ਤੋਂ ਅਨਜਾਣ ਹੋਣਾ ਸਭ ਤੋਂ ਵੱਡੀ ਬੇਸਮਝੀ ਅਤੇ ਬਦ-ਕਿਸਮਤੀ ਅਤੇ ਮਹਾਂ ਪਾਪ ਹੈ ਜੋ ਬੇ-ਸਮਝ ਅਤੇ ਅਨਾੜੀ ਲੋਕ ਏਸ ਵਿਦਿਆ ਦੇ ਪ੍ਰਚਾਰ ਅਤੇ ਪ੍ਰਕਾਸ਼ ਪਾਉਣ ਦੇ ਸਾਧਨਾਂ ਦੇ ਵਿਰੋਧੀ ਹਨ, ਉਹ ਦੁਨੀਆਂ ਨੂੰ ਪ੍ਰਸੰਨ ਅਤੇ ਅਰੋਗ ਰੱਖਣ ਦੇ ਰਸਤੇ ਵਿਚ ਰੋੜੇ ਅਟਕਾਉਂਦੇ ਹਨ। ਸਾਡੀ ਸਰਕਾਰ ਗੰਦੇ ਕੋਕ ਸ਼ਾਸਤਰ ਆਦਿਕ ਨਿਸ਼ੰਗ ਬੰਦ ਕਰੇ, ਪਰ ਭਲੀ ਸਿੱਖਿਆ ਦੇਣ ਵਾਲੀਆਂ ਪੁਸਤਕਾਂ ਦਾ ਤਾਂ ਉਤਸ਼ਾਹ ਵਧਾਣਾ ਚਾਹੀਦਾ ਹੈ।
ਇਸ ਵਿਦਿਆ ਦੇ ਨਾ ਜਾਣਨ ਦੇ ਕਾਰਨ, ਵਹੁਟੀ ਗਭਰੂ ਇਕ ਦੂਜੇ ਦੀਆਂ ਚਾਹਾਂ ਅਤੇ ਲੋੜਾਂ ਨੂੰ ਨਹੀਂ ਸਮਝਦੇ ਅਤੇ ਨਾ ਹੀ ਪੂਰਾ ਕਰਦੇ ਹਨ ਅਤੇ ਗੁਮਰਾਹ ਹੋ ਜਾਂਦੇ ਹਨ, ਹੋਰ ਨਹੀਂ ਤਾਂ ਪਹਿਲੇ ਵਰਗੀ ਮੁਹੱਬਤ ਨਹੀਂ ਰਹਿੰਦੀ । ਕਈ ਵਾਰੀ ਇਸ ਦਾ ਇਹ ਸਿੱਟਾ ਨਿਕਲਦਾ ਹੈ ਕਿ ਪਤੀ ਨੂੰ ਦੂਜੀ ਇਸਤ੍ਰੀ ਦੀ ਅਤੇ ਇਸਤ੍ਰੀ ਨੂੰ ਦੂਸਰੇ ਪੁਰਖ ਦੀ ਲੋੜ ਪੈਂਦੀ ਹੈ । ਇਸ ਦਾ ਅਸਰ ਉਹਨਾਂ ਦੀ ਸੰਤਾਨ 'ਤੇ ਪੈਂਦਾ ਹੈ ਤੇ ਏਸ ਤਰ੍ਹਾਂ ਬੁਰਿਆਈ ਖਿਲਰਦੀ ਜਾਂਦੀ ਹੈ । ਏਸੇ ਪ੍ਰਕਾਰ ਦੇ ਗੁਪਤ ਭੇਦਾਂ ਨਾਲ ਭਰਪੂਰ, ਮੇਰੇ ਕੋਲ ਸੈਂਕੜੇ ਚਿੱਠੀਆਂ ਹਰ ਸਾਲ ਆਉਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਪਿੱਛੋਂ ਸਾੜ ਦੇਣਾ ਹੀ ਮੁਨਾਸਿਬ ਸਮਝਦਾ ਹਾਂ ਕਿ ਕਿਸੇ ਦਾ ਪਰਦਾ ਨੰਗਾ ਨਾ ਹੋਵੇ । ਇਕ-ਇਕ ਨੂੰ ਪੜ੍ਹ ਕੇ ਸਰੀਰ ਦੇ ਲੂੰ-ਕੰਡੇ ਖੜੇ ਹੋ ਜਾਂਦੇ ਹਨ ।
