ਮੇਰੇ ਹੱਥਾਂ 'ਚ ਫੁਲ ਮਨ ਵਿਚ ਬਦੀ ਸੀ
ਬੁਝੀ ਸੀ ਰੂਹ ਤੇ ਕਾਇਆ ਸੁਲਗਦੀ ਸੀ
ਉਤਾਰੇ ਵੇਸ ਜਦ ਉਸਨੇ ਮੈਂ ਤੱਕਿਆ
ਮੇਰੇ ਸਾਹਵੇਂ ਬਦਨ ਦੀ ਥਾਂ ਨਦੀ ਸੀ
ਬਦਨ ਦੇ ਪਾਣੀਆਂ ਵਿਚ ਲਹਿਰ ਹੋ ਕੇ
ਅਸਲ ਵਿਚ ਓਸ ਦੀ ਰੂਹ ਤੜਪਦੀ ਸੀ
ਉਹ ਉਸਦਾ ਜ਼ਖ਼ਮ ਸੀ, ਉਸਦੀ ਤ੍ਰਿਖਾ ਸੀ
ਜੁ ਆਖਣ ਨੂੰ ਬੁਰਾਈ ਸੀ, ਬਦੀ ਸੀ
ਉਹ ਬੈਠੀ ਸ਼ਬਦ-ਕੋਸ਼ਾਂ ਦੇ ਵਿਚਾਲੇ
ਕਿਸੇ ਦੇ ਇਕ ਸੁਖ਼ਨ ਨੂੰ ਤਰਸਦੀ ਸੀ
ਸਮੁੰਦਰ ਦੀ ਮਹਾਂ-ਪੁਸਤਕ ਦੇ ਵਰਕੇ
ਹਵਾ ਚੰਨ ਚਾਨਣੀ ਵਿਚ ਪਰਤਦੀ ਸੀ
ਸਮੁੰਦਰ ਸੀ ਨਮਕ ਤੇ ਜ਼ਖਮ ਵੀ ਸੀ
ਤਦੇ ਹਰ ਲਹਿਰ ਏਦਾਂ ਤੜਪਦੀ ਸੀ
ਤੇਰੀ ਅਣਹੋਂਦ ਵਿਚ ਹਰ ਲਹਿਰ ਸ਼ਾਇਦ
ਮਚਲਦੀ ਵੀ ਤੜਪਦੀ ਜਾਪਦੀ ਸੀ