

ਇਹ ਗੱਲ ਸੱਚ ਨਹੀਂ ਕਿ ਪੁੱਤਰ ਤਾਂ ਸਦਾ ਹੀ ਪੈਸੇ ਦੇ ਪੁੱਤਰ ਹੁੰਦੇ ਹਨ । ਜਦ ਮਾਂ-ਪਿਓ ਬੱਚਿਆਂ ਤੋਂ ਲੁਕਾ ਲੁਕਾ ਕੇ ਧਨ ਰਖਦੇ ਹਨ ਤੇ ਉਨ੍ਹਾਂ ਦੇ ਜਵਾਨ ਤੇ ਵਿਆਹੇ ਜਾਣ ਪੁਰ, ਆਪਣੇ ਕਲੇਜੇ ਦਾ ਟੁਕੜਾ ਸਮਝਣਾ ਛੱਡ ਦੇਂਦੇ ਹਨ, ਤਦ ਹੀ ਅਵਿਸ਼ਵਾਸ, ਅਪ੍ਰੇਮ, ਅਨਾਦਰ ਆਦਿ ਕ੍ਰਿਆਵਾਂ-ਪ੍ਰਤਿਕ੍ਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
4. ਹਿੰਦੂ (ਵੈਦਿਕ) ਸ਼ਾਸਤਰ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ ਹੈ। ਕਿ 50 ਸਾਲ ਦਾ ਹੋ ਜਾਣ 'ਤੇ ਘਰ-ਬਾਰ ਲੜਕਿਆਂ ਉੱਪਰ ਛੱਡ ਕੇ ਬਜ਼ੁਰਗ ਆਦਮੀ ਨੂੰ ਵਾਨਪ੍ਰਸਥੀ ਹੋ ਜਾਣਾ ਚਾਹੀਦਾ ਹੈ ਅਰਥਾਤ ਘਰ, ਪਰਿਵਾਰ, ਵਪਾਰ ਤੋਂ ਵੱਖ ਹੋ ਜਾਣਾ ਚਾਹੀਦਾ ਹੈ । ਇਨ੍ਹਾਂ ਤਿੰਨਾਂ ਦੇ ਬਾਰੇ ਨਾ (ਮਨ ਦਾ) ਕੁੱਤਾ ਦੇਖੇ, ਤੇ ਨਾ ਭੌਂਕੇ । ਸ਼ਹਿਰ ਤੋਂ ਦੂਰ ਜਾ ਕੇ ਇਕਾਂਤ ਵਿਚ ਰਹੇ । ਉਨ੍ਹਾਂ ਦੀ 50, 55 ਸਾਲ ਦੀ ਉਮਰ ਹੋ ਜਾਣ ਉੱਤੇ ਵੱਡਾ ਪੁੱਤਰ ਆਮ ਤੌਰ 'ਤੇ ਨਵੇਂ ਪਰਿਵਾਰ ਦੀ ਸਥਾਪਨਾ ਕਰ ਲੈਂਦਾ ਹੈ ਤੇ ਘਰ ਦਾ ਭਾਰ ਸੰਭਾਲ ਲੈਂਦਾ ਹੈ । ਉਸ ਨੂੰ ਆਪਣੀ ਜਵਾਨੀ ਦੀਆਂ ਇਛਾਵਾਂ ਅਨੁਸਾਰ, ਆਜ਼ਾਦੀ ਨਾਲ, ਆਪਣੇ ਵਿਆਹ ਬਾਅਦ ਆਪਣਾ ਘਰ ਸੰਭਾਲਦਿਆਂ ਹੋਇਆਂ, ਸੰਸਾਰ ਤੇ ਗ੍ਰਿਹਸਥ ਨੂੰ ਆਪਣੇ ਤਰੀਕੇ ਨਾਲ ਵਧਾ-ਫੁਲਾ ਕੇ (ਬਸੰਤ ਵਾਂਗ) ਰਖਣ ਦਾ ਅਵਸਰ (ਮੌਕਾ) ਸਾਡੇ ਸ਼ਾਸਤਰ ਦੇਂਦੇ ਹਨ । ਜਿਹੜੇ ਬਜ਼ੁਰਗ ਆਪਣਾ ਮਾਨਸਿਕ ਯੌਵਨ ਚਾਲੂ ਰਖ ਸਕਣ, ਨੌਜਵਾਨਾਂ ਨਾਲ ਨੌਜਵਾਨਾਂ ਵਰਗੀ ਜ਼ਿੰਦਾ-ਦਿਲੀ ਤੇ ਖੁਸ਼ੀ-ਪਿਆਰ ਦਾ ਵਰਤਾਰਾ ਕਰ ਸਕਣ ਤੇ ਵੱਡਿਆਂ ਨਾਲ ਵੱਡੇ ਤੇ ਛੋਟਿਆਂ ਨਾਲ ਛੋਟੇ ਬਣ ਬੈਠਣ, ਉਹ ਤਾਂ ਭਾਵੇਂ ਨੌਜਵਾਨ ਪੁੱਤਰਾਂ ਤੇ ਨੂੰਹਾਂ ਵਿਚ ਸਮਾਅ ਸਕਦੇ ਹਨ ਤੇ ਮੁੰਡੇ ਕੁੜੀਆਂ ਵੀ ਕਹਿ ਸਕਦੇ ਹਨ ਕਿ-“ਪਿਤਾ ਜੀ ! ਸਾਡੇ ਵਿਚ ਰਹਿ ਕੇ ਸਾਨੂੰ ਸੇਵਾ ਦਾ ਮੌਕਾ ਦਿਉ ।"
ਪਰ ਜਿਹੜੇ ਪੱਕ ਕੇ- ਪੱਕ ਕੇ ਸੜ ਜਾਣ ਵਾਲੇ ਫਲ ਵਾਂਗ', ਸੜੇ ਸੁਭਾਅ ਵਾਲੇ ਹੋ ਗਏ ਹਨ, ਉਹ ਬਜ਼ੁਰਗ ਤਾਂ ਆਪਣੇ ਆਪ ਨੂੰ ਆਪ ਹੀ ਘਰ ਪੁਰ ਭਾਰ ਵਾਂਗੂੰ ਤੇ ਆਪਣੇ ਆਪ ਨੂੰ 'ਵਾਧੂ' (ਫਾਲਤੂ, ਬੇਜ਼ਰੂਰਤ ਵਸਤ) ਬਣਾ ਲੈਂਦੇ ਹਨ ।
ਆਰੀਆ ਸਮਾਜ ਨੇ ਤਾਂ ਵੱਡੀ ਉਮਰ ਦੇ ਆਦਮੀਆਂ ਤੇ ਜਨਾਨੀਆਂ ਦੇ ਲਈ ਜਵਾਲਾਪੁਰ (ਹਰਦੁਵਾਰ) ਵਿਚ ਵਾਨਪ੍ਰਸਤ ਆਸ਼ਰਮ ਬਣਾ ਦਿੱਤਾ ਹੈ ਜਿਹੜੀ ਕਿ ਇਕ ਦਰਸ਼ਨੀ ਧਾਰਮਿਕ ਥਾਂ ਹੈ । ਜਿਥੇ ਅਮੀਰ ਗ਼ਰੀਬ ਸਾਰੇ ਆਪਣੀ ਵਿਤ ਅਨੁਸਾਰ ਆਪਣੇ ਖਰਚ ਪੁਰ ਰਹਿ ਸਕਦੇ ਹਨ ।