ਸ਼ੁਹਰਤਾਂ ਦੇ ਮੋਹ ਅਤੇ ਬਦਨਾਮੀਆਂ ਦੇ ਖ਼ੌਫ਼ ਤੋਂ
ਮੁਕਤ ਹੋ ਕੇ ਮੈਂ ਅਜੇ ਸਫ਼ਿਆਂ 'ਤੇ ਵਿਛ ਸਕਿਆ ਨਹੀਂ
ਮੇਰੀ ਰਚਨਾ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਦੀਵਾਰ 'ਤੇ
ਬੂਹਿਆਂ ਦੀਆਂ ਮੂਰਤਾਂ ਨੇ, ਪਰ ਕੋਈ ਬੂਹਾ ਨਹੀਂ
ਰੁੱਖ ਦੀਆਂ ਲਗਰਾਂ ਨੇ ਐਵੇਂ ਵਿਚ ਹਵਾ ਦੇ ਕੰਬਦੀਆਂ
ਇਹ ਕਿਸੇ ਥਾਂ ਜਾਣ ਦਾ ਕੋਈ ਦਸਦੀਆਂ ਰਸਤਾ ਨਹੀਂ
ਅਗਲਿਆਂ ਰਾਹਾਂ ਦਾ ਡਰ. ਇਸ ਥਾਂ ਦਾ ਮੋਹ, ਇਕ ਇੰਤਜ਼ਾਰ
ਬਿਰਖ ਤੋਂ ਬੰਦਾਂ ਅਜੇ ਤਕ ਹਾਇ ਮੈਂ ਬਣਿਆ ਨਹੀਂ
ਸ਼ੋਰ ਦੇ ਦਰਿਆ 'ਤੇ ਪੁਲ ਹੈ ਬੰਸਰੀ ਦੀ ਹੂਕ, ਪਰ
ਬੋਝ ਦਿਲ 'ਤੇ ਹੈ ਜੋ ਇਸ ਤੋਂ ਝੱਲਿਆ ਜਾਣਾ ਨਹੀਂ
ਲਾਟ ਬਣ ਜਗਿਆ ਨਹੀਂ, ਧੁਖਣੋਂ ਵੀ ਪਰ ਹਟਿਆ ਨਹੀਂ
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆ ਨਹੀਂ
ਤੇਰਿਆਂ ਰਾਹਾਂ ਤੇ ਗੁੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ
ਉਹ ਨੇ ਭੁੱਖੇ ਤੇ ਉਨ੍ਹਾਂ ਨੂੰ ਭੁੱਖਿਆਂ ਦਾ ਖ਼ੌਫ਼ ਹੈ
ਨੀਂਦ ਇਸ ਨਗਰੀ 'ਚ ਕੋਈ ਚੈਨ ਦੀ ਸੌਂਦਾ ਨਹੀਂ