜਵਾਨੀ, ਫਿਰ ਅਰਥੀ ਜਾਵੇ
ਆਦਮੀ ਘਰ 'ਚੋਂ ਨਿਕਲ ਜਾਂਦਾ ਏ ਹੌਲੀ ਹੌਲੀ
ਪਹਿਲਾਂ ਕੰਬਦਾ ਏ ਬਹੁਤ ਵੇਗ 'ਚ ਪੱਤੇ ਵਾਂਗੂੰ
ਫੇਰ ਦਿਲ ਆਪੇ ਸੰਭਲ ਜਾਂਦਾ ਏ ਹੌਲੀ ਹੌਲੀ