ਹੀ ਹੁੰਦੇ ਹਨ । ਉਹਨਾਂ ਵਿਚ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਕਿੰਨੇ ਕੁ ਵਿਸ਼ਈ ਹੋ ਸਕਦੇ ਹਨ। ਇਸਤ੍ਰੀਆਂ ਅਤੇ ਮਰਦਾਂ ਦੀਆਂ ਚਾਰ ਕਿਸਮਾਂ ਦੀਆਂ ਕਾਮ ਜਗਾਣ ਵਾਲੀਆਂ ਅਤੇ ਬਨਾਉਟੀ ਤਸਵੀਰਾਂ, ਇਸਤ੍ਰੀਆਂ ਫਾਹੁਣ ਵਾਲੇ ਚੁਟਕਲੇ, ਯੋਗ ਢੰਗ ਤੋਂ ਉਲਟ ਆਸਣਾਂ ਦਾ ਵਰਣਨ, ਕੁਦਰਤ ਤੋਂ ਉਲਟ ਵੱਧ ਤੋਂ ਵੱਧ ਸਮਾਂ ਭੋਗ ਵਿਚ ਲਾਉਣ ਲਈ ਗੋਲੀਆਂ ਅਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਲਿਖੀਆਂ ਹੋਈਆਂ ਹੁੰਦੀਆਂ ਹਨ, ਜਿਹੜੀਆਂ ਕਿ ਲਗਪਗ ਸੌ ਵਿਚੋਂ 95 ਝੂਠੀਆਂ, ਮਨਘੜਤ ਅਤੇ ਕੁਰਾਹੇ ਪਾਉਣ ਵਾਲੀਆਂ ਹੁੰਦੀਆਂ ਹਨ ਅਤੇ ਤਬੀਅਤ ਨੂੰ ਸ਼ਹਿਵਤ ਵੱਲ ਭੜਕਾਉਂਦੀਆਂ ਹਨ। ਉਨ੍ਹਾਂ ਕਿਤਾਬਾਂ ਦੇ ਅੰਤ ਵਿਚ ਉਨ੍ਹਾਂ ਦੀਆਂ ਇਸ਼ਤਿਹਾਰੀ ਦਵਾਵਾਂ ਵੱਡੀਆਂ ਤਾਰੀਫ਼ਾਂ ਨਾਲ ਭਰਪੂਰ ਲਿਖੀਆਂ ਹੁੰਦੀਆਂ ਹਨ । ਇਹੋ ਜੇਹੀਆਂ ਪੁਸਤਕਾਂ ਲਿਖਣ ਤੋਂ ਉਹਨਾਂ ਦੀ ਮਨਸ਼ਾ ਕੇਵਲ ਇਹ ਹੁੰਦੀ ਹੈ ਕਿ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਸੰਸਾਰ ਦੇ ਸਾਰੇ ਕੰਮਾਂ- ਧੰਦਿਆਂ ਤੋਂ ਹਟਾ ਕੇ ਵਿਸ਼ੈ ਦੇ ਅਥਾਹ ਖੂਹ ਵਿਚ ਸੁਟਿਆ ਜਾਵੇ, ਅਤੇ ਫਿਰ ਜਦੋਂ ਰੋਗੀ ਹੋ ਜਾਣ ਤਾਂ ਉਹਨਾਂ ਦੀਆਂ ਉਲਟ ਪੁਲਟ ਦਵਾਈਆਂ ਵਰਤਣ । ਉਹਨਾਂ ਕੋਕ-ਸ਼ਾਸਤਰਾਂ ਦੇ ਲੇਖਕ ਉਹ ਬੰਦੇ ਹਨ, ਜਿਹੜੇ ਲੋਕਾਂ ਨੂੰ ਵਿਸ਼ੱਈ ਅਤੇ ਤਮਾਸ਼ਬੀਨ ਬਨਾਉਣਾ ਆਪਣਾ ਮੁਖ ਨਿਯਮ ਸਮਝਦੇ ਹਨ ।