ਇਸ ਪਰਕਾਰ ਦੀਆਂ ਬੁਰਿਆਈਆਂ ਇੰਗਲਿਸਤਾਨ, ਹਿੰਦੁਸਤਾਨ, ਰੂਸ, ਅਮਰੀਕਾ ਹਰ ਥਾਂ ਪਾਈਆਂ ਜਾਂਦੀਆਂ ਹਨ, ਫ਼ਰਕ ਕੇਵਲ ਇਹ ਹੈ ਕਿ ਹਿੰਦੁਸਤਾਨ ਤੋਂ ਬਾਹਰ ਦੇ ਦੇਸ ਵਾਸੀਆਂ ਨੂੰ ਤਾਂ ਸਮਝ ਆ ਗਈ ਹੈ ਅਤੇ ਉਹਨਾਂ ਨੇ ਪਤੀਆਂ ਅਤੇ ਪਤਨੀਆਂ ਦੀ ਉੱਤਮ ਸਿੱਖਿਆ ਲਈ ਕਈ ਪੁਸਤਕਾਂ 'What a husband ought to know'. 'Sex and its mysteries', 'Happiness in marriage', 'Love's coming of age. "Radiant motherhood', 'Sexual questions', 'Sex in relation to society', 'Married love', 'Before I wed". "What is wrong with marriage'. 'The science of new life' ਅਤੇ 'Sexual side of Love', 'Full 24 hours'. happiness in married life ਆਦਿਕ ਲਿਖ ਕੇ ਦੇਸ ਦੇ ਗਭਰੂਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਵਿਸ਼ੇ 'ਤੇ ਹਜ਼ਾਰਾਂ ਅੰਗਰੇਜ਼ੀ ਪੁਸਤਕਾਂ ਵਲਾਇਤ ਵਿਚੋਂ ਛਪ ਕੇ ਧੜਾ ਧੜ ਹਿੰਦੁਸਤਾਨ ਆਉਂਦੀਆਂ ਹਨ, ਜਿਹੜੀਆਂ ਉਥੋਂ ਦੇ ਹੀ ਹਾਲਾਤ ਦੇ ਆਧਾਰ ਉਪਰ ਲਿਖੀਆਂ ਹੁੰਦੀਆਂ ਹਨ। ਉਥੋਂ ਦੇ ਵਿਆਹ ਦੇ ਮਸਲੇ ਹੋਰ, ਢੰਗ ਹੋਰ, ਏਥੋਂ ਦੇ ਵਿਆਹ ਸ਼ਾਦੀਆਂ ਦੇ ਸਿਲਸਿਲੇ ਹੋਰ, ਮਾਮਲੇ ਹੋਰ । ਓਥੇ ਕੋਰਟਸ਼ਿਪ (ਮਨ-ਪਸੰਦ ਵਿਆਹ) ਦੀ ਖੁਲ੍ਹੀ ਆਗਿਆ, ਓਥੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਾਲਾਕ, ਏਥੇ ਸਾਰੀ ਉਮਰ ਦਾ ਗੰਢ-ਬੰਧਨ । ਇਸ ਤੋਂ ਬਿਨਾਂ ਹੋਰ ਭੀ ਅਨੇਕਾਂ ਵਿਰੋਧ ਤੇ ਅਨੇਕਾਂ ਬਖੇੜੇ । ਇਸੇ ਲਈ ਏਥੋਂ ਦੇ ਵਸਨੀਕਾਂ ਦੇ ਆਪਣੇ ਹਲਾਤਾਂ ਮੁਤਾਬਿਕ ਹੀ ਲੋਕਾਂ ਨੂੰ ਸਿਖ ਮਤ ਮਿਲਣੀ ਚਾਹੀਦੀ ਹੈ ।
ਕਈ ਲੋਕੀ ਕਹਿਣਗੇ ਕਿ "ਮਹਾਰਾਜ ! ਅਸੀਂ ਤਾਂ ਵੱਡੀ ਉਮਰ ਦੇ ਹੋ ਗਏ ਹਾਂ, ਪਰ ਡਰ ਹੈ ਕਿ ਨੌਜਵਾਨਾਂ ਉਤੇ ਇਸ ਦਾ ਕੋਈ ਭੈੜਾ ਅਸਰ ਨਾ ਪਵੇ ।” ਠੀਕ ਇਸੇ ਡਰ ਦੇ ਕਾਰਨ ਅੱਜ-ਕੱਲ ਦੇ ਜ਼ਮਾਨੇ ਵਿਚ ਇਸਤ੍ਰੀ ਅਤੇ ਪੁਰਸ਼ ਦੇ 'ਰੱਬੀ ਸੰਬੰਧਾਂ' ਦਾ ਵਰਣਨ ਮੂੰਹੋਂ ਨਹੀਂ ਕੱਢਿਆ ਜਾਂਦਾ । ਪਰ ਡਾਕਟਰ (J. C. Murray) ਦੇ ਸ਼ਬਦਾਂ ਵਿਚ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ "ਕੀ ਇਹ ਹਦੋਂ ਵੱਧ ਚੁਪ ਤਾਂ ਨਹੀਂ ? ਕੀ ਇਸ ਵਿਦਿਆ ਦੇ ਨਾ ਹੋਣ ਕਰ ਕੇ ਹਜ਼ਾਰਾਂ ਘਰਾਣੇ ਤਬਾਹ ਨਹੀਂ ਹੋ ਗਏ ?" ਸਮਝਦਾਰ ਲੋਕਾਂ ਵਲੋਂ ਜ਼ਰੂਰ ਇਹ ਉੱਤਰ ਮਿਲੇਗਾ ਕਿ ਚੁਪ ਨਾਲ ਵੀ ਜੇ ਬਹੁਤਾ ਨਹੀਂ ਤਾਂ ਏਨਾ ਨੁਕਸਾਨ ਤਾਂ ਜ਼ਰੂਰ ਹੁੰਦਾ ਹੈ ਜਿਸ ਨਾਲ ਜ਼ਿੰਦਗੀ ਬੇ-ਸਵਾਦ ਹੋ ਜਾਵੇ । ਲੁੱਚੇ ਲੋਕ ਨੌਜਵਾਨਾਂ ਨੂੰ ਭੈੜੇ ਰਾਹ 'ਤੇ ਪਾਉਣ ਲਈ ਖੁਲ੍ਹਮ-ਖੁਲ੍ਹੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹਨ। ਕੰਜਰਖਾਨੇ, ਭੰਗ ਦੇ ਅੱਡੇ, ਸ਼ਰਾਬਖਾਨੇ, ਚੰਡੂਖਾਨੇ, ਘਟੀਆ ਦਰਜੇ ਦੇ ਹੋਟਲ, ਇਹ ਸਾਰੇ ਉਨ੍ਹਾਂ ਲੋਕਾਂ ਦੇ ਅੱਡੇ ਹਨ ਜਿਥੇ ਉਹ ਨੌਜਵਾਨਾਂ ਨੂੰ ਭੈੜੇ ਰਾਹ 'ਤੇ ਪਾਉਂਦੇ ਹਨ ਅਤੇ ਗੰਦੀਆਂ ਤਰੀਮਤਾਂ ਲੋਕਾਂ ਨੂੰ ਪਹੰਚਾਉਂਦੇ ਹਨ ਅਤੇ ਗੰਦੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਨ । ਦੂਰ ਨਾ ਜਾਵੋ ਨਾਵਲ, ਥੀਏਟਰ, ਸਿਨੇਮਾ ਸਾਰੇ ਦੇਸ ਵਿਚ ਖਿਲਰੇ ਹੋਏ ਹਨ, ਉਨ੍ਹਾਂ 'ਚੋਂ ਬਥੇਰਿਆਂ ਦੇ ਖੇਲ, ਤਮਾਸ਼ੇ, ਉਨ੍ਹਾਂ ਦੀਆਂ ਲਿਖਤਾਂ ਤੇ ਕਹਾਣੀਆਂ ਆਦਿ ਪ੍ਰਚਾਰ ਸਾਧਨਾਂ ਦਾ ਰੂਪ ਧਾਰ ਕੇ ਬੜੀ ਬੁਰੀ ਸ਼ਕਲ ਵਿਚ ਮਨੁੱਖੀ ਚਾਲ-ਚਲਨ ਦਾ ਨਮੂਨਾ ਪੇਸ਼ ਕਰਦੇ ਹਨ ।
'ਹਦਾਇਤ ਨਾਮਾ ਖਾਵੰਦ' ਵਰਗੀ ਸਿੱਧੇ ਰਾਹ 'ਤੇ ਲਾਣ ਵਾਲੀ ਤੇ
ਪੁੱਠੀਆਂ ਚਾਲਾਂ ਤੋਂ ਹਟਾ ਕੇ ਇਸਤ੍ਰੀ ਪੁਰਸ਼ ਦੇ ਰੱਬੀ ਸੰਬੰਧ ਨੂੰ ਉੱਤਮ ਰੰਗ ਵਿਚ ਵਰਣਨ ਕਰਨ ਵਾਲੀ ਪੁਸਤਕ ਦੀ ਬੜੀ ਲੋੜ ਹੈ ।
ਮੈਨੂੰ ਯਕੀਨ ਹੈ ਕਿ ਬਿਉਪਾਰੀ ਅਤੇ ਮੁਲਾਜ਼ਮ ਪੇਸ਼ਾ, ਮਸ਼ਰਕ-ਪਸੰਦ ਤੇ ਮਗਰਬ-ਪਸੰਦ, ਹਿੰਦੂ ਅਤੇ ਸਿੱਖ, ਮੁਸਲਮਾਨ ਅਤੇ ਈਸਾਈ, ਜਵਾਨ ਅਤੇ ਬੁੱਢੇ, ਮਰਦ ਅਤੇ ਇਸਤ੍ਰੀ ਜਦੋਂ ਮੇਰੀਆਂ ਪੁਸਤਕਾਂ ਨੂੰ ਪੜ੍ਹ ਲੈਣਗੇ ਤਾਂ ਉਹ ਮੰਨ ਜਾਣਗੇ ਕਿ ਉਹਨਾਂ ਦੀਆਂ ਘਰੋਗੀ ਮੁਸ਼ਕਿਲਾਂ ਦਾ ਇਲਾਜ ਇਸ ਪੁਸਤਕ ਵਿਚ ਬਹੁਤ ਹਦ ਤੀਕਰ ਵੇਰਵੇ ਸਹਿਤ ਲਿਖਿਆ ਹੈ, ਸਗੋਂ ਉਹ ਕਹਿਣਗੇ 'ਚੰਗਾ ਹੁੰਦਾ ਕਿ ਇਹ ਪੁਸਤਕ ਅਸਾਂ ਪਹਿਲਾਂ ਪੜ੍ਹੀ ਹੁੰਦੀ ।'
ਮੇਰੇ ਕੋਲ ਇੰਗਲੈਡ, ਅਫ਼ਰੀਕਾ, ਅਮਰੀਕਾ, ਮਲਾਇਆ, ਬਰਮਾ ਅਤੇ ਹਿੰਦੁਸਤਾਨ ਭਰ ਦੀਆਂ ਕਈ ਜਗ੍ਹਾ ਤੋਂ ਬੜੇ ਦਰਦ ਭਰੇ ਖਤ ਆਉਂਦੇ ਹਨ । ਉਹਨਾਂ ਲੋਕਾਂ ਦੀ ਸ਼ਾਦੀ ਅਕਸਰ ਖਾਨਾ ਆਬਾਦੀ ਦੀ ਬਜਾਇ ਖ਼ਾਨਾ-ਬਰਬਾਈ ਹੀ ਹੁੰਦੀ ਹੈ । ਉਸ ਖਰਾਬੀ ਦੇ ਕਸੂਰਵਾਰ ਕਈ ਵਾਰੀ ਆਪ ਹੀ ਵਹੁਟੀ ਗਭਰੂ ਦੋਵੇਂ ਹੀ ਹੁੰਦੇ ਸੀ, ਚੰਗੇ ਵੇਲੇ ਸਾਡੀ ਸਿੱਖ-ਮਤ ਪਰਾਪਤ ਕਰਨ ਦੇ ਕਾਰਣ ਉਹ ਲੋਕ ਖੁਸ਼ਹਾਲ ਹੋਏ । ਜੇ ਪਹਿਲੀ ਉਮਰ ਵਿਚ ਹੀ ਉਹਨਾਂ ਨੂੰ ਸਿਧੇ ਰਾਹ ਪਾਇਆ ਜਾਂਦਾ ਤਾਂ ਉਹ 'ਮੇਰੀ ਸੇਵਾ ਤੋਂ ਬਿਨਾਂ ਹੀ' ਖੁਸ਼ਹਾਲ ਹੋ ਸਕਦੇ ਸਨ ।
ਇਸ ਲਈ ਇਹ ਸੇਵਾ ਮੈਨੂੰ ਕਰਨੀ ਹੀ ਚਾਹੀਦੀ ਹੈ। ਮੈਂ ਹਜ਼ਾਰਾਂ ਬਰਬਾਦ ਸਿਹਤਾਂ ਤੇ ਟੁੱਟੀਆਂ ਹੋਈਆਂ ਮੁਹੱਬਤਾਂ ਦੇਖਣ ਤੋਂ ਬਾਅਦ ਇਸ ਪੁਸਤਕ ਵਿਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਤਨੀ ਨਾਲ ਧਾਰਮਿਕ, ਦੁਨਿਆਵੀ ਅਤੇ ਗ੍ਰਿਹਸਤ ਦਾ ਕਿਸ ਪ੍ਰਕਾਰ ਦਾ ਵਰਤਾਓ ਪਤੀ ਕਰੇ ਜਿਸ ਨਾਲ ਇਸਤ੍ਰੀ ਪ੍ਰਸੰਨ ਰਹੇ, ਨਾਲੇ ਉਹ ਭੀ ਆਪਣੇ ਪਤੀ ਨੂੰ ਪ੍ਰਸੰਨ ਰਖੇ ।
ਵੇਖਿਆ ਗਿਆ ਹੈ ਕਿ ਕਈ ਵਾਰੀ ਦੋਹਾਂ ਪਾਸਿਆਂ ਤੋਂ ਮੁਹੱਬਤ ਪਿਆਰ ਦੇ ਹੁੰਦਿਆਂ ਸੁੰਦਿਆਂ ਭੀ ਪਤੀ ਅਤੇ ਪਤਨੀ ਦੇ ਵਿਚਕਾਰ ਇਕ ਦਮ ਏਨੀ ਖਿਚਾ ਖਿਚੀ ਪੈਦਾ ਹੋ ਜਾਂਦੀ ਹੈ ਕਿ ਉਹ ਆਪ ਹੈਰਾਨ ਹੋ ਜਾਂਦੇ ਹਨ । ਇਸ ਦਾ ਕਾਰਨ ਦੂਜੀਆਂ ਘਰੋਗੀ ਗੱਲਾਂ ਤੋਂ ਸਿਵਾ ਇਕ ਇਹ ਭੀ ਹੁੰਦਾ ਹੈ ਕਿ ਹਰ ਇਸਤ੍ਰੀ ਵਿਚ ਇਕ ਖਾਸ ਸਮੇਂ ਪਿੱਛੋਂ 'ਮਦਨ ਤਰੰਗ’,
'ਗਰਮੀ' ਜਾਂ 'ਸ਼ਹਿਵਤ' ਦੀ ਲਹਿਰ ਉਠਦੀ ਹੈ । ਉਸ ਵੇਲੇ ਇਸਤ੍ਰੀ ਕੁਝ ਅਜਿਹੀਆਂ ਸੈਨਤਾਂ ਨਾਲ ਆਪਣੇ ਸੌਕ ਨੂੰ ਪ੍ਰਗਟ ਕਰਦੀ ਹੈ ਜਿਹੜੀਆਂ ਕੁਦਰਤ ਨੇ ਕੇਵਲ ਇਸਤ੍ਰੀਆਂ ਨੂੰ ਹੀ ਸਿਖਾਈਆਂ ਹਨ । ਸਿਆਣੇ ਪਤੀ ਤਾਂ ਠੀਕ ਸਮੇਂ ਦੇ ਅਨੁਸਾਰ ਅਮਲ ਕਰਦੇ ਹਨ, ਪਰੰਤੂ ਬੇਸਮਝ ਪਤੀ ਉਸ ਮਦਨ ਤਰੰਗ ਦੇ ਸਮੇਂ ਤਾਂ ਉਸ ਦੀ ਸਾਰ ਹੀ ਨਹੀਂ ਲੈਂਦੇ ਪਰੰਤੂ ਜਦੋਂ ਉਹ ਠੰਢੀ ਹੁੰਦੀ ਹੈ ਅਤੇ ਉਸ ਨੂੰ ਵਿਸ਼ੈ ਦਾ ਖਿਆਲ ਤੀਕਰ ਭੀ ਨਹੀਂ ਹੁੰਦਾ, ਉਸ ਵੇਲੇ ਉਸ ਨਾਲ ਵਿਸ਼ਾ ਭੋਗ ਕਰਕੇ ਦੁਖੀ ਕਰਦੇ ਹਨ । ਇਸ ਤਰ੍ਹਾਂ ਦੀ ਮੂਰਖਤਾ ਤੇ ਅਨਜਾਣ-ਪੁਣੇ ਨਾਲ ਉਹ ਘਰ ਵਿਚ ਰੰਜਸ਼ ਪੈਦਾ ਕਰ ਲੈਂਦੇ ਹਨ ਤੇ ਉਹ ਆਪਣੀ ਇਸਤ੍ਰੀ ਨੂੰ ਬੀਮਾਰੀ ਦੀ ਗੋਦ ਵਿਚ ਧਕ ਦੇਂਦੇ ਹਨ, ਖਾਸ ਕਰ ਕੇ ਜਦ ਕਿ ਉਹ ਪਤੀ ਸੁਰਅਤ-ਅੰਜਾਲ (ਛੇਤੀ ਖਲਾਸ ਹੋਣ) ਦੇ ਰੋਗੀ ਹੁੰਦੇ ਹਨ ।
ਗਰਭ ਜਾਂ ਹੈਜ਼ ਦੇ ਦਿਨਾਂ ਵਿਚ ਪਤੀ ਅਤੇ ਪਤਨੀ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ, ਹੋਰ ਤਾਂ ਹੋਰ ਭੋਗ ਵਿਚ ਭੀ ਕਈ ਲੋਕ ਅਜਿਹੇ ਉਲਟ ਪੁਲਟ ਆਸਨ ਵਰਤਦੇ ਹਨ ਕਿ ਦੋਹਾਂ ਧਿਰਾਂ ਨੂੰ ਨੁਕਸਾਨ ਹੁੰਦਾ ਹੈ । ਘਰ ਦੇ ਆਮ ਵਰਤਾਓ ਵਿਚ ਇਕ ਦੂਜੇ ਦੀਆਂ ਘਰੋਗੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ । ਮੁਹੱਬਤ ਪਿਆਰ ਦੇ ਪ੍ਰਗਟ ਕਰਨ ਵਿਚ, ਇਕ ਦੂਜੇ ਦੇ ਦੁੱਖ ਸੁਖ ਦਾ ਖਿਆਲ ਕਰਨ ਵਿਚ ਅਤੇ ਇਸ ਤਰ੍ਹਾਂ ਦੀਆਂ ਕਈਆਂ ਗੱਲਾਂ ਵਿਚ ਉਨ੍ਹਾਂ ਵਲੋਂ ਬੜੀਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਜਿਸ ਨਾਲ ਦੋਵੇਂ ਦੁਖੀ ਰਹਿੰਦੇ ਹਨ ।
ਕਈ ਖਾਵੰਦ ਹਰ ਨਿੱਕੀ ਨਿੱਕੀ ਗੱਲ 'ਤੇ ਵਹੁਟੀ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ, ਕਈ ਇਸਤ੍ਰੀਆਂ ਖਾਵੰਦ ਨੂੰ ਇਹੋ ਜਿਹੇ ਜਵਾਬ ਦੇਂਦੀਆਂ ਹਨ ਜੋ ਕਲੇਜੇ ਵਿਚ ਛੇਕ ਪਾ ਦੇਂਦੇ ਹਨ ।
