

ਜੇ ਤੇਰੀ ਮੇਰੀ ਅਣਬਣ, ਤੇਰੀ ਬਿੱਲੀ ਭਾਰੀ ਭਰਕਮ,
ਛੱਤ ਭਾਰ ਨਾ ਇਸਦਾ ਸਹਿੰਦੀ ਹੈ ।
ਜਦੋਂ ਪਤੀ ਪਤਨੀ ਦਾ ਮਨ ਮਿਲਿਆ ਹੁੰਦਾ ਹੈ ਅਤੇ ਪ੍ਰੇਮ ਦਾ ਰਾਜ ਹੁੰਦਾ ਹੈ ਤਾਂ ਇਕ ਦੂਜੇ ਦਾ ਸਭ ਕੁਝ ਚੰਗਾ ਲੱਗਦਾ ਹੈ । ਪਰ ਜਦੋਂ ਮਨ ਵਿਚ ਦੁੱਖ ਹੋਵੇ ਤਾਂ ਇਕ ਵਾਕ ਦੇ ਕਈ ਕਈ ‘ਬੁਰਾਈ' ਸੂਚਕ ਅਰਥ ਕੱਢੇ ਜਾਂਦੇ ਹਨ । ਪਤੀ-ਪਤਨੀ ਦੇ ਇਕ ਦੂਜੇ ਦੀ ਬਾਬਤ ਅਜਿਹੇ ਭਾਵ ਹੋਣ, ਤਾਂ ਇਹ ਤਾਂ ਮ੍ਰਿਤੂ ਤੋਂ ਵੀ ਵੱਧ ਕੇ ਮਾੜਾ ਜੀਵਨ ਹੈ । ਇਉਂ ਸਮਝੋ ਕਿ ਸਾਹ ਲੈਣ ਵਾਲੀਆਂ ਦੋ ਚਲਦੀਆਂ ਫਿਰਦੀਆਂ ਲਾਸ਼ਾ ਹਨ :-
ਜਾ ਘੱਟ ਪ੍ਰੇਮ ਨਾ ਸੰਚਰੇ, ਸੋ ਸ਼ਮਸ਼ਾਨ ਸਮਾਨ ।
ਜੈਸੇ ਖਾਲ ਲੁਹਾਰ ਕੀ, ਸੁਆਸ ਲੇਤ ਬਿਨ ਪ੍ਰਾਣ।
59. ਜਿਵੇਂ ਜਿਵੇਂ ਉਮਰ ਵੱਧਦੀ ਹੈ, ਪਤੀ ਦਾ ਸਮਾਜਕ ਸੰਪਰਕ, ਮਿੱਤਰ ਮੰਡਲ ਆਦਿ ਵੱਧ ਜਾਣ ਨਾਲ, ਉਹ ਪਤਨੀ ਨੂੰ ਉਤਨਾ ਸਮਾਂ ਨਹੀਂ ਦੇਂਦਾ, ਜਿਤਨਾ ਪਹਿਲਾਂ ਦੇਂਦਾ ਸੀ । ਨਾ ਕੋਈ ਗੀਤ ਸੁਣਨ ਸੁਣਾਨ ਦੀ ਉਹ ਚਾਹ, ਨਾ ਵਹੁਟੀ ਨਾਲ ਗਪ ਸ਼ਪ ਵਿਚ ਉਹ ਰੁਚੀ, ਨਾ ਮਨ-ਭਾਂਦੇ ਖਾਣਿਆਂ ਦੀ ਫੁਰਮਾਇਸ਼, ਨਾ ਪਿਆਰ ਦੀ ਚਪੇੜ, ਨਾ ਛੇੜ ਛਾੜ । ਸੱਚ ਪੁੱਛੋਂ ਤਾਂ ਢਲਦੀ ਉਮਰ ਵਿਚ, ਸਰੀਰ ਦੀ ਹਿੰਮਤ ਉਤਸ਼ਾਹ ਘਟਣ ਦੇ ਨਾਲ ਨਾਲ ਚਖੋਤਿਆਂ ਦਾ ਸ਼ੌਕ ਰਸੀਆਪਣ ਵੀ ਘਟਦਾ ਹੈ । ਪਰ ਤਾਂ ਵੀ ਦਿਲ ਜਵਾਨ ਰਹਿਣਾ ਚਾਹੀਦਾ ਹੈ । ਉਪਰੋਕਤ ਪ੍ਰੇਮ ਨਿਸ਼ਾਨੀਆਂ ਦੇ ਅਭਾਵ ਤੋਂ, ਅਤੇ ਘਰ ਸਿਰਫ਼ ਰਾਤ ਕਟਣ ਲਈ ਆਣ ਤੋਂ, ਪਤਨੀ ਸਮਝਦੀ ਹੈ ਕਿ ਪ੍ਰੇਮ ਦੀ ਤਪਸ਼ ਅਤੇ ਮੇਰੀ ਖਿਚ, ਪਤੀ ਦੇ ਦਿਲ ਵਿਚ ਪਹਿਲਾਂ ਵਰਗੀ ਨਹੀਂ ਰਹੀ । ਸੰਭਵ ਹੈ ਅਜਿਹੀ ਲਾਲਸਾ ਨਾਲ ਇਕ ਨੇ ਕਿਹਾ ਹੋਵੇਗਾ :-
"ਨਾ ਕਭੀ ਪ੍ਰੇਮ ਕੀ ਚਪਤ ਲੱਗਾਈ, ਨਾ ਰਿਸ ਖੈਂਚੇ ਕੇਸ ।
ਜੈਸੇ ਕੰਤਾ ਘਰ ਰਹੇ, ਜੈਸੇ ਗਏ ਬਦੇਸ।” (ਰਿਸ-ਨਾਰਾਜ਼ ਹੋ ਕੇ)
ਸੋ ਸਦਾ ਪ੍ਰੇਮ-ਪ੍ਰਕਾਸ਼ਕ ਚਿੰਨ੍ਹਾਂ ਦਾ ਪ੍ਰਗਟਾਵਾ ਬੁਢਾਪੇ ਤਕ ਹੁੰਦਾ ਹੀ ਰਹਿਣਾ ਚਾਹੀਦਾ ਹੈ । ਇੰਦਰੀਆਂ ਤ੍ਰਿਪਤੀ ਦੀ ਲਾਲਸਾ ਬੁਢਾਪੇ ਵਿਚ ਘੱਟ ਜਾਣ 'ਤੇ ਵੀ ਸਦਾ ਪ੍ਰੇਮ ਦਾ ਰਸ ਚੋਂਦਾ ਹੀ ਰਹਿਣਾ ਚਾਹੀਦਾ ਹੈ ।