ਇਹਨਾਂ ਗੱਲਾਂ ਕਰਕੇ ਉਸ ਨੌਜਵਾਨ ਨੂੰ ਮੈਂ ਕੋਈ ਪੁਸਤਕ ਨਹੀਂ ਸਾਂ ਦੱਸ ਸਕਦਾ । ਹੋ ਸਕਦਾ ਹੈ ਕਿ ਕੁਝ ਚੰਗੀਆਂ ਵੀ ਹੋਣ, ਪਰ ਅਜੇ ਤੀਕ ਮੇਰੀ ਨਜ਼ਰ ਵਿਚੋਂ ਇਹੋ ਜਿਹੀ ਨੇਕ-ਨੀਯਤੀ ਨਾਲ ਲਿਖੀ ਪੁਸਤਕ ਨਹੀਂ ਲੰਘੀ । ਸੋ ਮੈਂ ਇਹੋ ਯੋਗ ਸਮਝਿਆ ਕਿ ਉਸ ਨੂੰ ਆਪ ਹੀ ਸਮਝਾਣ ਲਈ ਸਮਾਂ ਦੇਵਾਂ । ਤੀਸਰੇ ਦਿਨ ਉਹ ਨੌਜਵਾਨ ਆਇਆ ਤਾਂ ਮੈਂ ਉਸ ਦਾ ਮਤਲਬ ਪੂਰਾ ਕਰ ਦਿੱਤਾ ਅਤੇ ਉਹ ਬੜਾ ਖੁਸ਼-ਖੁਸ਼ ਘਰ ਨੂੰ ਮੁੜ ਗਿਆ । ਮੈਨੂੰ ਤਸੱਲੀ ਹੋਈ ਕਿ ਮੇਰੀ ਫੀਸ ਲੈਣੀ ਸਫਲ ਹੋ ਗਈ ਅਤੇ ਉਸ ਨੇ ਵੀ ਜਾਣ ਲਿਆ ਕਿ ਉਸ ਦਾ ਮਸ਼ਵਰਾ ਲੈਣਾ ਨਿਸਫਲ ਨਹੀਂ ਗਿਆ ।
ਇਕ-ਦੋ ਵਰ੍ਹਿਆਂ ਪਿੱਛੋਂ ਵਿਸਾਖੀ ਦੇ ਦਿਨ ਮੈਂ ਉਸ ਨੌਜਵਾਨ ਨੂੰ ਰਾਵੀ ਦਰਿਆ ਦੇ ਕੰਢੇ 'ਤੇ ਡਿੱਠਾ, ਉਸ ਦੀ ਮੁਟਿਆਰ ਵਹੁਟੀ ਉਸ
ਦੇ ਨਾਲ ਸੀ । ਦੋਵੇਂ ਜਣੇ ਅਰੋਗਤਾ ਨਾਲ ਭਰਪੂਰ ਅਤੇ ਪ੍ਰਸੰਨਤਾ ਨਾਲ ਰਸੇ ਹੋਏ ਸਨ । ਵਹੁਟੀ ਦੀ ਚਾਲ ਮੱਠੀ ਸੀ ਅਤੇ ਉਸ ਦੀ ਸਰੀਰਕ ਦਸ਼ਾ ਤੋਂ ਮੈਂ ਜਾਣ ਗਿਆ ਕਿ ਬਾਲ ਬੱਚਾ ਹੋਣ ਵਾਲਾ ਹੈ । ਨੌਜਵਾਨ ਨੇ ਜਿਸ ਵੇਲੇ ਮੈਨੂੰ ਡਿੱਠਾ ਝਟ ਮੇਰੇ ਵੱਲ ਭੱਜ ਆਇਆ ਅਤੇ ਬੜੀ ਨਿਮਰਤਾ ਅਤੇ ਪ੍ਰੇਮ ਨਾਲ ਮੈਨੂੰ ਮਿਲਿਆ ਅਤੇ ਕਿਹਾ "ਕਵੀਰਾਜ ਜੀ ! ਬਹੁਤੀਆਂ ਗੱਲਾਂ ਕੀ, ਆਪ ਦੀਆਂ ਸਿਖਿਆਵਾਂ ਦੇ ਕਾਰਨ ਮੇਰੀ ਅਤੇ ਮੇਰੀ ਵਹੁਟੀ ਦੀ ਜ਼ਿੰਦਗੀ ਅਜੇਹੀ ਆਨੰਦਮਈ ਬਣ ਗਈ ਹੈ ਕਿ ਨਿਰਾ ਅੱਜ ਦਾ ਦਿਨ ਹੀ ਵਿਸਾਖੀ ਨਹੀਂ, ਸਗੋਂ ਸਾਡੀ ਤਾਂ ਨਿਤ ਹੀ ਵਿਸਾਖੀ ਹੈ । ਮੈਂ ਆਪ ਜੀ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹਾਂ ਅਤੇ ਲਾਭ ਪ੍ਰਾਪਤ ਕਰ ਰਿਹਾ ਹਾਂ ।" ਮੈਂ ਉਹਨਾਂ ਦੋਹਾਂ ਨੂੰ ਵਧਾਈ ਅਤੇ ਅਸੀਸ ਦੇ ਕੇ ਟੋਰਿਆ। ਉਸ ਸਾਰਾ ਦਿਨ ਮੇਰੀ ਪ੍ਰਸੰਨਤਾ ਦਾ ਪਿਆਲਾ ਉਛਲ ਉਛਲ ਪੈਂਦਾ ਰਿਹਾ । ਭਲਿਆਈ ਦੇ ਕੰਮ ਵਿਚ ਕਿੰਨੀ ਖੁਸ਼ੀ ਹੈ । ਮੇਰੀ ਆਤਮਾ ਨੇ ਕਿਹਾ, "ਬਹੁਤ ਨੇਕੀ ਕਰੋ, ਬਹੁਤ ਖੁਸ਼ੀ ਮਿਲੇਗੀ ਤੇ ਇਸ ਵਿਸ਼ੇ 'ਤੇ ਇਕ ਚੰਗੀ ਜਿਹੀ ਪੁਸਤਕ ਲਿਖ ਦੇਵੋ ਤਾਂ ਕਿ ਹਰ ਇਕ ਮਨੁੱਖ, ਚਾਹੇ ਉਹ ਪਤੀ ਬਣ ਚੁੱਕਾ ਹੈ ਜਾਂ ਬਣਨ ਵਾਲਾ ਹੈ, ਲਾਭ ਪ੍ਰਾਪਤ ਕਰੇ ਅਤੇ ਆਪਣੀ ਜ਼ਿੰਦਗੀ ਨੂੰ ਆਨੰਦ-ਮਈ ਬਣਾ ਲਵੇ ।”
ਆਪਣੀ ਆਤਮਾ ਦੀ ਉਸ ਦਿਨ ਦੀ ਆਵਾਜ਼ ਦੀ ਪੁਸ਼ਟੀ ਵਿਚ ਮੈਂ ਰਸਾਲਾ "ਮੁਹਾਫ਼ਜ਼ੇ ਜਵਾਨੀ" ਅੰਦਰ, ਵੀਰਜ (ਧਾਂਤ) ਦੀ ਰੱਖਿਆ ਦੇ ਲਾਭ, ਉਸਨੂੰ ਨਸ਼ਟ ਕਰਨ ਦੇ ਔਗੁਣ, ਵੀਰਜ ਦੀਆਂ ਬੀਮਾਰੀਆਂ ਵਿਚ ਫਸੇ ਹੋਏ ਨੌਜਵਾਨਾਂ ਲਈ ਸਿੱਖਿਆ ਅਤੇ ਸੌਖੇ ਨੁਸਖੇ ਲਿਖੇ । ਪਰ ਹੁਣ ਇਸ ਪੁਸਤਕ ਵਿਚ ਸਾਰੇ ਬੁੱਢੇ ਅਤੇ ਨੌਜਵਾਨ ਪਤੀਆਂ ਲਈ ਤੇ ਉਹਨਾਂ ਲਈ ਜਿਨ੍ਹਾਂ ਨੇ ਛੇਤੀ ਹੀ ਪਤੀ ਬਣਨਾ ਹੈ ਉਹਨਾਂ ਸਭਨਾਂ ਲਈ ਵੱਡਮੁਲੀਆਂ ਸਿਖਿਆਵਾਂ ਦਰਜ ਕਰਨਾ ਚਾਹੁੰਦਾ ਹਾਂ ਜਿਨ੍ਹਾਂ 'ਤੇ ਅਮਲ ਕਰਨ ਨਾਲ ਉਹਨਾਂ ਦੀ ਅਰੋਗਤਾ ਬਣੀ ਰਹੇ ਸਗੋਂ ਦਿਨੋਂ ਦਿਨ ਤਰੱਕੀ ਕਰਦੇ ਜਾਣ, ਉਹਨਾਂ ਨੂੰ ਵੀਰਜ ਦੀਆਂ ਬੀਮਾਰੀਆਂ ਨਾ ਸਤਾਉਣ, ਉਹ ਆਪਣੀਆਂ ਕਾਮਨਾਂ ਨੂੰ ਯੋਗ ਢੰਗ ਨਾਲ ਪੂਰਿਆਂ ਕਰਦੇ ਹੋਏ ਵਹੁਟੀ ਨੂੰ ਪ੍ਰਸੰਨ ਰਖ ਸਕਣ ਅਤੇ ਅਰੋਗ ਔਲਾਦ ਉਤਪੰਨ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਲੋਕ ਕੁਸੰਗਤ ਅਤੇ ਗੰਦੀਆਂ ਪੁਸਤਕਾਂ ਪੜ੍ਹਣ ਕਰਕੇ ਹੱਦੋਂ ਵੱਧ ਭੋਗ ਕਰਨ ਕਰਕੇ ਖਰਾਬ ਹੋ ਚੁੱਕੇ ਹਨ ਉਹਨਾਂ ਲਈ ਸਿਖਿਆਵਾਂ
ਅਤੇ ਸੌਖੇ-ਸੌਖੇ ਨੁਸਖੇ ਦੇ ਦਿੱਤੇ ਹਨ । ਮੇਰੇ ਨੁਸਖੇ ਬਿਲਕੁਲ ਠੀਕ ਅਤੇ ਪਰਤਾਏ ਹੋਏ ਹਨ । ਇਹਨਾਂ ਵਿਚ ਕੋਈ ਇਹੋ ਜਿਹੀ ਵਸਤੂ ਨਹੀਂ ਲਿਖੀ ਜਿਹੜੀ ਪੰਸਾਰੀ ਪਾਸੋਂ ਸੌਖੀ ਨਾ ਮਿਲ ਸਕੇ ਜਾਂ ਜਿਸਦਾ ਨਾਂ ਪੰਸਾਰੀ ਨੇ ਸਾਰੀ ਉਮਰ ਨਾ ਸੁਣਿਆਂ ਹੋਵੇ ਜਾਂ ਕੋਈ ਨੁਸਖਾ ਤਿਆਰ ਕਰਕੇ ਰੋਗੀ ਨੂੰ ਪਛਤਾਉਣਾ ਪਵੇ । ਨਾ ਹੀ ਏਨੇ ਲੰਮੇ ਚੌੜੇ ਨੁਸਖੇ ਲਿਖੇ ਹਨ ਅਤੇ ਨਾ ਹੀ ਉਹਨਾਂ ਦੀ ਤਿਆਰੀ ਦੀ ਜਾਚ ਏਨੀ ਔਖੀ ਲਿਖੀ ਹੈ ਕਿ ਲੋੜਵੰਦ ਲਈ ਤਿਆਰ ਕਰਨਾ ਅਸੰਭਵ ਹੋ ਜਾਏ ਅਤੇ ਉਹ ਨੁਸਖੇ ਕੇਵਲ ਪੁਸਤਕ ਦੀ ਸਜਾਵਟ ਹੀ ਰਹਿ ਜਾਣ । ਨਾ ਅਸਾਂ ਗੋਂਦ ਦੇ ਲਈ ਅਰਬੀ ਲਫ਼ਜ਼ 'ਸਮਗ਼ ਅਰਬੀ' ਤੇ ਮਿਸਰੀ ਦੇ ਲਈ 'ਨਬਾਤ' ਲਿਖ ਕੇ ਪਾਠਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਮੈਨੂੰ ਯਕੀਨ ਹੈ ਕਿ ਸਿਆਣੇ ਪੁਰਸ਼ ਇਸ ਪੁਸਤਕ ਰਾਹੀਂ ਮੇਰੀ ਵਿਦਵੱਤਾ ਅਤੇ ਤਜਰਬੇ ਤੋਂ ਲਾਭ ਪ੍ਰਾਪਤ ਕਰਕੇ ਆਪਣਾ ਜੀਵਨ ਸੰਵਾਰ ਲੈਣਗੇ ਅਤੇ ਦਾਸ ਦੀ ਸੇਵਾ ਨੂੰ ਯਾਦ ਕਰਨਗੇ ।
