

ਪਤਨੀ ਹਜ਼ਾਰਾਂ-ਗੁਣਾਂ ਪਿਆਰ ਦੇ ਪ੍ਰਤੀਕਾਂ ਨਾਲ, ਤੁਹਾਡਾ ਅਜਿਹਾ ਮਾਣ 'ਤੇ ਸਤਿਕਾਰ ਕਰੇਗੀ ਕਿ ਤੁਸੀਂ ਖੁਸ਼ੀ ਦੇ ਮਾਰੇ ਜ਼ਮੀਨ 'ਤੇ ਪੈਰ ਹੀ ਨਾ ਰਖੋਗੇ । ਤੁਹਾਡਾ 'ਕ੍ਰਿਤਾਰਥਤਾ ਨੂੰ ਪ੍ਰਾਪਤ ਹੋਇਆ ਦਿਮਾਗ' ਸੱਤਵੇਂ ਆਕਾਸ਼ 'ਤੇ ਪਹੁੰਚਿਆ ਹੋਵੇਗਾ। ਇਸ ਅਲੌਕਿਕ ਆਨੰਦ ਦੇ ਪੁੰਨ ਪ੍ਰਤਾਪ ਨਾਲ ਤੁਸੀਂ ਆਪਣੇ ਰੋਜ਼ਗਾਰ ਦੇ ਧੰਦੇ ਵਿਚ, ਆਪਣੀ ਬੁਧੀ ਨੂੰ ਸੂਖਸ਼ਮ ਸੁਜਾਣ, ਆਪਣੇ ਪੁਰਸ਼ਾਰਥ ਵਿਚ ਓੜਕਾਂ ਦਾ ਵਾਧਾ, ਆਪਣੇ ਪੂਜਾ ਪਾਠ ਨੂੰ ਭਗਤੀ ਪ੍ਰੇਮ ਰਸ ਵਿਚ ਰੱਤਾ ਹੋਇਆ ਅਤੇ ਸਦਾ ਹੀ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰੋਗੇ ।
43. ਵੱਡੀ ਉਮਰ ਹੋ ਜਾਣ 'ਤੇ, ਮੂੰਹ ਉੱਪਰ ਝੁਰੜੀਆਂ ਆ ਜਾਣ 'ਤੇ, ਕੁਝ ਵਾਲ ਚਿੱਟੇ ਹੋ ਜਾਣ 'ਤੇ, ਕੋਈ ਦੰਦ ਡਿਗ ਜਾਣ 'ਤੇ ਪਤਨੀ ਸੋਚਣ ਲੱਗ ਜਾਂਦੀ ਹੈ ਕਿ "ਮੇਰੀ ਖੂਬਸੂਰਤੀ ਨਸ਼ਟ ਹੁੰਦੀ ਜਾ ਰਹੀ ਹੈ । ਹੁਣ ਮੈਂ ਕੀ ਪਤੀ ਨੂੰ ਪਿਆਰੀ ਲੱਗਦੀ ਹੋਵਾਂਗੀ ?" ਅਜਿਹੇ ਭਾਵਾਂ ਨੂੰ ਉਹੀ ਪਤਨੀਆਂ ਧਾਰਣ ਕਰਦੀਆਂ ਹਨ ਜਿਨ੍ਹਾਂ ਨੂੰ ਪਤੀ ਆਪਣੇ ਪਿਆਰ ਦੀ, ਪ੍ਰਸੰਸਾ ਦੀ, ਸਾਰੇ ਘਰ ਸੰਭਾਲਣ ਲਈ ਧੰਨਵਾਦ ਦੀ, ਸ਼ੁਕਰ-ਗੁਜ਼ਾਰੀ ਦੀਆਂ ਅੰਤਰੀਕ ਭਾਵਨਾਵਾਂ ਮੂੰਹੋਂ ਪ੍ਰਗਟ ਨਹੀਂ ਕਰਦੇ ਰਹਿੰਦੇ । ਉਸ ਦੀ ਢਲਦੀ ਜਵਾਨੀ ਵਿਚ ਸੁਹੱਪਣ ਦੇ ਵੱਧਦੇ ਜਾਣ ਦੀ ਹਰ ਪੰਜਵੇਂ ਦਸਵੇਂ ਦਿਨ ਪਿੱਛੋਂ, ਢੰਗ ਨਾਲ ਥੋੜ੍ਹੀ ਜਿਹੀ ਚਰਚਾ ਕਰ ਦੇਣੀ ਚਾਹੀਦੀ ਹੈ ਜਿਵੇਂ-
"ਗੋਰੀ ਤੇਰੇ ਨੈਨ ਕਜਲ ਬਿਨ ਕਾਲੇ ।"
ਵਿਆਹੁਤਾ ਜੀਵਨ ਵਿਚ ਮਿਠਾਸ ਦੀ ਪ੍ਰਾਪਤੀ ਕਰਨ ਦੀ ਇੱਛਾ ਤਾਂ ਰਖੇ ਰਖਣੀ, ਪਰ ਮੂੰਹੋਂ ਮਿੱਠੀ ਗੱਲ ਆਖਣ ਦੇ ਅਵਸਰਾਂ ਤੋਂ ਖੁੰਝ ਜਾਣਾ ਬਦਕਿਸਮਤੀ ਦੀ ਨਿਸ਼ਾਨੀ ਹੈ । ਤੁਹਾਡੀ ਪਤਨੀ ਸਦਾ ਆਪਣੇ ਆਪ ਨੂੰ 'ਆਪ ਜੀ ਦੇ ਹਿਰਦੇ ਦੀ ਠੰਡਕ ਸਮਝਦੀ ਰਹੇ, ਇਸੇ ਭਾਵ ਦਾ ਮੁੱਲ ਚੁਕਾਉਣ ਲਈ ਪਤੀ ਨੂੰ ਸਦਾ ਜਤਨ ਕਰਨਾ ਚਾਹੀਦਾ ਹੈ ।
44. ਕਿਸੇ ਭੁੱਲ ਚੁਕ ਉਪਰ ਟੋਕ-ਬਾਜ਼ੀ ਕਰਦੇ ਰਹਿਣਾ ਵਿਆਹੁਤਾ ਜੀਵਨ ਦਾ ਚੰਨ-ਗ੍ਰਹਿਣ ਹੈ । ਸ਼ੇਖ ਸ਼ਾਦੀ ਈਰਾਨ ਦੇ ਪ੍ਰਸਿੱਧ ਕਵੀ ਅਤੇ ਵਿਚਾਰਵਾਨ ਹੋਏ ਹਨ। ਉਨ੍ਹਾਂ ਲਿਖਿਆ ਹੈ :-
"ਦਰੀਂ ਬੁਰਤਾਨੇ ਦੁਨੀਆਂ ਖਾਰਹਾ ਬਿਸੀਆਰ ਅੰਦ ।
ਤੁਰਾ ਚਿਹ ? ਤੇ ਗੁਲਦਸਤਾ ਬਿਬੰਦ ।”