

7
ਦਮੋਦਰ ਦੀ ਕਥਾ ਦਾ ਆਲੋਚਨਾਤਮਕ ਅਧਿਐਨ
ਕਥਾ ਦੇ ਪੱਖੋਂ ਦਮੋਦਰ ਦੀ ਰਚੀ ਗਈ ਕਹਾਣੀ ਵਿਚ ਬੇਹੱਦ ਉਣਤਾਈਆਂ ਹਨ। ਨਾਇਕ ਤੇ ਨਾਇਕਾ ਦੀ ਖੂਬਸੂਰਤੀ ਦਾ ਵਰਣਨ ਕਿੱਸਾ-ਕਾਵਿ ਦੀ ਵਿਸ਼ੇਸ਼ਤਾ ਹੈ ਪਰ ਉਸ ਖੂਬਸੂਰਤੀ ਨੂੰ ਅੱਤਕਥਨੀ ਦੀ ਹੱਦ ਤਕ ਬਿਆਨ ਕਰਨਾ ਕਲਾਤਮਕ ਕਮਜ਼ੋਰੀ ਹੈ।
ਦਮੋਦਰ ਨੇ ਇਸ ਕਿੱਸੇ ਵਿਚ ਰਾਂਝੇ ਦੀ ਖੂਬਸੂਰਤੀ ਉਪਰ ਜ਼ਰੂਰਤ ਤੋਂ ਵੱਧ ਜ਼ੋਰ ਦਿੱਤਾ ਹੈ । ਜਦੋਂ ਰਾਂਝਾ ਬਚਪਨ ਵਿਚ ਹੀ ਸੀ ਤਾਂ ਉਸ ਦੀ ਖੂਬਸੂਰਤੀ ਉਸ ਦੀ ਦੁਸ਼ਮਣ ਬਣ ਗਈ ।
ਛੇਆਂ ਵਰ੍ਹਿਆਂ ਦਾ ਧੀਦੋ ਹੋਆ, ਤਾਂ ਸਭ ਵੇਖਣ ਆਵੇ ।
ਸੂਰਤ ਸ਼ਕਲ ਵਾਹੁ ਤੁਸਾਡੀ ਤੋਰਿਆਂ ਬਖ਼ਤਾਂ ਨਾਲ ਨਾ ਦਾਵੇ।
ਜੋ ਵੱਖੋ ਵਸ ਥੀਵੇ ਸੋਈ, ਫਾਥਾ ਟੁਰਨ ਨਾ ਪਾਵੇ।
ਆਖ ਦਮੋਦਰ ਤੇਜ ਰਾਂਝੇ ਦਾ ਭਰਾਵਾਂ ਮੂਲ ਨਾ ਭਾਵੇ ।
ਰਾਂਝੇ ਉਪਰ ਕੇਵਲ ਆਦਮੀ ਹੀ ਮਸਤ ਨਹੀਂ ਹੁੰਦੇ ਸਨ, ਜਾਨਵਰ ਵੀ ਉਸ ਦਾ ਰੂਪ ਵੇਖ ਕੇ ਮਸਤ ਹੋ ਜਾਂਦੇ ਸਨ । ਵੱਡੇ ਵੱਡੇ ਜ਼ਿੰਮੀਦਾਰ ਉਸ ਨੂੰ ਵੇਖਣ ਆਉਂਦੇ ਸਨ ।
ਜੇ ਚੜੇ ਧੀਦੋ ਘੋੜੇ ਉੱਤੇ, ਬਾਹਰ ਪੰਖੀ ਨਾ ਠਹਿਰਾਇਨ ।
ਮਿਹਰ, ਪਰਿੰਦੇ, ਮੰਨੀ, ਸਹੀਅੜਿ, ਪੈਰ ਨਾ ਮੂਲੇ ਚਾਇਨ ।
ਨਰ ਨਾਰੀ ਜੇ ਕੋਈ ਵੇਖੋ, ਪਲ ਨਾ ਪਲਕਾਂ ਲਾਇਨ ।
ਆਖ ਦਮੋਦਰ ਰਾਠ ਜ਼ਿਮੀਂ ਦੇ ਧੀਦੋ ਨੂੰ ਵੇਖਣ ਆਇਨ ।
ਕਮਾਲ ਇਹ ਹੈ ਕਿ ਰਾਂਝੇ ਦੇ ਸਾਰੇ ਭਰ ਉਸ ਦੀ ਜਾਨ ਦੇ ਦੁਸ਼ਮਣ ਹਨ ਪਰ ਉਸ ਦੀਆਂ ਭਰਜਾਈਆਂ ਉਸ ਤੋਂ ਛਿਦਾ ਹਨ । ਉਸ ਨੂੰ ਵੇਖੇ ਬਗੈਰ ਟੁੱਕ ਨਹੀਂ ਖਾਂਦੀਆਂ । ਉਨ੍ਹਾਂ ਨੂੰ ਉਸ ਦੇ ਮੱਗਵੇ ਦਾ ਵੀ ਦੁੱਖ ਹੈ ।
ਸਭ ਭਰਜਾਈਆਂ ਆਸ਼ਕ ਤਿਸ ਤੋਂ, ਬਿਨ ਵੇਖੋ ਖਾਵਣ ਨਾਹੀਂ।
ਜਿਉਂ ਜਿਉਂ ਚੀਕੂ ਮਲਨ ਰੰਝੇਟੇ, ਤਿਉਂ ਤਿਉਂ ਕੱਢਣ ਆਹੀਂ ।
ਰਾਂਝਾ ਘਰ ਛੱਡ ਕੇ ਚਲਾ ਜਾਂਦਾ ਹੈ ਤਾਂ ਇਕ ਪਿੰਡ ਦੀ ਝੀਊਰੀ ਕੁੜੀ ਉਸ ਦਾ ਰੂਪ ਵੇਖ ਕੇ ਉਸ ਤੇ ਲੱਟੂ ਹੋ ਜਾਂਦੀ ਹੈ। ਮਾਂ ਨੂੰ ਸਾਫ ਸਾਫ ਕਹਿ ਦਿੰਦੀ ਹੈ ਕਿ ਮੈਂ ਤਾਂ ਉਸ ਮੁਸਾਫਿਰ ਨਾਲ ਹੀ ਵਿਆਹ ਕਰਵਾਉਣਾ ਹੈ। ਮਾਂ ਰਾਂਝੇ ਨੂੰ ਵੇਖਣ ਜਾਂਦੀ ਹੈ ਤਾਂ ਉਹ ਆਪ ਆਸ਼ਕ ਹੋ ਜਾਂਦੀ ਹੈ :
ਹੈਂ ਜੇ ਦੁੱਖ ਵਡੇਰਾ ਹੋਵੇ, ਤਾਂ ਮੈਂ ਆਪ ਨਿਕਾਹ ਬੰਨ੍ਹਾਈਂ ।