ਪਤੀਆਂ ਦਾ ਸ਼ੁਭ ਚਿੰਤਕ
ਕਵੀਰਾਜ ਹਰਨਾਮ ਦਾਸ
ਰਾਇ ਬਹਾਦਰ ਸਾਹਿਬ ਦਾ ਤਜਰਬਾ
"ਮੈਂ ਜਦ ਕਦੀ ਕਿਸੇ ਘਰ ਵਿਚ ਵਹੁਟੀ ਗਭਰੂ ਦੀ ਪ੍ਰਸਪਰ ਬੇ- ਸਵਾਦਗੀ ਨਚਾਕੀ ਜਾਂ ਇਕ ਦੂਜੇ ਵਲੋਂ ਮਨ ਮਿਟਾਅ ਹੋ ਜਾਣ ਦੀ ਕਨਸੋ ਸੁਣਦਾ ਹਾਂ, ਤਾਂ ਹਦੈਤ ਨਾਮਾ ਖਾਵੰਦ ਅਤੇ ਹਦੈਤ ਨਾਮਾ ਬੀਵੀ ਉਹਨਾਂ ਦੇ ਘਰ ਭੇਜ ਦੇਂਦਾ ਹਾਂ । ਫਲ ਸਦਾ ਹੀ ਮਿੱਠਾ ਨਿਕਲਦਾ ਹੈ । ਹੁਣ ਤਾਂ ਸੈਂਕੜੇ ਆਨੰਦ ਕਾਰਜਾਂ ਵਿਆਹਾਂ ਸਮੇਂ ਦੇਖਿਆ ਗਿਆ ਹੈ ਕਿ ਭਰਾ ਨੇ ਭਰਾ ਨੂੰ, ਮਿੱਤਰ ਨੇ ਮਿੱਤਰ ਨੂੰ, ਪਿਤਾ ਨੇ ਪੁੱਤਰ ਨੂੰ, ਸਹੁਰੇ ਨੇ ਜਵਾਈ ਨੂੰ ਹਦੈਤ ਨਾਮਾ ਖਾਵੰਦ ਭੇਟਾ ਕੀਤਾ ਹੈ । ਇਵੇਂ ਹੀ ਹਦੈਤ ਨਾਮਾ ਬੀਵੀ ਵੀ ਕਈ ਥਾਈਂ ਦਾਜਾਂ ਵਿਚ ਹਿੰਦੀ ਜਾਂ ਗੁਰਮੁਖੀ ਦਾ ਛਪਿਆ ਹੋਇਆ, ਪਿਆ ਵੇਖਿਆ ਹੈ । ਆਪ ਜੀ ਦੇ ਹਦੈਤ ਨਾਮੇ ਜਨਤਾ ਦੇ ਜੀਵਨ ਅਖਾੜੇ ਅੰਦਰ ਅਗਵਾਈ ਵਾਸਤੇ ਆਦਰਸ਼ਕ ਪੁਸਤਕਾਂ ਹਨ ।"
ਸਹੀ
ਰਾਇ ਬਹਾਦਰ ਕੈਪਟਨ ਰਾਮਰੱਖਾ ਮਲ ਭੰਡਾਰੀ,
ਬੈਰਿਸਟਰ,
ਜਲੰਧਰ
ਕਾਂਡ ਦੂਜਾ
ਜਵਾਨੀ ਦੀ ਦੇਖ ਭਾਲ
ਸੰਸਾਰ ਦੇ ਦੇਸ ਉਨਤੀ ਦੀਆਂ ਸਿਖਰਾਂ ਵੱਲ ਉਡਾਰੀਆਂ ਲਗਾ ਰਹੇ ਹਨ । ਆਪਣੀ ਆਉਣ ਵਾਲੀ ਸੰਤਾਨ ਨੂੰ ਤਕੜਿਆਂ ਤੇ ਬਲਵਾਨ ਬਣਾਉਣ ਦਾ ਉਹਨਾਂ ਨੂੰ ਬੇਹਦ ਫਿਕਰ ਰਹਿੰਦਾ ਹੈ । ਪਰੰਤੂ ਬਦ-ਨਸੀਬ ਭਾਰਤ ਹੈ ਕਿ ਇਸ ਅਭਾਗੇ ਦੇਸ ਦੇ ਗਭਰੂ ਅਗਿਆਨਤਾ, ਬੁਰੀਆਂ ਵਾਦੀਆਂ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ । ਉਹ ਨੌਜਵਾਨ ਜਿਨ੍ਹਾਂ ਉਪਰ ਕੌਮਾਂ ਨੂੰ ਗੌਰਵ ਹੋਇਆ ਕਰਦਾ ਹੈ, ਉਹ ਜੋ ਆਪਣੇ ਦੇਸ ਨੂੰ ਦੂਸਰੇ ਦੇਸਾਂ ਨਾਲੋਂ ਅੱਗੇ ਲੈ ਜਾਣ ਵਾਲੇ ਹੁੰਦੇ ਹਨ, ਜਿਨ੍ਹਾਂ ਦੇ ਪੁਰਸਾਰਥ ਨਾਲ ਕੌਮਾਂ ਐਸ਼ਵਰਯ ਨੂੰ ਪ੍ਰਾਪਤ ਹੋਇਆ ਕਰਦੀਆਂ ਹਨ, ਬੇ-ਮੌਤ ਮਰ ਰਹੇ ਹਨ, ਨਿਰਬਲਤਾ, ਰੋਗਾਂ ਅਤੇ ਭੁੱਖ-ਮਰੀ ਦੀ ਜਗ-ਵੇਦੀ ਉਪਰ ਆਪਣੇ ਕੀਮਤੀ ਪ੍ਰਾਣਾਂ ਦੀਆਂ ਆਹੂਤੀਆਂ ਦੇ ਰਹੇ ਹਨ । ਪਰੰਤੂ ਦੇਸ ਦੀ ਗਵਰਨਮੈਂਟ ਦੇ ਅਫਸਰ ਉਹਨਾਂ ਦੀ ਦੀਨ-ਦਸ਼ਾ ਵੱਲ ਅੱਖ ਪੁਟ ਕੇ ਨਹੀਂ ਵੇਖਦੇ। ਉਨ੍ਹਾਂ ਦੇ ਦਰਦ ਦਾ ਦਾਰੂ ਨਹੀਂ ਲਭਦੇ, ਉਨ੍ਹਾਂ ਦੀ ਅਗਵਾਈ ਤੇ ਕਲਿਆਣ ਦਾ ਕੋਈ ਯੋਗ ਪ੍ਰਬੰਧ ਨਹੀਂ ਕਰਦੇ ।
ਦੇਸ ਨੂੰ ਲੋੜ ਹੈ ਅਜਿਹੇ ਨੌਜਵਾਨਾਂ ਦੀ ਜਿਨ੍ਹਾਂ ਦਾ ਲਹੂ ਲਾਲ ਸੁਰਖ ਹੋਵੇ, ਜਿਨ੍ਹਾਂ ਦੇ ਹੱਡ-ਪੈਰ ਖੁਲ੍ਹੇ ਤੇ ਗਠੀਲੇ ਹੋਣ, ਜਿਨ੍ਹਾਂ ਦਾ ਹਾਜ਼ਮਾ ਠੀਕ ਹੋਵੇ, ਜਿਨ੍ਹਾਂ ਦੀ ਸੰਤਾਨ ਅਰੋਗ ਤੇ ਬਲਵਾਨ ਪੈਦਾ ਹੋਵੇ । ਜਿਨ੍ਹਾਂ ਦਾ ਜੀਵਨ ਸੁੱਚਾ ਤੇ ਮਰਿਆਦਾ ਅੰਦਰ ਹੋਵੇ, ਜਿਨ੍ਹਾਂ ਨੂੰ ਆਪਣੇ ਸਵਾਰਥ, ਆਪਣੀ ਇਜ਼ਤ, ਅਣਖ ਆਣ ਤੇ ਸਦਾਚਾਰ ਆਦਿ ਸਭਨਾਂ ਹੀ ਗੱਲਾਂ ਦਾ ਭਲੀ ਭਾਂਤ ਖਿਆਲ ਹੋਵੇ, ਜੋ ਆਪਣੇ ਜੀਵਨ ਨੂੰ ਕਾਮ-ਕਲੋਲਾਂ ਤੇ ਵਿਸ਼ੈ-