ਇਸਦਾ ਸਿੱਟਾ ਇਹ ਹੁੰਦਾ ਹੈ ਕਿ ਪਰੇਮ ਪਿਆਰ ਤਾਂ ਪੈ ਜਾਂਦਾ ਹੈ ਢਠੇ ਖੂਹ ਵਿਚ, ਬਾਕੀ ਉਹਨਾਂ ਦਾ ਸੰਬੰਧ ਕੇਵਲ ਵਿਸ਼ੈ ਭੋਗ ਦਾ ਹੀ ਰਹਿ ਜਾਂਦਾ ਹੈ । ਉਹ ਪਿਆਰ, ਉਹ ਖੁਸ਼ੀ, ਉਹ ਮਜ਼ਾ ਤੇ ਮੁਹੱਬਤ ਕਿਥੇ ਰਹੇ ? ਕਿੰਨੇ ਦੁੱਖ ਦੀ ਗੱਲ ਹੈ ।
ਮੈਂ ਇਹਨਾਂ ਸਾਰਿਆਂ ਮਾਮਲਿਆਂ 'ਤੇ ਚਾਨਣਾ ਪਾਉਣਾ ਜ਼ਰੂਰੀ ਸਮਝਿਆ ਹੈ । ਇਸ ਤੋਂ ਬਿਨਾਂ ਗੁਪਤ ਰੋਗਾਂ ਅਤੇ ਗਰਭ ਆਦਿ ਦੇ ਵਿਸ਼ਿਆਂ ਅਤੇ
ਹੋਰ ਨਾਲ ਲੱਗਦੀਆਂ ਗੱਲਾਂ ਉਪਰ ਵਿਸਥਾਰ ਨਾਲ ਬਹਿਸ ਕਰਕੇ ਇਸ ਪੁਸਤਕ ਨੂੰ ਹਦ ਦਰਜੇ ਦੀ ਗੁਣਕਾਰੀ ਬਣਾ ਦਿੱਤਾ ਗਿਆ ਹੈ। ਇਸ ਕਿਤਾਬ ਦੇ ਪੜਨ ਨਾਲ ਪਤੀ ਦੀ ਜਾਣਕਾਰੀ ਅੰਦਰ ਵੱਡਾ ਵਾਧਾ ਹੋ ਜਾਵੇਗਾ ਤੇ ਉਹ ਮਹਿਸੂਸ ਕਰੇਗਾ ਕਿ ਇਸ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਉਹ ਘਰੇਲੂ ਮਾਮਲਿਆਂ ਸੰਬੰਧੀ ਬਹੁਤ ਕੁਝ ਨਹੀਂ ਸੀ ਜਾਣਦਾ । ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਏਨੀਆਂ ਨਿੱਗਰ ਹਦਾਇਤਾਂ ਤੇ ਜਾਣਕਾਰੀਆਂ ਤੁਹਾਨੂੰ ਕਿਸੇ ਵੀ ਬੋਲੀ ਵਿਚ ਵੱਡੀ ਤੋਂ ਵੱਡੀ ਤੇ ਉਘੀ ਤੋਂ ਉਘੀ ਕਿਸੇ ਵੀ ਇਕੋ ਪੁਸਤਕ ਵਿਚ ਨਹੀਂ ਮਿਲਣਗੀਆਂ । ਮੈਂ ਪੰਜ ਕਿਤਾਬਾਂ ਦਾ ਨਿਚੋੜ ਏਸ ਇਕੋ ਹੀ ਪੁਸਤਕ ਅੰਦਰ ਭਰ ਦਿੱਤਾ ਹੈ, ਇਕ ਗਾਗਰ ਵਿਚ ਸਾਗਰ, ਤੇ ਕੁੱਜੇ ਵਿਚ ਦਰਿਆ ਬੰਦ ਕਰ ਦਿੱਤਾ ਹੈ । ਮੈਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਦੀ ਕਿਰਪਾ ਅਤੇ ਬਜ਼ੁਗਰਾਂ ਦੇ ਆਸ਼ੀਰਵਾਦ ਨਾਲ ਮੇਰਾ ਇਹ ਨਿਮਾਣਾ ਜਿਹਾ ਯਤਨ ਭਾਰਤਵਾਸੀ ਪਤੀਆਂ ਵਾਸਤੇ ਬੇਹੱਦ ਗੁਣਕਾਰੀ ਸਿਧ ਹੋਵੇਗਾ ।
ਸਾਧ ਸੰਗਤ ਦਾ ਦਾਸ-
ਕਵੀਰਾਜ ਹਰਨਾਮ ਦਾਸ