

ਨਿਗਰਾਨੀ ਰੱਖੋ ਤੇ ਜਦ ਇਕ ਵਾਰ ਤਸੱਲੀ ਹੋ ਜਾਏ, ਤਦ ਫੇਰ ਪਤਨੀ ਦੇ ਕੀਤੇ ਕਤਰੇ ਵਿਚ ਕਿਸਮ ਦਾ ਦਖਲ ਦੇਣਾ ਯੋਗ ਨਹੀਂ ।
ਕਦੀ ਕਦੀ ਪਤਨੀ ਅਥਵਾ ਬੱਚਿਆਂ ਵਲੋਂ ਇਕ ਦੂਜੇ ਦੇ ਵਿਰੁਧ ਠੀਕ ਜਾਂ ਗ਼ਲਤ-ਜਾਂ ਕਿਸੇ ਗਲਤ ਫ਼ਿਹਮੀ ਦੇ ਆਧਾਰ ਉਪਰ ਸ਼ਿਕਾਇਤਾਂ ਵੀ ਮਰਦਾਂ ਪਾਸ ਆਇਆ ਕਰਦੀਆਂ ਹਨ। ਉਸ ਵੇਲੇ ਬੜੇ ਸ਼ਾਂਤ ਚਿਤ ਹੋ ਕੇ ਸੋਚ ਵਿਚਾਰ ਨਾਲ ਨਿਆਂ ਕਰਨਾ ਚਾਹੀਦਾ ਹੈ । ਨਾ ਤਾਂ ਇਹੋ ਹੀ ਹੋਵੇ ਕਿ ਪਤਨੀ ਦੇ ਕਹਿਣ ਸੁਣਨ ਉਪਰ ਬੱਚਿਆਂ ਨੂੰ ਲੱਕੜੀ ਖੜਕਾਉਣ ਲੱਗ ਪਓ ਅਤੇ ਨਾ ਇਹੋ ਹੀ ਹੋਵੇ ਕਿ ਬੱਚਿਆਂ ਦੇ ਆਖਣ ਉਪਰ ਪਤਨੀ ਦੀ ਝਾੜ ਝਪਾੜ ਕਰਨ ਲੱਗ ਜਾਓ । ਨਾ ਤਾਂ ਸਦਾ ਇਸਤ੍ਰੀ ਨੂੰ ਹੀ ਪੱਥਰ- ਦਿਲ ਤੇ ਪਾਪਣ ਹਤਿਆਰੀ ਸਮਝ ਲਿਆ ਕਰੋ ਅਤੇ ਨਾ ਹਮੇਸ਼ਾਂ ਬੱਚਿਆਂ ਨੂੰ ਸ਼ੈਤਾਨ ਦੇ ਚਰਖੇ । ਨਿਆਂ ਅਤੇ ਹੌਂਸਲੇ ਨਾਲ ਕੰਮ ਲੈਣਾ ਚਾਹੀਦਾ ਹੈ । ਦੋਹਾਂ ਨੂੰ ਆਪਣੀ ਆਪਣੀ ਥਾਂ ਸਮਝਾ ਬੁਝਾ ਕੇ ਇਕ ਦੂਜੇ ਨਾਲ ਪਿਆਰ ਭਰਿਆ ਸਲੂਕ ਕਰਦੇ ਰਹਿਣ ਦੀ ਸਿਖ ਮੱਤ ਦੇਂਦੇ ਰਹਿਣਾ ਚਾਹੀਦਾ ਹੈ । ਉਹ ਆਗਿਆ ਮੰਨਣ-ਇਹ ਸਦਕੇ ਜਾਵੇ ।
2.
ਪਹਿਲੀ ਪਤਨੀ ਦੀ ਕੁਖੋਂ ਸੰਤਾਨ ਨਾ ਹੋਣ ਦੇ ਕਾਰਨ ਭੀ ਕਈ ਵਾਰ ਦੂਜੀ ਸ਼ਾਦੀ ਵਾਸਤੇ ਮਜਬੂਰ ਹੋਣਾ ਪੈ ਜਾਇਆ ਕਰਦਾ ਹੈ। ਇਹੋ ਜਿਹੇ ਸਦਾ ਆਨੰਦ ਜੀਉੜਿਆਂ ਦੀ ਤਾਂ ਗੱਲ ਹੀ ਜਾਣ ਦਿਓ, ਜਿਹੜੇ ਇਹ ਕਿਹਾ ਕਰਦੇ ਹਨ ਕਿ "ਸੰਤਾਨ ਹੋ ਜਾਂਦੀ ਤਾਂ ਹੋ ਜਾਂਦੀ, ਨਹੀਂ ਹੈ ਤਾਂ ਨਾ ਸਹੀ । ਜਿਨ੍ਹਾਂ ਦੇ ਸੰਤਾਨ ਹੈਗੀ ਏ, ਉਹ ਭਲਾ ਕਿੰਨੇ ਕੁ ਸੁਖੀ ਵੱਸ ਰਹੇ ਹਨ ? ਫਲਾਣੇ ਰਾਇ ਸਾਹਿਬ ਵੱਲ ਤਾਂ ਵੇਖੋ, ਆਪਣੀ ਸੰਤਾਨ ਦੇ ਹੱਥੋਂ ਉਸ ਦਾ ਕਿਵੇਂ ਕੰਘਾ ਹੋ ਰਿਹਾ ਹੈ ? ਫਲਾਣੇ ਸਰਦਾਰ ਬਹਾਦਾਰ ਦੀ ਦਰਦ-ਕਹਾਣੀ ਤਾਂ ਜ਼ਰਾ ਨੇੜੇ ਹੋ ਕੇ ਸੁਣੋ ! ਫਲਾਨੇ ਚੌਧਰੀ ਸਾਹਿਬ ਦੀ ਮੁਰਦਾਰ ਜਿਹੀ ਸ਼ਕਲ ਬਣ ਜਾਣ ਦਾ ਕਾਰਨ ਤਾਂ ਪੁੱਛ ਦੇਖੋ ? ਫਲਾਨੇ ਸੇਠ ਸਾਹਿਬ ਦੀ ਸੁੱਕੇ ਬੇਰ ਵਰਗੀ ਬੂਥੀ ਨਿਕਲ ਆਉਣ ਦੀ ਮਰ੍ਹਮ ਤਾਂ ਪਾ ਕੇ ਵੇਖੋ । ਸੋ ਦੂਜੀ ਵਹੁਟੀ ਕੀ ਏ ਲੱਕੜੀ ਦੇ ਬੂਰ ਦਾ ਲੱਡੂ । ਖਾਵੇ ਤਾਂ ਪਛਤਾਵੇ, ਨਾ ਖਾਵੇ ਤਦ ਵੀ ਪਛਤਾਵੇ ।