

ਸ਼ੱਕ ਨਹੀਂ ਕਿ ਅਸੀਂ ਉਹਨਾਂ ਨੂੰ ਗਹਿਣਿਆਂ ਨਾਲ ਲੱਦ ਦੇਂਦੇ ਹਾਂ ਅਤੇ ਕਈ ਹੋਰਨਾਂ ਢੰਗਾਂ ਨਾਲ ਉਹਨਾਂ ਨੂੰ ਖੁਸ਼ ਕਰਦੇ ਹਾਂ, ਏਥੋਂ ਤੀਕਰ ਕਿ ਜਦੋਂ ਉਹ ਬਿਲਕੁਲ ਬੇ-ਇਲਮ ਹੋਣ, ਆਪਣੀਆਂ ਲੜਕੀਆਂ ਲਈ ਗਭਰੂਆਂ ਦੇ ਲੱਭਣ ਦਾ ਮਾਮਲਾ ਅਸੀਂ ਉਹਨਾਂ ਸਪੁਰਦ ਕਰ ਦੇਂਦੇ ਹਾਂ । ਉਹਨਾਂ ਨੂੰ ਦੁਨੀਆਂ ਤੋਂ ਅਣਜਾਣ ਰਖਣਾ ਅਤੇ ਇਸ ਦੇ ਨਾਲ ਹੀ ਜ਼ਰੂਰੀ ਮਾਮਲਿਆਂ ਦਾ ਫੈਸਲਾ ਉਹਨਾਂ ਦੇ ਸਪੁਰਦ ਕਰਨਾ ਸਿਆਣਪ ਨਹੀਂ ।"
23. ਕੁੱਤੇ ਪਾਲਣ ਦਾ ਕਦੇ ਸ਼ੌਕ ਪੈਦਾ ਨਾ ਕਰੋ । ਜੇ ਹੋ ਸਕੇ ਤਾਂ ਗਊ ਰਖੋ ਅਤੇ ਖਾਲਿਸ ਦੁੱਧ, ਘਿਓ, ਦਹੀਂ, ਲੱਸੀ, ਖੀਰ, ਮੱਖਣ, ਮਲਾਈ ਦਾ ਆਨੰਦ ਪ੍ਰਾਪਤ ਕਰੋ। ਲੋੜ ਅਨੁਸਾਰ ਰਾਖੀ ਕਰਨ ਵਾਲਾ ਕੁੱਤਾ ਘਰ ਵਿਚ ਰੱਖ ਲੈਣ ਦਾ ਕੋਈ ਹਰਜ ਨਹੀਂ ।
24. ਜੇ ਆਪ ਦੀ ਇਸਤ੍ਰੀ ਸੁੰਦਰਤਾ ਵਿਚ ਸੰਸਾਰ ਭਰ ਦੀਆਂ ਇਸਤ੍ਰੀਆਂ ਨੂੰ ਮਾਤ ਨਹੀਂ ਕਰਦੀ ਤਾਂ ਸੰਸਾ ਨਾ ਕਰੋ, "ਚਾਰ ਦਿਨ ਦੀ ਚਾਂਦਨੀ ਅਤੇ ਮੁੜ ਅੰਧੇਰੀ ਰਾਤ" ਵਰਗੀ ਹੈ। ਸ਼ਰਾਫਤ ਦੀ ਕਦਰ ਕਰੋ । ਜੇਕਰ ਉਹ ਤੁਹਾਡੇ ਨਾਲ ਪਿਆਰ ਕਰਦੀ ਹੈ ਅਤੇ ਤੁਹਾਨੂੰ ਪ੍ਰਸੰਨ ਕਰਨ ਤੇ ਘਰ ਸੰਭਾਲਣ ਵਿਚ ਕੋਈ ਕਸਰ ਨਹੀਂ ਛੱਡਦੀ ਤਾਂ ਇਸ ਤੋਂ ਵੱਧ ਕੇ ਹੋਰ ਕੀ ਲੋੜਦੇ ਹੋ ।
25. ਵਹੁਟੀ ਦੀਆਂ ਨਿੱਕੀਆਂ-ਨਿੱਕੀਆਂ ਭੁੱਲਾਂ 'ਤੇ ਰਿੰਜ ਨਾ ਹੋਵੋ । ਕੀ ਤੁਹਾਡੇ ਪਾਸੋਂ ਕਦੀ ਕੋਈ ਭੁੱਲ ਨਹੀਂ ਹੁੰਦੀ ?
26. ਹਰ ਵੇਲੇ ਮੱਥੇ ਉਤੇ ਤਿਊੜੀ ਨਾ ਪਾਈ ਰਖੋ, ਨਹੀਂ ਤਾਂ ਵਹੁਟੀ ਇਹੋ ਸੋਚਦੀ ਰਹੇਗੀ ਕਿ ਮੇਰੇ ਨਾਲ ਰਿੰਜ ਰਹਿੰਦੇ ਹਨ । ਇਸ ਤਰ੍ਹਾਂ ਘਰ ਦਾ ਸਵਾਦ ਮਾਰਿਆ ਜਾਂਦਾ ਹੈ । ਜੇ ਵਹੁਟੀ ਦੀ ਕੋਈ ਗੱਲ ਤੁਹਾਡੇ ਮਾਫਕ ਨਹੀਂ ਤਾਂ ਉਸ ਨੂੰ ਸਮਝਾਓ ਕਿ ਤੁਸੀਂ ਕੀਕਰ ਖੁਸ਼ ਹੁੰਦੇ ਹੋ ਜਾਂ ਉਸ ਤੋਂ ਕੀ ਆਸ ਰਖਦੇ ਹੋ ।
27. ਵਹੁਟੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝੋ, ਉਸ ਦੇ ਵਲਵਲੇ, ਸ਼ੌਕ, ਸੁਭਾਅ ਤੇ ਵਾਦੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ । ਜਿਹੜੀਆਂ ਗੱਲਾਂ ਚੰਗੀਆਂ ਹਨ ਉਹ ਆਪਣੇ ਅੰਦਰ ਪੈਦਾ ਕਰੋ । ਜਿਹੜੀਆਂ ਉਸ ਵਿਚ ਭੈੜੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਕੋਈ ਪਿਆਰੀ ਜਿਹੀ ਕਾਢ ਕਢੋ । ਨਿਤ ਨਿਤ ਦੀ ਟੋਕ ਨਾਲ ਔਗੁਣ ਨਹੀਂ ਜਾ ਸਕਦੇ ।