

ਛੇਵਾਂ ਕਾਂਡ
ਪੰਜ ਸੁਨਹਿਰੀ ਅਸੂਲ
ਘੜੀ ਸੰਬੰਧੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ-
(1) ਉਸਦੀ ਚਾਬੀ ਨੂੰ ਠੀਕ ਸਮੇਂ ਸਿਰ ਘੁਮਾਇਆ ਜਾਵੇ ।
(2) ਕਿਸੇ ਬਗਾਨੇ ਦੇ ਹੱਥ ਨਾ ਦਿੱਤੀ ਜਾਵੇ ।
(3) ਅਯੋਗ ਛੇੜ ਛਾੜ ਨਾ ਕੀਤੀ ਜਾਵੇ ।
(4) ਚੈਨ, ਲੈਸ ਸਟ੍ਰੈਪ ਜਾਂ ਫੀਤਾ ਲਾ ਕੇ ਰਖਣੀ ਚਾਹੀਦੀ ਹੈ ।
(5) ਬਹੁਤੀ ਤੇਜ ਨਾ ਹੋਣ ਦਿੱਤੀ ਜਾਵੇ ਅਤੇ ਬਹੁਤੀ ਮੱਠੀ ਵੀ ਨਾ ਹੋਣ ਦਿੱਤੀ ਜਾਵੇ ।
ਹੁ-ਬ-ਹੂ ਘੜੀ ਵਾਂਗ ਇਕ ਵਹੁਟੀ ਲਈ ਵੀ ਇਹੋ ਪੰਜ ਗੱਲਾਂ ਅਤਿਅੰਤ ਜ਼ਰੂਰੀ ਹਨ । ਇਕ ਇਕ ਨੂੰ ਵੇਰਵੇ ਸਹਿਤ ਹੇਠਾਂ ਲਿਖਦੇ ਹਾਂ :-
ਪਹਿਲਾ ਸੁਨਹਿਰੀ ਅਸੂਲ-
ਕਈਆਂ ਘੜੀਆਂ ਦੀ 24 ਘੰਟਿਆਂ ਪਿੱਛੋਂ, ਚਾਬੀ ਘੁਮਾਈ ਜਾਂਦੀ ਹੈ, ਕਈਆਂ ਨੂੰ ਦੋ ਸਾਤਿਆ ਪਿੱਛੋਂ ਅਤੇ ਕਈਆਂ ਨੂੰ ਮਹੀਨੇ ਪਿੱਛੋਂ । ਉਹਨਾਂ ਦੇ ਠੀਕ ਚਲਣ ਲਈ ਜ਼ਰੂਰੀ ਹੈ ਕਿ ਸਦਾ ਠੀਕ ਸਮੇਂ ਸਿਰ ਚਾਬੀ ਦਿੱਤੀ ਜਾਵੇ । ਜਿਹੜੇ ਲੋਕ ਜਦੋਂ ਜੀ ਕੀਤਾ ਵੇਲੇ ਕੁਵੇਲੇ ਚਾਬੀ ਦੇ ਦਿੱਤੀ, ਇਸ ਤਰ੍ਹਾਂ ਦੀ ਜੋ ਬੇਹੁਦਰੀ ਕਾਰਵਾਈ ਕਰਦੇ ਹਨ, ਉਹ ਬੜੀ ਛੇਤੀ ਘੜੀ ਵਿਗਾੜ ਬਹਿੰਦੇ ਹਨ ਅਤੇ ਆਪਣੇ ਰੁਪਏ ਗੁਆ ਲੈਂਦੇ ਹਨ ।